ਕੇਜਰੀਵਾਲ ਨੇ ਭਾਜਪਾ ਤੇ ਕਾਂਗਰਸ ਆਗੂਆਂ ਨੂੰ ਲਲਕਾਰਿਆ
ਮਨਧੀਰ ਿਸੰਘ ਦਿਓਲ
ਨਵੀਂ ਦਿੱਲੀ, 30 ਜਨਵਰੀ
ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਜ਼ਹਿਰੀਲੇ ਪਾਣੀ ਨੂੰ ਲੈ ਕੇ ਭਾਜਪਾ ਅਤੇ ਕਾਂਗਰਸ ਨੂੰ ਵੱਡੀ ਚੁਣੌਤੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਤੋਂ ਦਿੱਲੀ ਆਉਣ ਵਾਲੇ 7 ਪੀਪੀਐੱਮ ਅਮੋਨੀਆ ਵਾਲੇ ਜ਼ਹਿਰੀਲੇ ਪਾਣੀ ਦੀ ਇੱਕ-ਇੱਕ ਬੋਤਲ ਅਮਿਤ ਸ਼ਾਹ, ਵਰਿੰਦਰ ਸਚਦੇਵਾ, ਨਾਇਬ ਸਿੰਘ ਸੈਣੀ ਅਤੇ ਰਾਹੁਲ ਗਾਂਧੀ ਦੇ ਘਰ ਭੇਜ ਰਹੇ ਹਾਂ। ਹਿੰਮਤ ਹੈ ਤਾਂ ਪਾਣੀ ਪੀ ਕੇ ਦਿਖਾਉਣ, ਨਹੀਂ ਤਾਂ ਦਿੱਲੀ ਵਾਲਿਆਂ ਤੋਂ ਮੁਆਫ਼ੀ ਮੰਗਣ। ਉਨ੍ਹਾਂ ਕਿਹਾ ਕਿ ਭਾਜਪਾ ਨੇ ਯਮੁਨਾ ਦੇ ਪਾਣੀ ਵਿੱਚ ਮਿਲਾਵਟ ਕਰਕੇ ਇਸ ਨੂੰ ਜ਼ਹਿਰੀਲਾ ਬਣਾ ਦਿੱਤਾ ਹੈ। ਇਸ ’ਤੇ ਆਵਾਜ਼ ਚੁੱਕਣ ਉੱਤੇ ਭਾਜਪਾ ਅਤੇ ਕਾਂਗਰਸ ਉਸ ’ਤੇ ਕੇਸ ਦਰਜ ਕਰਨਾ ਚਾਹੁੰਦੇ ਹਨ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਪੱਲਾ ਵਿੱਚ ਜਾ ਕੇ ਪਾਣੀ ਦਾ ਇਕ ਘੁੱਟ ਵੀ ਨਹੀਂ ਪੀ ਸਕੇ ਅਤੇ ਇਹ ਜ਼ਹਿਰੀਲਾ ਪਾਣੀ ਦਿੱਲੀ ਵਾਸੀਆਂ ਨੂੰ ਦੇਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਉਹ ਜਦੋਂ ਤੱਕ ਜਿਉਂਦਾ ਹੈ ਦਿੱਲੀ ਵਾਸੀਆਂ ਨੂੰ ਜ਼ਹਿਰੀਲਾ ਪਾਣੀ ਨਹੀਂ ਪੀਣ ਦੇਵੇਗਾ। ਕੇਜਰੀਵਾਲ ਨੇ ਪਾਰਟੀ ਹੈੱਡਕੁਆਰਟਰ ਵਿੱਚ ਪ੍ਰੈੱਸ ਕਾਨਫਰੰਸ ਵਿੱਚ ਕਿਹਾ ਕਿ ਗੰਗਾ ਦਾ ਕੱਚਾ ਪਾਣੀ ਹਰਿਆਣਾ ਤੋਂ ਯਮੁਨਾ ਅਤੇ ਉੱਤਰ ਪ੍ਰਦੇਸ਼ ਦੇ ਰਸਤੇ ਦਿੱਲੀ ਆ ਰਿਹਾ ਹੈ। ਹਰਿਆਣਾ ਤੋਂ ਯਮੁਨਾ ਰਾਹੀਂ ਆਉਣ ਵਾਲਾ ਪਾਣੀ ਕੁਝ ਦਿਨਾਂ ਤੋਂ ਜ਼ਹਿਰੀਲਾ ਹੋ ਰਿਹਾ ਹੈ। ਇਸ ਸਮੇਂ ਪਾਣੀ ਵਿੱਚ ਅਮੋਨੀਆ ਦਾ ਪੱਧਰ 7 ਪੀਪੀਐਮ ਤੱਕ ਪਹੁੰਚ ਗਿਆ ਹੈ ਜੋ ਸਿਹਤ ਲਈ ਬਹੁਤ ਖ਼ਤਰਨਾਕ ਹੈ। ਕੇਜਰੀਵਾਲ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਯਮੁਨਾ ‘ਚ ਅਮੋਨੀਆ ਦਾ ਪੱਧਰ ਹੌਲੀ-ਹੌਲੀ ਵਧਣਾ ਸ਼ੁਰੂ ਹੋ ਗਿਆ ਸੀ। ਫਿਰ ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਨੇ ਹਰਿਆਣਾ ਦੇ ਹਮਰੁਤਬਾ ਨਾਇਬ ਸਿੰਘ ਸੈਣੀ ਨੂੰ ਫੋਨ ਕੀਤਾ। ਉਨ੍ਹਾਂ ਕਿਹਾ ਊਜੇਕਰ ਅਮੋਨੀਆ ਦਾ ਪੱਧਰ 1 ਪੀਪੀਐੱਮ ਤੋਂ ਵੱਧ ਹੈ ਤਾਂ ਵਾਟਰ ਟਰੀਟਮੈਂਟ ਪਲਾਂਟ ਬੰਦ ਕਰਨਾ ਪੈ ਸਕਦਾ ਹੈ। ਜੇ ਪਾਣੀ ਵਿੱਚ 1 ਪੀਪੀਐੱਮ ਤੋਂ ਵੱਧ ਅਮੋਨੀਆ ਹੈ, ਤਾਂ ਸਾਨੂੰ ਹੌਲੀ-ਹੌਲੀ ਸਾਰੇ ਵਾਟਰ ਟਰੀਟਮੈਂਟ ਪਲਾਂਟ ਬੰਦ ਕਰਨੇ ਪੈਣਗੇ ਅਤੇ ਦਿੱਲੀ ਵਿੱਚ ਪਾਣੀ ਲਈ ਹਾਹਾਕਾਰ ਮੱਚ ਜਾਵੇਗੀ। ਉਨ੍ਹਾਂ ਦੱਸਿਆ ਕਿ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਵਾਰ-ਵਾਰ ਫੋਨ ’ਤੇ ਕਹਿੰਦੇ ਹਨ ਕਿ ਉਹ ਇਸ ਬਾਰੇ ਕੁਝ ਕਰਨਗੇ ਪਰ ਕੁਝ ਨਹੀਂ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਆਤਿਸ਼ੀ ਦੇ ਫੋਨ ਚੁੱਕਣੇ ਬੰਦ ਕਰ ਦਿੱਤੇ। ਅੱਜ ਅਮੋਨੀਆ ਦਾ ਪੱਧਰ 3 ਪੀਪੀਐੱਮ ਤੱਕ ਹੇਠਾਂ ਆ ਗਿਆ ਹੈ। ਸਵਾਲ ਪੈਦਾ ਹੁੰਦਾ ਹੈ ਕਿ ਅਚਾਨਕ ਰੌਲੇ-ਰੱਪੇ ਕਾਰਨ ਇਸ ਦੀ ਮਾਤਰਾ ਕਿਵੇਂ ਘੱਟ ਗਈ। ਇਹ ਕੌਣ ਕਰ ਰਿਹਾ ਸੀ।
ਅਮਿਤ ਸ਼ਾਹ, ਸਚਦੇਵਾ ਅਤੇ ਰਾਹੁਲ ਗਾਂਧੀ ਨੂੰ ਪਾਣੀ ਦੀਆਂ ਬੋਤਲਾਂ ਭੇਜੀਆਂ
ਇਸੇ ਦੌਰਾਨ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੈ ਸਿੰਘ, ਮੁੱਖ ਮੰਤਰੀ ਆਤਿਸ਼ੀ ਆਦਿ ਨੇ ਯਮੁਨਾ ਦੇ ਪਾਣੀ ਦੀ ਇੱਕ-ਇੱਕ ਬੋਤਲ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਭਾਜਪਾ ਦੇ ਸੂਬਾਈ ਪ੍ਰਧਾਨ ਵਰਿੰਦਰ ਸਚਦੇਵਾ, ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਲੋਕ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੂੰ ਭੇਜੀ ਹੈ। ਇਨ੍ਹਾਂ ਆਗੂਆਂ ਨੇ ਕਿਹਾ ਅਮੋਨੀਆ ਦੇ ਪੱਧਰ ਵਧਣ ਕਾਰਨ ਦਿੱਲੀ ਦੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਇਨ੍ਹਾਂ ਆਗੂਆਂ ਨੂੰ ਦਿੱਲੀ ਪੁਲੀਸ ਨੇ ਅੱਗੇ ਨਹੀਂ ਵਧਣ ਦਿੱਤਾ।
ਹਰਿਆਣਾ ਦੇ ਮੁੱਖ ਮੰਤਰੀ ’ਤੇ ਡਰਾਮਾ ਕਰਨ ਦਾ ਦੋਸ਼
‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਬੁੱਧਵਾਰ ਨੂੰ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਡਰਾਮਾ ਕੀਤਾ ਅਤੇ ਉਹ ਖ਼ੁਦ ਇਸ ਵਿੱਚ ਫਸ ਗਏ। ਨਾਇਬ ਸਿੰਘ ਸੈਣੀ ਨੇ ਕਿਹਾ ਕਿ ਉਹ ਪੱਲਾ ਜਾ ਕੇ ਸਾਰਿਆਂ ਦੇ ਸਾਹਮਣੇ ਪਾਣੀ ਪੀਣਗੇ। ਉਨ੍ਹਾਂ ਪਾਣੀ ਪੀਤਾ ਅਤੇ ਦੂਰ ਸੁੱਟ ਦਿੱਤਾ। ਪਾਣੀ ਵਿੱਚ ਜਾਂ ਤਾਂ ਬਹੁਤ ਮਾੜੀ ਬਦਬੂ ਸੀ ਜਾਂ ਪਾਣੀ ਬਹੁਤ ਗੰਦਾ ਸੀ। ਉਨ੍ਹਾਂ ਕਿਹਾ ਕਿ ਜੇ ਪ੍ਰੈੱਸ ਕਾਨਫਰੰਸ ‘ਚ ਇਹ ਚਾਰੇ ਲੋਕ ਪਾਣੀ ਦੀ ਬੋਤਲ ਪੀਂਦੇ ਹਨ ਤਾਂ ਉਹ ਮੰਨ ਲੈਣਗੇ ਕਿ ਉਨ੍ਹਾਂ ਝੂਠ ਬੋਲਿਆ। ਜੇ ਹਿੰਮਤ ਹੈ ਤਾਂ ਉਹ ਪਾਣੀ ਪੀ ਕੇ ਦਿਖਾਉਣ।
ਗਰਸੀ ਸਮਰਥਕਾਂ ਨੂੰ ਝਾੜੂ ਨੂੰ ਵੋਟ ਪਾਉਣ ਦੀ ਅਪੀਲ
ਨਵੀਂ ਦਿੱਲੀ (ਪੱਤਰ ਪ੍ਰੇਰਕ): ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿੱਚ ਕਾਂਗਰਸ ਸਮਰਥਕਾਂ ਨੂੰ ਇਸ ਵਾਰੀ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇ ਤੁਸੀਂ ਝਾੜੂ ਨੂੰ ਵੋਟ ਪਾਉਂਦੇ ਹੋ ਤਾਂ ਹਰ ਮਹੀਨੇ 25 ਹਜ਼ਾਰ ਰੁਪਏ ਦੀ ਬਚਤ ਹੋਵੇਗੀ ਪਰ ਜੇ ਤੁਸੀਂ ਕਾਂਗਰਸ ਨੂੰ ਵੋਟ ਦਿੰਦੇ ਹੋ ਤਾਂ ਭਾਜਪਾ ਨੂੰ ਫਾਇਦਾ ਹੋਵੇਗਾ ਅਤੇ ਜੇ ਭਾਜਪਾ ਆਈ ਤਾਂ ਦਿੱਤੀਆਂ ਜਾ ਰਹੀਆਂ ਸਾਰੀਆਂ ਮੁਫਤ ਸਹੂਲਤਾਂ ਬੰਦ ਹੋ ਜਾਣਗੀਆਂ। ਉਨ੍ਹਾਂ ਕਿਹਾ ਕਿ ਕੁਝ ਕਾਂਗਰਸੀ ਸਮਰਥਕ ਉਨ੍ਹਾਂ ਨੂੰ ਮਿਲਣ ਆਏ ਸਨ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ‘ਆਪ’ ਨੂੰ ਹਰਾਉਣ ਲਈ ਕਾਂਗਰਸ-ਭਾਜਪਾ ਨਾਲ ਗੱਠਜੋੜ ਕਰਕੇ ਚੋਣਾਂ ਲੜ ਰਹੀ ਹੈ। ਉਨ੍ਹਾਂ ਮੰਨਿਆ ਕਿ ਉਨ੍ਹਾਂ ਨੂੰ ਮੁਫ਼ਤ ਬਿਜਲੀ-ਪਾਣੀ, ਸਰਕਾਰੀ ਸਕੂਲ-ਹਸਪਤਾਲ ਦਾ ਲਾਭ ਵੀ ਮਿਲ ਰਿਹਾ ਹੈ ਅਤੇ ਇਸ ਵਾਰ ਉਹ ਆਮ ਆਦਮੀ ਪਾਰਟੀ ਨੂੰ ਹੀ ਵੋਟ ਪਾਉਣਗੇ।