ਕੇਜਰੀਵਾਲ ਨੇ ਪਾਣੀ ’ਚ ਜ਼ਹਿਰ ਘੋਲਣ ਦਾ ਦੋਸ਼ ਲਾ ਕੇ ਪਾਪ ਕੀਤਾ: ਮੋਦੀ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 29 ਜਨਵਰੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਯਮੁਨਾ ਵਿੱਚ ‘ਜ਼ਹਿਰ’ ਘੋਲਣ ਵਾਲੀ ਟਿੱਪਣੀ ਦੀ ਨਿਖੇਧੀ ਕਰਦਿਆਂ ਕਿਹਾ ਕਿ ‘ਆਪ-ਦਾ’ ਨੇ ਇਹ ਦੋਸ਼ ਲਾ ਕੇ ਪਾਪ ਕੀਤਾ ਹੈ। 5 ਫਰਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕਰਤਾਰ ਨਗਰ ਵਿੱਚ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ‘ਆਪ’ ਆਗੂਆਂ ਦੀ ਤੁਲਨਾ ਸੀਰੀਅਲ ਕਿਲਰ ਚਾਰਲਸ ਸੋਭਰਾਜ ਨਾਲ ਕੀਤੀ, ਜੋ ਲੋਕਾਂ ਨੂੰ ਠੱਗਣ ਲਈ ਜਾਣਿਆ ਜਾਂਦਾ ਸੀ।
ਉਨ੍ਹਾਂ ਕਿਹਾ, ‘ਜਿਹੜੇ ਲੋਕ ਸ਼ੀਸ਼ ਮਹਿਲ ਬਣਾਉਂਦੇ ਹਨ ਅਤੇ ਲੋਕਾਂ ਦੇ ਹਜ਼ਾਰਾਂ ਕਰੋੜ ਰੁਪਏ ਲੁੱਟਦੇ ਹਨ, ਉਹ ਕਦੇ ਵੀ ਗਰੀਬਾਂ ਦੀ ਭਲਾਈ ਬਾਰੇ ਨਹੀਂ ਸੋਚ ਸਕਦੇ। ਇਸੇ ਲਈ ਉਹ ਦਿੱਲੀ ਵਿੱਚ ਝੂਠ ਫੈਲਾ ਰਹੇ ਹਨ। ਇਹ ‘ਆਪ-ਦਾ’ ਦੇ ਆਗੂ ਅਜਿਹੇ ਢੰਗ ਨਾਲ ਝੂਠ ਬੋਲਦੇ ਹਨ ਕਿ ਲੋਕ ਇਸ ਵਿੱਚ ਫਸ ਜਾਂਦੇ ਹਨ।’ ਉਨ੍ਹਾਂ ਕਿਹਾ, ‘ਤੁਸੀਂ ਚਾਰਲਸ ਸੋਭਰਾਜ ਬਾਰੇ ਸੁਣਿਆ ਹੋਵੇਗਾ। ਉਹ ਜਾਣਿਆ-ਪਛਾਣਿਆ ਠੱਗ ਸੀ। ਉਹ ਲੋਕਾਂ ਨੂੰ ਮਾਸੂਮੀਅਤ ਨਾਲ ਧੋਖਾ ਦੇਣ ਵਿੱਚ ਇੰਨਾ ਮਾਹਰ ਸੀ ਕਿ ਲੋਕ ਹਰ ਵਾਰ ਉਸ ਦੇ ਜਾਲ ਵਿੱਚ ਫਸ ਜਾਂਦੇ ਸਨ। ਇਸ ਲਈ ਸਾਨੂੰ ਅਜਿਹੇ ਲੋਕਾਂ ਤੋਂ ਸਾਵਧਾਨ ਰਹਿਣਾ ਪਵੇਗਾ।’ ਪ੍ਰਧਾਨ ਮੰਤਰੀ ਨੇ ਕਿਹਾ ਕਿ ‘ਆਪ’ ਨੇ ‘ਪਾਪ’ ਕੀਤਾ ਹੈ, ਜਿਸ ਨੂੰ ਹਰਿਆਣਾ ਅਤੇ ਦੇਸ਼ ਦੇ ਲੋਕ ਬਰਦਾਸ਼ਤ ਨਹੀਂ ਕਰ ਸਕਦੇ। ਯਮੁਨਾ ਵਿੱਚ ਜ਼ਹਿਰ ਘੋਲਣ ਸਬੰਧੀ ਕੇਜਰੀਵਾਲ ਦੀ ਟਿੱਪਣੀ ਦਾ ਜ਼ਿਕਰ ਕਰਦਿਆਂ ਮੋਦੀ ਨੇ ਕਿਹਾ, ‘ਦਿੱਲੀ ਵਿੱਚ ਰਹਿਣ ਵਾਲਾ ਹਰ ਵਿਅਕਤੀ ਹਰਿਆਣਾ ਵੱਲੋਂ ਭੇਜਿਆ ਗਿਆ ਇਹੀ ਪਾਣੀ ਪੀਂਦਾ ਹੈ। ਇਹ ਪ੍ਰਧਾਨ ਮੰਤਰੀ ਵੀ ਉਹੀ ਪਾਣੀ ਪੀਂਦਾ ਹੈ। ਵਿਦੇਸ਼ੀ ਡਿਪਲੋਮੈਟ, ਰਾਜਦੂਤ, ਇੱਥੋਂ ਤੱਕ ਕਿ ਦਿੱਲੀ ਦੇ ਗਰੀਬ ਵੀ ਇਹੀ ਪਾਣੀ ਪੀਂਦੇ ਹਨ। ਕੀ ‘ਆਪ’ ਨੂੰ ਲੱਗਦਾ ਹੈ ਕਿ ਹਰਿਆਣਾ ਦੀ ਭਾਜਪਾ ਸਰਕਾਰ ਮੋਦੀ ਨੂੰ ਮਾਰਨ ਲਈ ਪਾਣੀ ਵਿੱਚ ਜ਼ਹਿਰ ਘੋਲੇਗੀ? ਇਹ ਕਿਹੋ ਜਿਹਾ ਬੇਤੁਕਾ ਦਾਅਵਾ ਹੈ? ਅਜਿਹੇ ਗੁਨਾਹਾਂ ਨੂੰ ਨਾ ਤਾਂ ਦਿੱਲੀ ਮੁਆਫ਼ ਕਰੇਗੀ ਅਤੇ ਨਾ ਹੀ ਦੇਸ਼। ਉਨ੍ਹਾਂ ਕਿਹਾ ਕਿ ਇਸ ਵਾਰ ਅਜਿਹੇ ਝੂਠ ਫੈਲਾਉਣ ਵਾਲਿਆਂ ਨੂੰ ਦਿੱਲੀ ਸਬਕ ਸਿਖਾਏਗੀ ਅਤੇ ਉਨ੍ਹਾਂ ਦੀ ਕਿਸ਼ਤੀ ਇਸੇ ਯਮੁਨਾ ਵਿੱਚ ਡੁੱਬ ਜਾਵੇਗੀ।’
‘ਕਾਂਗਰਸ ਅਤੇ ‘ਆਪ’ ਨੇ ਦਿੱਲੀ ਨੂੰ 25 ਸਾਲ ਵਿੱਚ ਬਰਬਾਦ ਕਰ ਦਿੱਤਾ’
ਕਾਂਗਰਸ ਅਤੇ ‘ਆਪ’ ’ਤੇ ਪਿਛਲੇ 25 ਸਾਲਾਂ ਵਿੱਚ ਦਿੱਲੀ ਵਾਸੀਆਂ ਨੂੰ ‘ਬਰਬਾਦ’ ਕਰਨ ਦਾ ਦੋਸ਼ ਲਾਉਂਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਹੁਣ ਭਾਜਪਾ ਨੂੰ ਸੇਵਾ ਲਈ ਚੁਣਨ। ਉਨ੍ਹਾਂ ਕਿਹਾ ਕਿ ਪਿਛਲੀਆਂ ਦੋ ਚੋਣਾਂ ਦੌਰਾਨ ‘ਆਪ’ ਨੇ ਯਮੁਨਾ ਦੀ ਸਫਾਈ ਦੇ ਵਾਅਦੇ ’ਤੇ ਵੋਟਾਂ ਮੰਗੀਆਂ ਸਨ ਅਤੇ ਹੁਣ ਉਹ ਕਹਿ ਰਹੀ ਹੈ ਕਿ ਇਸ ਮੁੱਦੇ ’ਤੇ ਉਨ੍ਹਾਂ ਨੂੰ ਵੋਟਾਂ ਨਹੀਂ ਮਿਲਦੀਆਂ। ਉਨ੍ਹਾਂ ਕਿਹਾ, ‘ਇਹ ਧੋਖਾਧੜੀ ਅਤੇ ਬੇਸ਼ਰਮੀ ਹੈ। ਉਹ ਚਾਹੁੰਦੇ ਹਨ ਕਿ ਲੋਕ ਪਾਣੀ ਲਈ ਲੜਦੇ ਰਹਿਣ।’