ਕੇਜਰੀਵਾਲ ਸਰਕਾਰ ਨੇ ਨੌਜਵਾਨਾਂ ਲਈ ਨਵੇਂ ਮੌਕੇ ਪੈਦਾ ਕੀਤੇ: ਆਤਿਸ਼ੀ
ਪੱਤਰ ਪ੍ਰੇਰਕ
ਨਵੀਂ ਦਿੱਲੀ, 10 ਜੂਨ
ਕੇਜਰੀਵਾਲ ਸਰਕਾਰ ਦੇ ਡਾ. ਬੀਆਰ ਅੰਬੇਡਕਰ ਸਕੂਲ ਆਫ ਸਪੈਸ਼ਲਾਈਜ਼ਡ ਐਕਸੀਲੈਂਸ, ਪਰਫਾਰਮਿੰਗ ਐਂਡ ਵਿਜ਼ੂਅਲ ਆਰਟਸ (ਪੀਵੀਏ) ਨੇ ਨੌਜਵਾਨ ਕਲਾਕਾਰਾਂ ਦੇ ਹੁਨਰ ਨੂੰ ਪ੍ਰਦਰਸ਼ਿਤ ਕਰਨ ਲਈ ਬੀਕਾਨੇਰ ਹਾਊਸ ਵਿੱਚ ‘ਲਹਿਰ’ ਨਾਮਕ ਇੱਕ ਕਲਾ ਪ੍ਰਦਰਸ਼ਨੀ ਲਗਾਈ। 10ਵੀਂ ਅਤੇ 11ਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਤਿਆਰ ਕੀਤੀ ਗਈ ਇਸ ਪ੍ਰਦਰਸ਼ਨੀ ਦਾ ਉਦੇਸ਼ ਸਕੂਲਾਂ ਵਿੱਚ ਪੜ੍ਹ ਰਹੇ ਨੌਜਵਾਨ ਕਲਾਕਾਰਾਂ ਨੂੰ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਲਈ ਇੱਕ ਪਲੇਟਫਾਰਮ ਦੇਣਾ ਹੈ। ਸਿੱਖਿਆ ਮੰਤਰੀ ਆਤਿਸ਼ੀ ਨੇ ਕਲਾ ਪ੍ਰਦਰਸ਼ਨੀ ‘ਲਹਿਰ’ ਵਿੱਚ ਭਾਗ ਲੈ ਕੇ ਨੌਜਵਾਨ ਕਲਾਕਾਰਾਂ ਦੀ ਤਾਰੀਫ ਕੀਤੀ ਤੇ ਕਿਹਾ ਕਿ ਇਹ ਸਾਡੇ ਵਿਦਿਆਰਥੀਆਂ ਦੀ ਰਚਨਾਤਮਕਤਾ ਅਤੇ ਜਨੂੰਨ ਦਾ ਪ੍ਰਦਰਸ਼ਨ ਹੈ। ਉਨ੍ਹਾਂ ਕਿਹਾ ਕਿ ਪ੍ਰਦਰਸ਼ਨੀ ਇਸ ਗੱਲ ਦਾ ਸਬੂਤ ਹੈ ਕਿ ਸਾਡੇ ਸਕੂਲਾਂ ਦੇ ਵਿਦਿਆਰਥੀ ਨਾ ਸਿਰਫ ਅਜੋਕੇ ਭਖਦੇ ਮਸਲਿਆਂ ਨੂੰ ਸਮਝਦੇ ਹਨ, ਸਗੋਂ ਉਨ੍ਹਾਂ ਨੂੰ ਆਪਣੀ ਕਲਾ ਰਾਹੀਂ ਜ਼ਿੰਦਾ ਵੀ ਦਰਸਾਉਂਦੇ ਹਨ।
ਕੇਜਰੀਵਾਲ ਸਰਕਾਰ ਨੇ ਇਸ ਕਦਮ ਰਾਹੀਂ ਕਲਾ ਵਿੱਚ ਦਿਲਚਸਪੀ ਰੱਖਣ ਵਾਲੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਕਲਾਤਮਕ ਯੋਗਤਾਵਾਂ ਦੀ ਪੜਚੋਲ ਕਰਨ ਅਤੇ ਇਸ ਰਾਹੀਂ ਆਪਣੇ ਵਿਚਾਰਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਨ ਵਿੱਚ ਮਦਦ ਕੀਤੀ ਹੈ।
ਕੇਜਰੀਵਾਲ ਸਰਕਾਰ ਨੇ ਰਵਾਇਤੀ ਢਾਂਚੇ ਨੂੰ ਤੋੜ ਕੇ ਪਰਫਾਰਮਿੰਗ ਅਤੇ ਵਿਜ਼ੂਅਲ ਆਰਟਸ ਨੂੰ ਪਾਠਕ੍ਰਮ ਵਜੋਂ ਮਾਨਤਾ ਦਿੱਤੀ ਤੇ ਨੌਜਵਾਨ ਕਲਾਕਾਰਾਂ ਲਈ ਨਵੇਂ ਮੌਕੇ ਪੈਦਾ ਕੀਤੇ।