For the best experience, open
https://m.punjabitribuneonline.com
on your mobile browser.
Advertisement

ਕੇਜਰੀਵਾਲ ਨੂੰ ਚੋਣ ਪ੍ਰਚਾਰ ਲਈ ਮਿਲੀ ਅੰਤਰਿਮ ਜ਼ਮਾਨਤ

07:39 AM May 11, 2024 IST
ਕੇਜਰੀਵਾਲ ਨੂੰ ਚੋਣ ਪ੍ਰਚਾਰ ਲਈ ਮਿਲੀ ਅੰਤਰਿਮ ਜ਼ਮਾਨਤ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤਿਹਾੜ ਜੇਲ੍ਹ ਦੇ ਬਾਹਰ ਸਮਰਥਕਾਂ ਨੂੰ ਸੰਬੋਧਨ ਕਰਦੇ ਹੋਏ। -ਫੋਟੋ: ਪੰਜਾਬੀ ਟ੍ਰਿਬਿਊਨ
Advertisement

ਨਵੀਂ ਦਿੱਲੀ, 10 ਮਈ
ਸੁਪਰੀਮ ਕੋਰਟ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਅੱਜ ਵੱਡੀ ਰਾਹਤ ਦਿੰਦੇ ਹੋਏ ਮੌਜੂਦਾ ਲੋਕ ਸਭਾ ਚੋਣਾਂ ਵਿਚ ਪ੍ਰਚਾਰ ਲਈ ਸ਼ਰਤਾਂ ਤਹਿਤ ਪਹਿਲੀ ਜੂਨ ਤੱਕ ਅੰਤਰਿਮ ਜ਼ਮਾਨਤ ਦੇ ਦਿੱਤੀ ਹੈ। ਕੇਜਰੀਵਾਲ ਨੂੰ ਇਹ ਰਾਹਤ ਅਜਿਹੇ ਮੌਕੇ ਮਿਲੀ ਹੈ ਜਦੋਂ ਚੋਣ ਪ੍ਰਕਿਰਿਆ ਆਪਣੇ ਸਿਖਰ ’ਤੇ ਹੈ ਤੇ ਲੋਕ ਸਭਾ ਚੋਣਾਂ ਦੇ ਚੌਥੇ ਗੇੜ ਲਈ 13 ਮਈ ਨੂੰ ਵੋਟਾਂ ਪੈਣੀਆਂ ਹਨ। ਜਸਟਿਸ ਸੰਜੀਵ ਖੰਨਾ ਤੇ ਜਸਟਿਸ ਦੀਪਾਂਕਰ ਦੱਤਾ ਦੇ ਬੈਂਚ ਨੇ ਕਿਹਾ ਕਿ ਕਥਿਤ ਆਬਕਾਰੀ ਨੀਤੀ ਘੁਟਾਲੇ ਨਾਲ ਜੁੜੇ ਮਨੀ ਲਾਂਡਰਿੰਗ ਕੇਸ ਵਿਚ ਗ੍ਰਿਫ਼ਤਾਰ ਕੇਜਰੀਵਾਲ ਨੂੰ ਆਤਮ-ਸਮਰਪਣ ਕਰਕੇ 2 ਜੂਨ ਤੱਕ ਵਾਪਸ ਜੇਲ੍ਹ ਜਾਣਾ ਪਏਗਾ। ਬੈਂਚ ਨੇ ਕੇਜਰੀਵਾਲ ਨੂੰ 5 ਜੂਨ ਤੱਕ ਅੰਤਰਿਮ ਜ਼ਮਾਨਤ ਦੇਣ ਦੀ ਮੰਗ ਕਰਦੀ ਸੀਨੀਅਰ ਵਕੀਲ ਅਭਿਸ਼ੇਕ ਸਿੰਘਵੀ ਦੀ ਅਪੀਲ ਖਾਰਜ ਕਰ ਦਿੱਤੀ। ਪਹਿਲੀ ਜੂਨ ਨੂੰ ਸੱਤਵੇਂ ਤੇ ਆਖਰੀ ਗੇੜ ਲਈ ਵੋਟਾਂ ਪੈਣੀਆਂ ਹਨ ਜਦੋਂਕਿ ਵੋਟਾਂ ਦੀ ਗਿਣਤੀ 4 ਜੂਨ ਨੂੰ ਹੋਣੀ ਹੈ। ਉਂਜ ਸਰਬਉੱਚ ਅਦਾਲਤ ਨੇ ਸਾਫ਼ ਕਰ ਦਿੱਤਾ ਕਿ ਅੰਤਰਿਮ ਜ਼ਮਾਨਤ ਦੇ ਅਰਸੇ ਦੌਰਾਨ ਕੇਜਰੀਵਾਲ ਦੇ ਆਪਣੇ ਦਫ਼ਤਰ ਜਾਂ ਦਿੱਲੀ ਸਕੱਤਰੇਤ ਜਾਣ ਅਤੇ ਸਰਕਾਰੀ ਫਾਈਲਾਂ ’ਤੇ ਸਹੀ ਪਾਉਣ ਦੀ ਪਾਬੰਦੀ ਰਹੇਗੀ। ਸੁਪਰੀਮ ਕੋਰਟ ਨੇ ਕੇਜਰੀਵਾਲ ਨੂੰ 50 ਹਜ਼ਾਰ ਰੁਪਏ ਦਾ ਮੁਚੱਲਕਾ ਤੇ ਇੰਨੀ ਹੀ ਰਾਸ਼ੀ ਦੀ ਇਕ ਜ਼ਾਮਨੀ (ਜੇਲ੍ਹ ਸੁਪਰਡੈਂਟ ਦੀ ਤਸੱਲੀ ਮੁਤਾਬਕ) ਭਰਨ ਦੀ ਵੀ ਹਦਾਇਤ ਕੀਤੀ ਹੈ। ਬੈਂਚ ਨੇ ਕਿਹਾ ਕਿ ਗ੍ਰਿਫ਼ਤਾਰੀ ਖਿਲਾਫ਼ ਕੇਜਰੀਵਾਲ ਦੀ ਪਟੀਸ਼ਨ ’ਤੇ ਸੁਣਵਾਈ ਅਗਲੇ ਹਫ਼ਤੇ ਵੀ ਜਾਰੀ ਰਹੇਗੀ ਤੇ 20 ਮਈ ਤੋਂ ਸ਼ੁਰੂ ਹੋ ਰਹੀਆਂ ਗਰਮੀ ਦੀਆਂ ਛੁੱਟੀਆਂ ਤੋਂ ਪਹਿਲਾਂ ਇਸ ਬਾਰੇ ਫੈਸਲਾ ਸੁਣਾਉਣ ਦੀ ਕੋਸ਼ਿਸ਼ ਕਰੇਗੀ। ਉਂਜ ਅੰਤਰਿਮ ਜ਼ਮਾਨਤ ਅਰਜ਼ੀ ’ਤੇ ਸੁਣਵਾਈ ਦੌਰਾਨ ਈਡੀ ਵੱਲੋਂ ਪੇਸ਼ ਸੌਲੀਸਿਟਰ ਜਨਰਲ ਤੇ ਵਧੀਕ ਸੌਲੀਸਿਟਰ ਜਨਰਲ ਐੱਸ.ਵੀ.ਰਾਜੂ ਨੇ ਆਮ ਆਦਮੀ ਪਾਰਟੀ ਆਗੂ ਨੂੰ ਚੋਣ ਪ੍ਰਚਾਰ ਲਈ ਅੰਤਰਿਮ ਜ਼ਮਾਨਤ ਦੇਣ ਦਾ ਇਹ ਕਹਿੰਦਿਆਂ ਵਿਰੋਧ ਕੀਤਾ ਕਿ ਅਤੀਤ ਵਿਚ ਅਜਿਹੀ ਕੋਈ ਮਿਸਾਲ ਨਹੀਂ ਮਿਲਦੀ। ਇਸ ’ਤੇ ਬੈਂਚ ਨੇ ਕਿਹਾ ਕਿ ਕੇਜਰੀਵਾਲ ਨੂੰ 21 ਦਿਨਾਂ ਲਈ ਅੰਤਰਿਮ ਜ਼ਮਾਨਤ ਦੇਣ ਨਾਲ ਕੋਈ ਬਹੁਤਾ ਫ਼ਰਕ ਨਹੀਂ ਪਏਗਾ। ਬੈਂਚ ਨੇ ਕਿਹਾ ਕਿ ਈਡੀ ਦੀ ਐੱਨਫੋਰਸਮੈਂਟ ਕੇਸ ਇਨਫਰਮੇਸ਼ਨ ਰਿਪੋਰਟ (ਈਸੀਆਈਆਰ) ਅਗਸਤ 2022 ਵਿਚ ਦਰਜ ਕੀਤੀ ਗਈ ਸੀ ਜਦੋਂਕਿ ਮੁੱਖ ਮੰਤਰੀ ਨੂੰ ਇਸ ਸਾਲ 21 ਮਾਰਚ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਬੈਂਚ ਨੇ ਈਡੀ ਨੂੰ ਦੱਸਿਆ, ‘‘ਉਹ (ਕੇਜਰੀਵਾਲ) ਡੇਢ ਸਾਲ ਲਈ ਬਾਹਰ ਸੀ। ਉਸ ਨੂੰ ਪਹਿਲਾਂ ਜਾਂ ਬਾਅਦ ਵਿਚ ਵੀ ਗ੍ਰਿਫ਼ਤਾਰ ਕੀਤਾ ਜਾ ਸਕਦਾ ਸੀ, ਪਰ ਅਜਿਹਾ ਕੁਝ ਨਹੀਂ ਹੋਇਆ।’’ ਬੈਂਚ ਨੇ ਕਿਹਾ, ‘‘ਇਸ ਵਿਚ ਕੋਈ ਸ਼ੱਕ ਨਹੀਂ ਕਿ ਕੇਜਰੀਵਾਲ ਖਿਲਾਫ਼ ਗੰਭੀਰ ਦੋਸ਼ ਲੱਗੇ ਹਨ ਪਰ ਕੇਜਰੀਵਾਲ ਨੂੰ ਅਜੇ ਤੱਕ ਦੋਸ਼ੀ ਨਹੀਂ ਠਹਿਰਾਇਆ ਗਿਆ, ਉਸ ਦਾ ਕੋਈ ਅਪਰਾਧਿਕ ਪਿਛੋਕੜ ਵੀ ਨਹੀਂ ਹੈ ਅਤੇ ‘ਉਹ ਸਮਾਜ ਲਈ ਖ਼ਤਰਾ ਵੀ ਨਹੀਂ ਹੈ।’’
ਬੈਂਚ ਨੇ ਕਿਹਾ ਕਿ ਇਥੇ ਇਹ ਗੱਲ ਵੀ ਅਹਿਮ ਹੈ ਕਿ ਕੇਜਰੀਵਾਲ ਦੀ ਗ੍ਰਿਫ਼ਤਾਰੀ ਦੀ ਵੈਧਤਾ ਤੇ ਕਾਨੂੰਨੀ ਪ੍ਰਮਾਣਿਕਤਾ ਨਾਲ ਸਬੰਧਤ ਮਸਲਾ ਵੀ ਸੁਪਰੀਮ ਕੋਰਟ ਕੋਲ ਚੁਣੌਤੀ ਅਧੀਨ ਹੈ, ਜਿਸ ਬਾਰੇ ਅੰਤਿਮ ਫੈਸਲਾ ਅਜੇ ਸੁਣਾਇਆ ਜਾਣਾ ਹੈ। ਬੈਂਚ ਨੇ ਕਿਹਾ, ‘‘ਤੱਥਾਂ ’ਤੇ ਅਧਾਰਿਤ ਮੌਜੂਦਾ ਹਾਲਾਤ ਨੂੰ ਫ਼ਸਲਾਂ ਦੀ ਵਾਢੀ ਜਾਂ ਕਾਰੋਬਾਰ ਦੇਖਣ ਨਾਲ ਜੁੜੀਆਂ ਪਟੀਸ਼ਨਾਂ ਨਾ ਮੇਲਿਆ ਜਾਵੇ। ਇਕ ਵਾਰੀ ਜਦੋਂ ਮਸਲਾ ਕੋਰਟ ਵਿਚ ਵਿਚਾਰ ਅਧੀਨ ਹੈ ਤੇ ਗ੍ਰਿਫ਼ਤਾਰੀ ਦੀ ਕਾਨੂੰਨੀ ਵੈਧਤਾ ਦੇ ਸਵਾਲ ਬਾਰੇ ਚਿੰਤਨ ਜਾਰੀ ਹੈ, ਅਜਿਹੇ ਵਿਚ 18ਵੀਂ ਲੋਕ ਸਭਾ ਲਈ ਚੋਣਾਂ ਦੇ ਪਿਛੋਕੜ ਵਿਚ ਵਧੇਰੇ ਸੰਪੂਰਨ ਤੇ ਸੁਤੰਤਰ ਦ੍ਰਿਸ਼ਟੀਕੋਣ ਤਰਕਸੰਗਤ ਹੈ।’’ ਬੈਂਚ ਨੇ ਕਿਹਾ ਕਿ ਕੇਜਰੀਵਾਲ ਦਾ ਕੇਸ ‘ਕੋਈ ਅਪਵਾਦ ਨਹੀਂ’ ਹੈ ਅਤੇ ਅੰਤਰਿਮ ਜ਼ਮਾਨਤ ਦੇਣ ਦੀ ਤਾਕਤ ਪਹਿਲਾਂ ਵੀ ਕਈ ਕੇਸਾਂ ਵਿਚ ਆਮ ਕਰਕੇ ਵਰਤੀ ਗਈ ਹੈ ਤੇ ਕੇਸ ਦੇ ਤੱਥਾਂ ਨੂੰ ਜ਼ਿਹਨ ’ਚ ਰੱਖ ਕੇ ਹੀ ਅੰਤਰਿਮ ਜ਼ਮਾਨਤ ਦਿੱਤੀ ਗਈ ਹੈ। -ਪੀਟੀਆਈ

Advertisement

ਲੋਕਾਂ ਨਾਲ ਮਿਲ ਕੇ ਤਾਨਾਸ਼ਾਹੀ ਖ਼ਿਲਾਫ਼ ਲੜਾਂਗੇ: ਕੇਜਰੀਵਾਲ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਿਹਾਈ ਦਾ ਜਸ਼ਨ ਮਨਾਉਂਦੇ ਹੋਏ ‘ਆਪ’ ਵਰਕਰ। -ਫੋਟੋ: ਪੀਟੀਆਈ

ਨਵੀਂ ਦਿੱਲੀ (ਮਨਧੀਰ ਸਿੰਘ ਦਿਓਲ): ਅੰਤਰਿਮ ਜ਼ਮਾਨਤ ਮਿਲਣ ਮਗਰੋਂ ਤਿਹਾੜ ਜੇਲ੍ਹ ਵਿਚੋਂ ਬਾਹਰ ਆਏ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਉਹ ਦੇਸ਼ ਦੇ 140 ਕਰੋੜ ਲੋਕਾਂ ਨਾਲ ਮਿਲ ਕੇ ਤਾਨਾਸ਼ਾਹੀ ਖ਼ਿਲਾਫ਼ ਲੜਨਗੇ। ਗੋਲ ਗ਼ਲੇ ਦੀ ਟੀ-ਸ਼ਰਟ ਤੇ ਟਰਾਊਜ਼ਰ ਪਾਈ ਤਿਹਾੜ ਜੇਲ੍ਹ ਦੇ ਗੇਟ ਨੰਬਰ ਚਾਰ ਤੋਂ ਬਾਹਰ ਨਿਕਲੇ ਕੇਜਰੀਵਾਲ ਨੇ ਰਸਤੇ ਵਿਚ ਪਾਰਟੀ ਕਾਰਕੁਨਾਂ ਨੂੰ ਮੁਖਾਤਿਬ ਹੁੰਦਿਆਂ ਕਿਹਾ, ‘‘ਅਸੀਂ ਦੇਸ਼ ਨੂੰ ਤਾਨਾਸ਼ਾਹੀ ਤੋਂ ਬਚਾਉਣਾ ਹੈ, ਮੈਂ ਆਪਣੀ ਪੂਰੀ ਤਾਕਤ ਨਾਲ ਲੜਾਂਗਾ ਪਰ ਮੈਨੂੰ ਦੇਸ਼ ਦੇ 140 ਕਰੋੜ ਲੋਕਾਂ ਦੇ ਸਾਥ ਦੀ ਲੋੜ ਹੈ।’’ ‘ਆਪ’ ਕਨਵੀਨਰ ਨੇ ਕਿਹਾ ਕਿ ਉਹ ਭਗਵਾਨ ਹਨੂਮਾਨ ਕਰਕੇ ਅੱਜ ਜੇਲ੍ਹ ਵਿਚੋਂ ਬਾਹਰ ਆਏ ਹਨ। ਕਾਰ ਦੀ ਛੱਤ ਤੋਂ ਆਪਣੇ ਹਮਾਇਤੀਆਂ ਵੱਲ ਹੱਥ ਹਿਲਾਉਂਦਿਆਂ ਕੇਜਰੀਵਾਲ ਨੇ ਸੱਦਾ ਦਿੱਤਾ ਕਿ ਉਹ ਸ਼ਨਿਚਰਵਾਰ ਨੂੰ ਸਵੇਰੇ 11 ਵਜੇ ਕਨਾਟ ਪਲੇਸ ਸਥਿਤ ਹਨੂਮਾਨ ਮੰਦਰ ਵਿਚ ਪਹੁੰਚਣ। ਕੇਜਰੀਵਾਲ ਦੇ ਸੰਖੇਪ ਸੰਬੋਧਨ ਦੌਰਾਨ ‘ਆਪ’ ਵਰਕਰਾਂ ਤੇ ਹਮਾਇਤੀਆਂ ਨੇ ‘ਜੇਲ੍ਹ ਕੇ ਤਾਲੇੇ ਟੂਟ ਗਏ, ਕੇਜਰੀਵਾਲ ਛੂਟ ਗਏ’, ‘ਭਾਰਤ ਮਾਤਾ ਕੀ ਜੈ’, ‘ਵੰਦੇ ਮਾਤਰਮ’ ਤੇ ‘ਇਨਕਲਾਬ ਜ਼ਿੰਦਾਬਾਦ’ ਦੇ ਨਾਅਰੇ ਲਾਏ। ਕਾਰਾਂ ਦੇ ਕਾਫਲੇ ਦੇ ਰੂਪ ਵਿੱਚ ਆਪਣੀ ਸਰਕਾਰੀ ਰਿਹਾਇਸ਼ ਲਈ ਰਵਾਨਾ ਹੋਏ ਕੇਜਰੀਵਾਲ ਨੇ ਰਾਹ ਵਿੱਚ ਪਾਰਟੀ ਵਰਕਰਾਂ ਨੂੰ ਕਿਹਾ, ‘‘ਮੈਂ ਕਿਹਾ ਸੀ ਕਿ ਜਲਦੀ ਹੀ ਬਾਹਰ ਆਵਾਂਗਾ ਤੇ ਬਾਹਰ ਆ ਗਿਆ ਹਾਂ। ਬਾਹਰ ਆ ਕੇ ਤੁਹਾਡੇ ਵਿੱਚ ਬਹੁਤ ਚੰਗਾ ਲੱਗ ਰਿਹੈ। ਦੇਸ਼ ਦੇ ਕਰੋੜਾਂ ਲੋਕਾਂ ਨੇ ਦੁਆਵਾਂ ਦਿੱਤੀਆਂ।’’ ਇਸ ਦੌਰਾਨ ਉਨ੍ਹਾਂ ਦੇ ਸਮਰਥਕਾਂ ਨੇ ਢੋਲ ਵਜਾਏ ਤੇ ਕਈ ਮਿੰਟ ਤੱਕ ਖ਼ੂਬ ਪਟਾਕੇ ਚਲਾਏ। ਮੁੱਖ ਮੰਤਰੀ ਨੇ ਕਿਹਾ ਕਿ ਸ਼ਨਿਚਰਵਾਰ ਨੂੰ ‘ਆਪ’ ਦੇ ਕੌਮੀ ਹੈੱਡ ਕੁਆਰਟਰ ’ਚ ਬਾਅਦ ਦੁਪਹਿਰ ਇਕ ਵਜੇ ਪ੍ਰੈੱਸ ਕਾਨਫਰੰਸ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਤਿਹਾੜ ਜੇਲ੍ਹ ਦੇ ਬਾਹਰ ਕੇਜਰੀਵਾਲ ਦੇ ਸਵਾਗਤ ਲਈ ਉਨ੍ਹਾਂ ਦੀ ਪਤਨੀ ਸੁਨੀਤਾ ਕੇਜਰੀਵਾਲ, ਆਮ ਆਦਮੀ ਪਾਰਟੀ ਦੇ ਸੰਗਠਨ ਸਕੱਤਰ ਡਾ. ਸੰਦੀਪ ਪਾਠਕ ਵੀ ਮੌਜੂਦ ਸਨ। ਕੇਜਰੀਵਾਲ ਤਿਹਾੜ ਜੇਲ੍ਹ ਦੇ ਗੇਟ ਨੰਬਰ ਚਾਰ ਤੋਂ ਸਰਕਾਰੀ ਰਿਹਾਇਸ਼ ਲਈ ਰਵਾਨਾ ਹੋਏ ਜਦੋਂ ਕਿ ਤਿਹਾੜ ਜੇਲ੍ਹ ਦੇ ਗੇਟ ਨੰਬਰ 1 ਉਪਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੇ ਹੋਰ ਸੀਨੀਅਰ ਆਗੂ ਉਨ੍ਹਾਂ ਦੀ ਉਡੀਕ ਕਰ ਰਹੇ ਸਨ। ਇਸ ਮੌਕੇ ਵੱਡੀ ਗਿਣਤੀ ਸਮਰਥਕ ਵੀ ਉੱਥੇ ਮੌਜੂਦ ਸਨ।

ਜਮਹੂਰੀਅਤ ਦੀ ਜਿੱਤ: ਸੁਨੀਤਾ ਕੇਜਰੀਵਾਲ

ਨਵੀਂ ਦਿੱਲੀ (ਪੱਤਰ ਪ੍ਰੇਰਕ): ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸੁਪਰੀਮ ਕੋਰਟ ਤੋਂ ਮਿਲੀ ਰਾਹਤ ਮਗਰੋਂ ਉਨ੍ਹਾਂ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਕਿਹਾ ਕਿ ਸਰਬਉੱਚ ਅਦਾਲਤ ਦਾ ਫੈਸਲਾ ‘ਜਮਹੂਰੀਅਤ ਦੀ ਜਿੱਤ’ ਹੈ। ਉਨ੍ਹਾਂ ਕਿਹਾ ਕਿ ਇਹ ਰਾਹਤ ਲੱਖਾਂ ਲੋਕਾਂ ਦੀਆਂ ਪ੍ਰਾਰਥਨਾਵਾਂ ਤੇ ਦੁਆਵਾਂ ਦਾ ਨਤੀਜਾ ਹੈ। ਸੁਨੀਤਾ ਕੇਜਰੀਵਾਲ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ, ‘‘ਹਨੂਮਾਨ ਜੀ ਕੀ ਜੈ। ਇਹ ਜਮਹੂਰੀਅਤ ਦੀ ਜਿੱਤ ਹੇ। ਇਹ ਲੱਖਾਂ ਲੋਕਾਂ ਦੀਆਂ ਪ੍ਰਾਰਥਨਾਵਾਂ ਤੇ ਦੁਆਵਾਂ ਦਾ ਨਤੀਜਾ ਹੈ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।’’ ਉਧਰ ਕਾਂਗਰਸ ਆਗੂ ਪਵਨ ਖੇੜਾ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਅੱਜ ਦੇ ਫੈਸਲੇ ਮਗਰੋਂ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਨੂੰ ਵੀ ਨਿਆਂ ਮਿਲਣ ਦੀ ਆਸ ਕਰਦੇ ਹਾਂ। ਖੇੜਾ ਨੇ ਕਿਹਾ, ‘‘ਅਸੀਂ ਅਰਵਿੰਦ ਕੇਜਰੀਵਾਲ ਨੂੰ (ਅੰਤਰਿਮ) ਜ਼ਮਾਨਤ ਦੇਣ ਲਈ ਸੁਪਰੀਮ ਕੋਰਟ ਵੱਲੋਂ ਦਿੱਤੇ ਦਖ਼ਲ ਦਾ ਸਵਾਗਤ ਕਰਦੇ ਹਾਂ...ਅਸੀਂ ਇਹ ਆਸ ਵੀ ਕਰਦੇ ਹਾਂ ਕਿ ਪ੍ਰਧਾਨ ਮੰਤਰੀ ਨੂੰ 4 ਜੂਨ, ਜਦੋਂ ਉਹ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਬਣ ਜਾਣਗੇ, ਮਗਰੋਂ ਸਾਬਰਮਤੀ ਆਸ਼ਰਮ ਵਿਚ ਬੈਠ ਕੇ ਅੰਤਰਝਾਤ ਲਈ ਬਹੁਤ ਸਮਾਂ ਮਿਲੇਗਾ ਕਿ ਉਹ ਕਿਸ ਤਰ੍ਹਾਂ ਦੀ ਸਿਆਸਤ ਕਰਦੇ ਰਹੇ ਹਨ।’’ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਤੇ ਤ੍ਰਿਣਮੂਲ ਕਾਂਗਰਸ ਦੀ ਮੁਖੀ ਮਮਤਾ ਬੈਨਰਜੀ ਨੇ ਵੀ ਸੁਪਰੀਮ ਕੋਰਟ ਦੇ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ, ‘‘ਮੈਨੂੰ ਇਹ ਦੇਖ ਕੇ ਬਹੁਤ ਖ਼ੁਸ਼ ਹਾਂ ਕਿ ਸ੍ਰੀ ਅਰਵਿੰਦ ਕੇਜਰੀਵਾਲ ਨੂੰ ਅੰਤਰਿਮ ਜ਼ਮਾਨਤ ਮਿਲ ਗਈ ਹੈ। ਮੌਜੂਦਾ ਚੋਣਾਂ ਦੇ ਸੰਦਰਭ ਵਿਚ ਇਹ ਬਹੁਤ ਮਦਦਗਾਰ ਹੋਵੇਗਾ।’’ ਐੱਨਸੀਪੀ (ਐੱਸਪੀ) ਦੇ ਪ੍ਰਧਾਨ ਸ਼ਰਦ ਪਵਾਰ ਨੇ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਭਾਰਤ ਜਮਹੂਰੀਅਤ ਦੀ ਪੈਰਵੀ ਵਿਚ ਅਡੋਲ ਰਿਹਾ ਹੈ। ਸ਼ਿਵ ਸੈਨਾ(ਯੂਬੀਟੀ) ਆਗੂ ਪ੍ਰਿਯੰਕਾ ਚਤੁਰਵੇਦੀ ਨੇ ਫੈਸਲੇ ਨੂੰ ਕੇਜਰੀਵਾਲ ਲਈ ‘ਵੱਡੀ ਜਿੱਤ’ ਕਰਾਰ ਦਿੱਤਾ ਹੈ। ਪਾਰਟੀ ਦੇ ਹੀ ਇਕ ਹੋਰ ਆਗੂ ਆਦਿੱਤਿਆ ਠਾਕਰੇ ਨੇ ਕਿਹਾ ਕਿ ਕੇਜਰੀਵਾਲ ਨੂੰ ਦੇਸ਼ ਦੇ ‘ਤਾਨਾਸ਼ਾਹੀ ਨਿਜ਼ਾਮ’ ਖਿਲਾਫ਼ ਮਿਲਿਆ ਨਿਆਂ ਤੇ ਰਾਹਤ ਦੇਸ਼ ਵਿਚ ਚੱਲ ਰਹੀ ਤਬਦੀਲੀ ਦੀ ਹਵਾ ਦਾ ਸੰਕੇਤ ਹੈ।

‘ਲਾਰਡਸ਼ਿਪਸ’ ਨੇ ਖ਼ੁਦ ਨੂੰ ਚੋਣ ਪ੍ਰਚਾਰ ਦਾ ਹਿੱਸਾ ਬਣਾਇਆ: ਸਹਿਸ੍ਰਬੁੱਧੇ

ਨਵੀਂ ਦਿੱਲੀ: ਸੀਨੀਅਰ ਭਾਜਪਾ ਆਗੂ ਵਿਨੈ ਸਹਿਸ੍ਰਬੁੱਧੇ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਅੰਤਰਿਮ ਜ਼ਮਾਨਤ ਦੇਣ ਦੇ ਸੁਪਰੀਮ ਕੋਰਟ ਦੇ ਫੈਸਲੇ ’ਤੇ ਦਿੱਤੀ ਪ੍ਰਤੀਕਿਰਿਆ ਵਿਚ ਕਿਹਾ ਕਿ ‘ਲਾਰਡਸ਼ਿਪਸ’ (ਜੱਜਾਂ) ਨੇ ਲੋਕ ਸਭਾ ਚੋਣਾਂ ਦੇ ਮੱਧ ਵਿਚ ਇਕ ਧਿਰ ਦੀ ਚੋਣ ਕਰਕੇ ਖ਼ੁਦ ਨੂੰ ਚੋਣ ਪ੍ਰਚਾਰ ਦਾ ਹਿੱਸਾ ਬਣਾ ਲਿਆ ਹੈ। ਭਾਜਪਾ ਆਗੂ ਨੇ ਐਕਸ ’ਤੇ ਲਿਖਿਆ, ‘‘ਚੋਣਾਂ ਵਿਚਾਲੇ ਇਕ ਧਿਰ ਦੀ ਚੋਣ ਕਰਕੇ ਲਾਰਡਸ਼ਿਪਸ ਨੇ ਖੁ਼ਦ ਨੂੰ ਚੋਣ ਪ੍ਰਚਾਰ ਦਾ ਹਿੱਸਾ ਬਣਾ ਲਿਆ ਹੈ। ਜਦੋਂ ਇਕ ਅਰਬ ਬੈਲੇਟ (ਵੋਟਾਂ) ਬੋਲਣਗੀਆਂ, ਉਨ੍ਹਾਂ ਨੂੰ ਸ਼ਾਇਦ ਚੰਗਾ ਨਾ ਲੱਗੇ।’’

ਨਿਯਮਤ ਨਹੀਂ ਅੰਤਰਿਮ ਜ਼ਮਾਨਤ ਹੈ: ਸ਼ਾਹ

ਰਾਣੀਗੰਜ (ਪੱਛਮੀ ਬੰਗਾਲ): ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਨਿਯਮਤ ਜ਼ਮਾਨਤ ਨਹੀਂ ਬਲਕਿ ਅੰਤਰਿਮ ਜ਼ਮਾਨਤ ਮਿਲੀ ਹੈ। ਉਨ੍ਹਾਂ ਕਿਹਾ, ‘‘ਇਹ ਕੋਈ ਨਿਯਮਤ ਜ਼ਮਾਨਤ ਨਹੀਂ ਹੈ। ਇਹ ਅੰਤਰਿਮ ਜ਼ਮਾਨਤ ਹੈ। ਉਹ (ਕੇਜਰੀਵਾਲ) ਚੋਣ ਪ੍ਰਚਾਰ ਕਰ ਸਕਦਾ ਹੈ, ਪਰ ਹਰ ਵਾਰ ਜਦੋਂ ਉਹ ਚੋਣ ਪ੍ਰਚਾਰ ਲਈ ਜਾਏਗਾ, ਲੋਕ ਉਸ ਨੂੰ ਆਬਕਾਰੀ ਘੁਟਾਲਾ ਚੇਤੇ ਕਰਵਾਉਣਗੇ।’’

ਜਮਹੂਰੀਅਤ ਬਚਾਉਣ ਦੀ ਲੜਾਈ ਤੇਜ਼ ਹੋਵੇਗੀ: ਭਗਵੰਤ ਮਾਨ

ਚੰਡੀਗੜ੍ਹ (ਟਨਸ): ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਅੰਤਰਿਮ ਜ਼ਮਾਨਤ ਮਿਲਣ ’ਤੇ ਸੁਪਰੀਮ ਕੋਰਟ ਦਾ ਧੰਨਵਾਦ ਕਰਦਿਆਂ ਕਿਹਾ ਕਿ ਹੁਣ ਜਮਹੂਰੀਅਤ ਬਚਾਉਣ ਦੀ ਲੜਾਈ ਹੋਰ ਸ਼ਿੱਦਤ ਨਾਲ ਲੜੀ ਜਾਵੇਗੀ। ਉਨ੍ਹਾਂ ‘ਐਕਸ’ ’ਤੇ ਲਿਖਿਆ ਹੈ ਕਿ ਅਰਵਿੰਦ ਕੇਜਰੀਵਾਲ ਇੱਕ ਸੋਚ ਹੈ ਅਤੇ ਇਸ ਸੋਚ ਨੂੰ ਅੱਗੇ ਹੋਰ ਤੇਜ਼ੀ ਨਾਲ ਵਧਾਇਆ ਜਾਵੇਗਾ।

ਸੁਪਰੀਮ ਕੋਰਟ ਦੀਆਂ ਅਹਿਮ ਟਿੱਪਣੀਆਂ

'ਇਸ ਵਿਚ ਕੋਈ ਸ਼ੱਕ ਨਹੀਂ ਕਿ ਕੇਜਰੀਵਾਲ ਖਿਲਾਫ਼ ਗੰਭੀਰ ਦੋਸ਼ ਲੱਗੇ ਹਨ ਪਰ ਉਨ੍ਹਾਂ ਨੂੰ ਅਜੇ ਤੱਕ ਦੋਸ਼ੀ ਨਹੀਂ ਠਹਿਰਾਇਆ ਗਿਆ
... ਕੇਜਰੀਵਾਲ ਦਾ ਕੋਈ ਅਪਰਾਧਿਕ ਪਿਛੋਕੜ ਨਹੀਂ ਹੈ
... ਕੇਜਰੀਵਾਲ ਸਮਾਜ ਲਈ ਕੋਈ ਖ਼ਤਰਾ ਨਹੀਂ ਹੈ।

ਕੀ ਹੋਣਗੀਆਂ ਸ਼ਰਤਾਂ

* ਅੰਤਰਿਮ ਜ਼ਮਾਨਤ ਦੌਰਾਨ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਪਣੇ ਦਫ਼ਤਰ ਜਾਂ ਦਿੱਲੀ ਸਕੱਤਰੇਤ ਨਹੀਂ ਜਾਣਗੇ
* ਕਿਸੇ ਵੀ ਫਾਈਲ ਉੱਤੇ ਉਦੋਂ ਤੱਕ ਸਹੀ ਨਹੀਂ ਪਾਉਣਗੇ ਜਦੋਂ ਤੱਕ ਉਪ ਰਾਜਪਾਲ ਦੀ ਪ੍ਰਵਾਨਗੀ ਹਾਸਲ ਕਰਨ ਲਈ ਅਜਿਹਾ ਬਹੁਤ ਜ਼ਰੂਰੀ ਨਾ ਹੋਵੇ
* 50 ਹਜ਼ਾਰ ਰੁਪਏ ਦਾ ਨਿੱਜੀ ਮੁਚੱਲਕਾ ਤੇ ਇੰਨੀ ਹੀ ਰਕਮ ਦੀ ਇਕ ਜ਼ਾਮਨੀ ਭਰਨੀ ਹੋਵੇਗੀ
* ਆਬਕਾਰੀ ਨੀਤੀ ਨਾਲ ਜੁੜੇ ਮਨੀ ਲਾਂਡਰਿੰਗ ਕੇਸ ’ਚ ਆਪਣੀ ਭੂਮਿਕਾ ਬਾਰੇ ਕੋਈ ਟਿੱਪਣੀ ਨਹੀਂ ਕਰਨਗੇ
* ਕੇਸ ਨਾਲ ਸਬੰਧਤ ਕਿਸੇ ਗਵਾਹ ਨਾਲ ਰਾਬਤਾ ਨਹੀਂ ਕਰਨਗੇ
* ਕੇਸ ਨਾਲ ਸਬੰਧਤ ਕਿਸੇ ਫਾਈਲ ਤੱਕ ਪਹੁੰਚ ਨਹੀਂ ਬਣਾਉਣਗੇ

Advertisement
Author Image

sukhwinder singh

View all posts

Advertisement
Advertisement
×