ਕੇਜਰੀਵਾਲ ਵੱਲੋਂ ਚੋਣ ਕਮਿਸ਼ਨਰ ਨੂੰ ਯਮੁਨਾ ਦਾ ਪਾਣੀ ਪੀਣ ਦੀ ਚੁਣੌਤੀ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 31 ਜਨਵਰੀ
ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਚੋਣ ਕਮਿਸ਼ਨ ਨੂੰ ਯਮੁਨਾ ਦਾ ਪਾਣੀ ਪੀਣ ਦੀ ਚੁਣੌਤੀ ਦਿੱਤੀ ਹੈ। ਇਸ ਤੋਂ ਪਹਿਲਾਂ ਉਹ ਅੱਜ ਚੋਣ ਕਮਿਸ਼ਨ ਕੋਲ ਗਏ ਅਤੇ ਯਮੁਨਾ ਵਿੱਚ ਜ਼ਹਿਰੀਲਾ ਪਾਣੀ ਆਉਣ ਦੇ ਮੁੱਦੇ ’ਤੇ ਚੋਣ ਕਮਿਸ਼ਨ ਨੂੰ ਜਵਾਬ ਸੌਂਪਿਆ। ਇਸ ਮੌਕੇ ਕੇਜਰੀਵਾਲ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਆਤਿਸ਼ੀ ਵੀ ਮੌਜੂਦ ਸਨ।
ਯਮੁਨਾ ਜਲ ਵਿਵਾਦ ’ਤੇ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਆਤਿਸ਼ੀ ਅਤੇ ਭਗਵੰਤ ਮਾਨ ਨੇ ਚੋਣ ਕਮਿਸ਼ਨ ਨੂੰ ਪੱਤਰ ਲਿਖ ਕੇ ਇਹ ਮੁੱਦਾ ਉਠਾਇਆ ਅਤੇ ਉਨ੍ਹਾਂ ਨੂੰ ਦਖ਼ਲ ਦੇਣ ਲਈ ਕਿਹਾ ਸੀ ਪਰ ਚੋਣ ਕਮਿਸ਼ਨ ਨੇ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਦੋਸ਼ ਲਾਇਆ, ‘‘ਚੋਣ ਕਮਿਸ਼ਨ ਨੇ ਕਾਰਵਾਈ ਕਰਨ ਦੀ ਬਜਾਏ ਆਵਾਜ਼ ਚੁੱਕਣ ਬਦਲੇ ਮੈਨੂੰ ਨੋਟਿਸ ਦਿੱਤਾ। ਮੈਂ ਦਿੱਲੀ ਵਿੱਚ ਪਾਣੀ ਦੇ ਸੰਕਟ ਨੂੰ ਰੋਕਿਆ।’’ ਉਨ੍ਹਾਂ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਜ਼ਹਿਰੀਲਾ ਪਾਣੀ ਭੇਜ ਕੇ ਦਿੱਲੀ ਵਿੱਚ ਨਕਲੀ ਜਲ ਸੰਕਟ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਕੇਜਰੀਵਾਲ ਨੇ ਮੰਗ ਕੀਤੀ ਕਿ ਉਨ੍ਹਾਂ ਵਿਰੁੱਧ ਐਫਆਈਆਰ ਦਰਜ ਕੀਤੀ ਜਾਵੇ। ਜੇਕਰ ਚੋਣ ਕਮਿਸ਼ਨ ਨੇ ਕਾਰਵਾਈ ਨਾ ਕੀਤੀ ਤਾਂ ਇਹ ਕਦਮ ਵਿਨਾਸ਼ਕਾਰੀ ਸਾਬਤ ਹੋਵੇਗਾ। ਖਾਸ ਕਰਕੇ ਚੋਣਾਂ ਦੌਰਾਨ।
‘ਆਪ’ ਕਨਵੀਨਰ ਨੇ ਯਮੁਨਾ ਦੇ ਜ਼ਹਿਰੀਲੇ ਪਾਣੀ ਦੇ ਮੁੱਦੇ ’ਤੇ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ’ਤੇ ਬੀਤੀ ਰਾਤ ਵੀ ਨਿਸ਼ਾਨਾ ਸਾਧਿਆ ਸੀ। ਉਨ੍ਹਾਂ ਨਾ ਸਿਰਫ਼ ਮੁੱਖ ਚੋਣ ਕਮਿਸ਼ਨਰ ’ਤੇ ਸਿਆਸਤ ਕਰਨ ਦਾ ਦੋਸ਼ ਲਾਇਆ, ਸਗੋਂ ਉਨ੍ਹਾਂ ਨੂੰ ਦਿੱਲੀ ਦੀ ਕਿਸੇ ਵੀ ਸੀਟ ਤੋਂ ਚੋਣ ਲੜਨ ਦੀ ਚੁਣੌਤੀ ਵੀ ਦਿੱਤੀ। ਉਨ੍ਹਾਂ ਕਿਹਾ ਕਿ ਰਾਜੀਵ ਕੁਮਾਰ ਸੇਵਾਮੁਕਤੀ ਤੋਂ ਬਾਅਦ ਆਪਣੇ ਲਈ ਨੌਕਰੀ ਲੱਭ ਰਹੇ ਹਨ, ਇਸੇ ਲਈ ਉਹ ਸਿਆਸਤ ਕਰ ਰਹੇ ਹਨ।
ਕੇਜਰੀਵਾਲ ਨੇ ਕਿਹਾ, ‘‘ਸਾਡੇ ਕੋਲ ਯਮੁਨਾ ਦਾ ਪਾਣੀ 20 ਬੋਤਲਾਂ ਵਿੱਚ ਹੈ। ਇਹ ਬੋਤਲਾਂ ਗ੍ਰਹਿ ਮੰਤਰੀ ਅਮਿਤ ਸ਼ਾਹ, ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਅਤੇ ਦਿੱਲੀ ਭਾਜਪਾ ਪ੍ਰਧਾਨ ਵਰਿੰਦਰ ਸਚਦੇਵਾ ਲਈ ਮੰਗਵਾਈਆਂ ਹਨ।’’ ਉਨ੍ਹਾਂ ਕਿਹਾ, ‘‘ਮੈਂ ਚੋਣ ਕਮਿਸ਼ਨਰ ਨੂੰ ਵੀ ਤਿੰਨ ਬੋਤਲਾਂ ਭੇਜਾਂਗਾ, ਉਹ ਪਾਣੀ ਪੀ ਕੇ ਦਿਖਾਉਣ।’’
‘ਆਪ’ ਵੱਲੋਂ ‘ਬੱਚਤ ਪੱਤਰ’ ਮੁਹਿੰਮ ਦੀ ਸ਼ੁਰੂਆਤ
ਨਵੀਂ ਦਿੱਲੀ (ਮਨਧੀਰ ਸਿੰਘ ਦਿਓਲ): ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅੱਜ ਪਾਰਟੀ ਦੀ ਨਵੀਂ ਮੁਹਿੰਮ ‘ਬਚਤ ਪੱਤਰ’ ਦੀ ਸ਼ੁਰੂਆਤ ਕੀਤੀ। ਉਨ੍ਹਾਂ ਕਿਹਾ ਕਿ ‘ਆਪ’ ਦੇ ਬੱਚਤ ਕਾਰਡ ਦਾ ਮਤਲਬ ਹਰ ਮਹੀਨੇ 25 ਹਜ਼ਾਰ ਰੁਪਏ ਦੀ ਸਿੱਧੀ ਬੱਚਤ ਹੈ। ‘ਆਪ’ ਸਰਕਾਰ ਆਉਣ ’ਤੇ ਇਹ ਬਚਤ ਦਿੱਲੀ ਦੇ ਹਰ ਪਰਿਵਾਰ ਦੀ ਹੋਵੇਗੀ ਅਤੇ ਭਾਜਪਾ ਆਉਣ ਨਾਲ ਸਭ ਰੁਕ ਜਾਵੇਗਾ। ਉਨ੍ਹਾਂ ਕਿਹਾ ਕਿ ਅੱਜ ‘ਆਪ’ ਸਰਕਾਰ ਦੀਆਂ ਮੌਜੂਦਾ ਸਹੂਲਤਾਂ ਕਾਰਨ ਹਰ ਪਰਿਵਾਰ ਨੂੰ ਹਰ ਮਹੀਨੇ ਕਰੀਬ 25 ਹਜ਼ਾਰ ਰੁਪਏ ਦੀ ਬੱਚਤ ਹੋ ਰਹੀ ਹੈ। ਔਰਤਾਂ ਨੂੰ 2100 ਰੁਪਏ ਪ੍ਰਤੀ ਮਹੀਨਾ, ਬਜ਼ੁਰਗਾਂ ਦਾ ਮੁਫ਼ਤ ਇਲਾਜ, ਵਿਦਿਆਰਥੀਆਂ ਲਈ ਮੁਫ਼ਤ ਬੱਸ ਸਫ਼ਰ ਅਤੇ ਮੈਟਰੋ ਦੇ ਕਿਰਾਏ ਵਿੱਚ 50 ਫ਼ੀਸਦੀ ਛੋਟ ਦੇਣ ਦਾ ਵੀ ਐਲਾਨ ਕੀਤਾ ਹੈ। ਇਸ ਨਾਲ ਹਰ ਪਰਿਵਾਰ ਨੂੰ ਕਰੀਬ 10 ਹਜ਼ਾਰ ਰੁਪਏ ਦੀ ਬੱਚਤ ਹੋਵੇਗੀ। ਇਸ ਲਈ ਜੇਕਰ ਦਿੱਲੀ ਦੇ ਲੋਕ ਝਾੜੂ ਦਾ ਬਟਨ ਦਬਾਉਂਦੇ ਹਨ ਤਾਂ ਉਨ੍ਹਾਂ ਨੂੰ ਹਰ ਮਹੀਨੇ ਕਰੀਬ 35 ਹਜ਼ਾਰ ਰੁਪਏ ਦੀ ਬੱਚਤ ਹੋਵੇਗੀ। ਜਦਕਿ ਕੋਈ ਹੋਰ ਬਟਨ ਦਬਾਉਣ ’ਤੇ ਤੁਹਾਡੇ ਤੋਂ 35,000 ਰੁਪਏ ਵਸੂਲੇ ਜਾਣਗੇ। ਕੇਜਰੀਵਾਲ ਨੇ ਕਿਹਾ ਕਿ ਸ਼ਨਿਚਰਵਾਰ ਨੂੰ ਦੇਸ਼ ਦਾ ਬਜਟ ਆ ਰਿਹਾ ਹੈ ਅਤੇ ਸਾਰਿਆਂ ਦੀਆਂ ਨਜ਼ਰਾਂ ਇਸ ਗੱਲ ’ਤੇ ਹਨ ਕਿ ਬਜਟ ਕੀ ਕਰੇਗਾ? ਅਕਸਰ ਬਜਟ ਮਹਿੰਗਾਈ ਲਿਆਉਂਦਾ ਹੈ। ਘਰ ਦਾ ਬਜਟ ਵਿਗੜ ਜਾਂਦਾ ਹੈ। ਅਜਿਹੇ ’ਚ ਲੋਕਾਂ ਲਈ ਇਹ ਦੇਖਣਾ ਜ਼ਰੂਰੀ ਹੋ ਜਾਂਦਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਉਨ੍ਹਾਂ ਦੇ ਬਜਟ ’ਤੇ ਕਿੰਨਾ ਕੁ ਅਸਰ ਪਾਉਂਦੀ ਹੈ। ਦਿੱਲੀ ਸਰਕਾਰ ਹਰ ਪਰਿਵਾਰ ਨੂੰ ਹਰ ਮਹੀਨੇ ਕਰੀਬ 25 ਹਜ਼ਾਰ ਰੁਪਏ ਦਾ ਲਾਭ ਮਿਲ ਰਿਹਾ ਹੈ। ਨਾਲ ਹੀ, ਜੋ ਨਵੀਆਂ ਸਹੂਲਤਾਂ ਦਾ ਐਲਾਨ ਕੀਤਾ ਗਿਆ ਹੈ, ਉਹ ਆਉਣ ਵਾਲੇ ਸਮੇਂ ਵਿੱਚ ਹਰ ਮਹੀਨੇ ਲਗਪਗ 10,000 ਰੁਪਏ ਦੇ ਵਾਧੂ ਲਾਭ ਲਿਆਵੇਗਾ। ਉਨ੍ਹਾਂ ਕਿਹਾ, ‘‘ਅਸੀਂ ਮੁਹੱਲਾ ਕਲੀਨਿਕਾਂ ਅਤੇ ਸਰਕਾਰੀ ਹਸਪਤਾਲਾਂ ਵਿੱਚ ਦਵਾਈਆਂ ਮੁਫ਼ਤ ਮੁਹੱਈਆ ਕਰਵਾਉਂਦੇ ਹਾਂ। ਹੋਰ ਤਾਂ ਹੋਰ, ਜੇਕਰ ਤੁਸੀਂ ਮਾਮੂਲੀ ਜਿਹੀ ਬਿਮਾਰੀ ਲਈ ਵੀ ਡਾਕਟਰ ਕੋਲ ਜਾਂਦੇ ਹੋ ਤਾਂ ਡਾਕਟਰ ਦੀ ਫੀਸ ਅਤੇ ਦਵਾਈਆਂ ਮਿਲਾ ਕੇ ਸਿਰਫ਼ ਇੱਕ ਫੇਰੀ ਵਿੱਚ ਦੋ ਤੋਂ ਢਾਈ ਹਜ਼ਾਰ ਰੁਪਏ ਖਰਚ ਹੋ ਜਾਂਦੇ ਹਨ।’’ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਨਵੀਂ ਮੁਹਿੰਮ ਤਹਿਤ ਪਾਰਟੀ ਵਰਕਰ ਲੋਕ ਦਿੱਲੀ ਵਿੱਚ ਘਰ-ਘਰ ਜਾ ਕੇ ਲੋਕਾਂ ਨੂੰ ਬੱਚਤ ਕਾਰਡ ਭਰਨਗੇ। ਉਨ੍ਹਾਂ ਕਿਹਾ ਕਿ ਜੋ ਟੈਕਸ ਲੋਕ ਅਦਾ ਕਰਦੇ ਹਨ ਅਤੇ ਜੋ ਪੈਸਾ ਸਰਕਾਰੀ ਖ਼ਜ਼ਾਨੇ ਵਿੱਚ ਆਉਂਦਾ ਹੈ। ਉਹ ਸਾਰਾ ਪੈਸਾ ਆਮ ਆਦਮੀ ਪਾਰਟੀ ਦੀ ਸਰਕਾਰ ਜਨਤਾ ’ਤੇ ਖਰਚ ਕਰ ਰਹੀ ਹੈ। ਇਸ ਦੇ ਨਾਲ ਹੀ ਭਾਜਪਾ ਸਰਕਾਰੀ ਖਜ਼ਾਨੇ ਨੂੰ ਕੁਝ ਅਰਬਪਤੀਆਂ ਵੱਲ ਮੋੜ ਦਿੰਦੀ ਹੈ। ਭਾਜਪਾ ਸਾਰਾ ਪੈਸਾ ਅਰਬਪਤੀਆਂ ਨੂੰ ਦਿੰਦੀ ਹੈ। ਪਹਿਲਾਂ ਇਹ ਅਰਬਪਤੀਆਂ ਨੂੰ ਕਰਜ਼ਾ ਦਿੰਦਾ ਹੈ ਅਤੇ ਫਿਰ ਕੁਝ ਸਾਲਾਂ ਬਾਅਦ ਕਰਜ਼ਾ ਮੁਆਫ਼ ਕਰ ਦਿੰਦਾ ਹੈ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪਹਿਲਾਂ ਇੱਕ ਅਰਬਪਤੀ ਨੂੰ 47 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਦਿੱਤਾ ਗਿਆ ਅਤੇ ਬਾਅਦ ਵਿੱਚ 46 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਮੁਆਫ਼ ਕੀਤਾ ਗਿਆ। ਇੱਕ ਹੋਰ ਅਰਬਪਤੀ ਨੂੰ 6.5 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਦਿੱਤਾ ਅਤੇ ਉਸ ਵਿੱਚੋਂ 5 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਮੁਆਫ਼ ਕਰ ਦਿੱਤਾ ਗਿਆ। ਇਸ ਤਰ੍ਹਾਂ ਉਨ੍ਹਾਂ ਨੇ ਪੰਜ ਸਾਲਾਂ ’ਚ 400 ਅਰਬਪਤੀਆਂ ਦੇ 10 ਲੱਖ ਕਰੋੜ ਰੁਪਏ ਮੁਆਫ ਕਰ ਦਿੱਤੇ। ਉਨ੍ਹਾਂ ਕਿਹਾ, ‘‘ਮੈਂ ਚਾਹੁੰਦਾ ਹਾਂ ਕਿ ਪ੍ਰਧਾਨ ਮੰਤਰੀ ਐਲਾਨ ਕਰਨ ਕਿ ਦੇਸ਼ ਦੇ ਅਰਬਪਤੀਆਂ ਦੇ ਕਰਜ਼ੇ ਮੁਆਫ਼ ਨਹੀਂ ਕੀਤੇ ਜਾਣਗੇ। ਸ਼ਨੀਵਾਰ ਨੂੰ ਬਜਟ ਆ ਰਿਹਾ ਹੈ। ਜੇਕਰ ਪ੍ਰਧਾਨ ਮੰਤਰੀ ਅਜਿਹਾ ਐਲਾਨ ਕਰਦੇ ਹਨ ਤਾਂ ਦੇਸ਼ ਦਾ ਮੱਧ ਵਰਗ ਬਹੁਤ ਖੁਸ਼ ਹੋਵੇਗਾ।’’ ਉਨ੍ਹਾਂ ਕਿਹਾ ਕਿ ‘ਆਪ’ ਦੇ ਮੈਨੀਫੈਸਟੋ ਵਿੱਚ ਵਿਦਿਆਰਥੀਆਂ ਲਈ ਮੁਫ਼ਤ ਬੱਸ ਯਾਤਰਾ, ਮਹਿਲਾ ਸਨਮਾਨ ਯੋਜਨਾ ਅਤੇ ਸੰਜੀਵਨੀ ਯੋਜਨਾ ਵਰਗੀਆਂ ਯੋਜਨਾਵਾਂ ਸ਼ਾਮਲ ਹਨ। ਦਿੱਲੀ ਵਿਧਾਨ ਸਭਾ ਚੋਣਾਂ ਲਈ ਵੋਟਿੰਗ 5 ਫਰਵਰੀ ਨੂੰ ਹੋਵੇਗੀ, ਜਦੋਂਕਿ ਨਤੀਜੇ 8 ਫਰਵਰੀ ਨੂੰ ਐਲਾਨੇ ਜਾਣਗੇ।