For the best experience, open
https://m.punjabitribuneonline.com
on your mobile browser.
Advertisement

ਈਡੀ ਵੱਲੋਂ ਕੇਜਰੀਵਾਲ ਗ੍ਰਿਫ਼ਤਾਰ

07:18 AM Mar 22, 2024 IST
ਈਡੀ ਵੱਲੋਂ ਕੇਜਰੀਵਾਲ ਗ੍ਰਿਫ਼ਤਾਰ
ਈਡੀ ਦੀ ਟੀਮ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਗ੍ਰਿਫ਼ਤਾਰੀ ਮਗਰੋਂ ਕੇਂਦਰੀ ਦਿੱਲੀ ਸਥਿਤ ਆਪਣੇ ਦਫ਼ਤਰ ਲਿਜਾਂਦੀ ਹੋਈ। -ਫੋਟੋ: ਮੁਕੇਸ਼ ਅਗਰਵਾਲ
Advertisement

ਨਵੀਂ ਦਿੱਲੀ, 21 ਮਾਰਚ
ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਦਿੱਲੀ ਆਬਕਾਰੀ ਨੀਤੀ ਨਾਲ ਜੁੜੇ ਮਨੀ ਲਾਂਡਰਿੰਗ ਕੇਸ ਵਿਚ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਈਡੀ ਦੀ ਟੀਮ ਕੇਜਰੀਵਾਲ ਨੂੰ ਕੇਂਦਰੀ ਦਿੱਲੀ ਸਥਿਤ ਆਪਣੇ ਦਫ਼ਤਰ ਲੈ ਗਈ ਹੈ ਜਿਥੇ ਉਨ੍ਹਾਂ ਦੀ ਮੈਡੀਕਲ ਜਾਂਚ ਕਰਵਾਈ ਗਈ। ਸੰਘੀ ਏਜੰਸੀ ਕੇਜਰੀਵਾਲ ਨੂੰ ਭਲਕੇ ਕੋਰਟ ’ਚ ਪੇਸ਼ ਕਰ ਕੇ ਰਿਮਾਂਡ ਦੀ ਮੰਗ ਕਰੇਗੀ। ਇਸ ਦੌਰਾਨ ਦਿੱਲੀ ਪੁਲੀਸ ਨੇ ਕੇਜਰੀਵਾਲ ਦੀ ਗ੍ਰਿਫ਼ਤਾਰੀ ਦਾ ਵਿਰੋਧ ਕਰਦੇ ‘ਆਪ’ ਵਰਕਰਾਂ ਨੂੰ ਹਿਰਾਸਤ ’ਚ ਲੈ ਲਿਆ ਹੈ।
ਦਿੱਲੀ ਹਾਈ ਕੋਰਟ ਵੱਲੋਂ ਅੱਜ ਕੇਜਰੀਵਾਲ ਨੂੰ ਸਖ਼ਤ ਕਾਰਵਾਈ ਤੋਂ ਕੋਈ ਰਾਹਤ ਦੇਣ ਤੋਂ ਇਨਕਾਰ ਕੀਤੇ ਜਾਣ ਤੋਂ ਫੌਰੀ ਮਗਰੋਂ ਈਡੀ ਦੀ ਟੀਮ ਮੁੱਖ ਮੰਤਰੀ ਦੀ ਰਿਹਾਇਸ਼ ’ਤੇ ਪੁੱਜ ਗਈ ਸੀ। ਸੰਘੀ ਜਾਂਚ ਏਜੰਸੀ ਨੇ ਦੋ ਘੰਟੇ ਦੀ ਪੁੱਛ-ਪੜਤਾਲ ਮਗਰੋਂ ਕੇਜਰੀਵਾਲ ਨੂੰ ਗ੍ਰਿਫ਼ਤਾਰ ਕਰਨ ਦਾ ਫੈਸਲਾ ਕੀਤਾ। ਉਂਜ ਕੇਜਰੀਵਾਲ ਦੇ ਵਕੀਲਾਂ ਨੇ ਹਾਈ ਕੋਰਟ ਦੇ ਉਪਰੋਕਤ ਫੈਸਲੇ ਖਿਲਾਫ਼ ਅੱਜ ਦਿਨੇਂ ਹੀ ਸੁਪਰੀਮ ਕੋਰਟ ਵਿਚ ਦਸਤਕ ਦੇ ਦਿੱਤੀ ਸੀ। ਸਰਬਉਚ ਕੋਰਟ ਵੱਲੋਂ ਕੇਜਰੀਵਾਲ ਦੀ ਪਟੀਸ਼ਨ ’ਤੇ ਭਲਕੇ ਸੁਣਵਾਈ ਕੀਤੀ ਜਾ ਸਕਦੀ ਹੈ। ਇਸ ਦੌਰਾਨ ‘ਆਪ’ ਨੇ ਕਿਹਾ ਕਿ ਕੇਜਰੀਵਾਲ ‘‘ਦਿੱਲੀ ਦੇ ਮੁੱਖ ਮੰਤਰੀ ਬਣੇ ਰਹਿਣਗੇ। ਜੇਕਰ ਲੋੜ ਪਈ ਤਾਂ ਉਹ ਜੇਲ੍ਹ ਤੋਂ ਹੀ ਸਰਕਾਰ ਚਲਾਉਣਗੇ।’’ ਦਿੱਲੀ ਵਿਚ ਅੱਜ ਦਿਨੇਂ ਤੇਜ਼ੀ ਨਾਲ ਬਦਲਦੇ ਘਟਨਾਕ੍ਰਮ ਦਰਮਿਆਨ ਹਾਈ ਕੋਰਟ ਵੱਲੋਂ ਸੁਣਾਏ ਉਪਰੋਕਤ ਫੈਸਲੇ ਤੋਂ ਫੌਰੀ ਮਗਰੋਂ ਈਡੀ ਦੀ 10 ਮੈਂਬਰੀ ਟੀਮ ਕੇਜਰੀਵਾਲ ਦੀ ਸਿਵਲ ਲਾਈਨਜ਼ ਇਲਾਕੇ ਵਿਚਲੀ ਫਲੈਗਸਟਾਫ਼ ਰੋਡ ਸਥਿਤ ਰਿਹਾਇਸ਼ ’ਤੇ ਪੁੱਜੀ। ਟੀਮ ਨੇ ਘਰ ਦੀ ਤਲਾਸ਼ੀ ਲਈ ਅਤੇ ਮੁੱਖ ਮੰਤਰੀ ਤੋਂ ਦੋ ਘੰਟੇ ਤੋਂ ਵੱਧ ਸਮਾਂ ਪੁੱਛ-ਪੜਤਾਲ ਮਗਰੋਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਅਧਿਕਾਰੀਆਂ ਨੇ ਕਿਹਾ ਕਿ ਈਡੀ ਹੁਣ ਮੁੱਖ ਮੰਤਰੀ ਨੂੰ ਭਲਕੇ (ਸ਼ੁੱਕਰਵਾਰ ਨੂੰ) ਕੋਰਟ ਵਿਚ ਪੇਸ਼ ਕਰਕੇ ਹਿਰਾਸਤ ਦੀ ਮੰਗ ਕਰੇਗੀ। ਕਾਬਿਲੇਗੌਰ ਹੈ ਕਿ ਈਡੀ ਨੇ ਇਸ ਮਾਮਲੇ ਵਿਚ ਪੁੱਛ-ਪੜਤਾਲ ਲਈ ਮੁੱਖ ਮੰਤਰੀ ਨੂੰ ਨੌਂ ਵਾਰੀ ਸੰਮਨ ਜਾਰੀ ਕੀਤੇ ਸਨ, ਪਰ ਕੇਜਰੀਵਾਲ ਨੇ ਇਕ ਵੀ ਸੰਮਨ ਦੀ ਤਾਮੀਲ ਨਹੀਂ ਕੀਤੀ। ਪਿਛਲੇ ਦਿਨੀਂ ਜਾਰੀ ਸੰਮਨ ਵਿਚ 21 ਮਾਰਚ ਨੂੰ ਪੇਸ਼ ਹੋਣ ਲਈ ਕਿਹਾ ਗਿਆ ਸੀ। ਕੇਜਰੀਵਾਲ ਇਨ੍ਹਾਂ ਸੰਮਨਾਂ ਨੂੰ ‘ਗੈਰਕਾਨੂੰਨੀ’ ਦੱਸਦੇ ਰਹੇ ਹਨ।
ਉਧਰ ਕੇੇਜਰੀਵਾਲ ਦੀ ਰਿਹਾਇਸ਼ ’ਤੇ ਈਡੀ ਦੀ ਸੰਭਾਵੀ ਦਸਤਕ ਦੇ ਮੱਦੇਨਜ਼ਰ ਸਿਵਲ ਲਾਈਨਜ਼ ਇਲਾਕੇ ਵਿਚ ਸੁਰੱਖਿਆ ਵਧਾ ਦਿੱਤੀ ਗਈ ਸੀ। ਦਿੱਲੀ ਪੁਲੀਸ ਦੇ ਨਾਲ ਰੈਪਿਡ ਐਕਸ਼ਨ ਫੋਰਸ ਤੇ ਕੇਂਦਰੀ ਰਿਜ਼ਰਵ ਪੁਲੀਸ ਬਲ (ਸੀਆਰਪੀਐੱਫ) ਦੀਆਂ ਯੂਨਿਟਾਂ ਵੀ ਤਾਇਨਾਤ ਕੀਤੀਆਂ ਗਈਆਂ ਹਨ। ਈਡੀ ਦੀ ਦਸਤਕ ਦਾ ਪਤਾ ਲੱਗਦਿਆਂ ਹੀ ਦਿੱਲੀ ਸਰਕਾਰ ’ਚ ਮੰਤਰੀ ਸੌਰਭ ਭਾਰਦਵਾਜ, ਆਤਿਸ਼ੀ ਤੇ ਹੋਰ ‘ਆਪ’ ਆਗੂ ਤੇ ਵਰਕਰ ਮੁੱਖ ਮੰਤਰੀ ਦੀ ਰਿਹਾਇਸ਼ ਦੇ ਬਾਹਰ ਇਕੱਤਰ ਹੋ ਗਏ। ਇਨ੍ਹਾਂ ਆਗੂਆਂ ਤੇ ਵਰਕਰਾਂ ਨੇ ‘ਆਪ ਜ਼ਿੰਦਾਬਾਦ’, ‘ਅਰਵਿੰਦ ਕੇਜਰੀਵਾਲ ਜ਼ਿੰਦਾਬਾਦ’ ਤੇ ‘ਅਰਵਿੰਦ ਭਾਈ ਤੁਮ ਸੰਘਰਸ਼ ਕਰੋ, ਹਮ ਤੁਮਹਾਰੇ ਸਾਥ ਹੈਂ’ ਦੇ ਨਾਅਰੇ ਲਾਏ।
‘ਆਪ’ ਨੇ ਐਕਸ ’ਤੇ ਲੜੀਵਾਰ ਪੋਸਟਾਂ ਵਿਚ ਕਿਹਾ, ‘‘ਈਡੀ ਦਿੱਲੀ ਦੇ ਪੁੱਤਰ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ’ਤੇ ਪਹੁੰਚ ਗਈ ਹੈ। ਭਾਜਪਾ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਹ ਜਿਸ ਪਹਾੜ ਨੂੰ ਹਿਲਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਉਸ ਦੀ ਹਮਾਇਤ ਵਿਚ ਪੂਰਾ ਦੇਸ਼ ਖੜ੍ਹਾ ਹੈ। ਦਿੱਲੀ ਦੇ ਲੋਕ ਸਭ ਕੁਝ ਦੇਖ ਰਹੇ ਹਨ। ਅੱਜ ਕੋਈ ਚੁੱਪ ਨਹੀਂ ਰਹੇਗਾ।’’
ਉਧਰ ਦਿਨੇਂ ਕੇਜਰੀਵਾਲ ਨੇ ਇਸ ਮਾਮਲੇ ਵਿਚ ਹਾਈ ਕੋਰਟ ਤੋਂ ਰਾਹਤ ਨਾ ਮਿਲਣ ਮਗਰੋਂ ਸੁਪਰੀਮ ਕੋਰਟ ਦਾ ਰੁਖ਼ ਕੀਤਾ। ਮਗਰੋਂ ‘ਆਪ’ ਆਗੂ ਆਤਿਸ਼ੀ ਨੇ ਕਿਹਾ ਕਿ ਉਹ ਕੇਜਰੀਵਾਲ ਦੀ ਗ੍ਰਿਫ਼ਤਾਰੀ ਨੂੰ ਰੱਦ ਕਰਵਾਉਣ ਲਈ ਸੁਪਰੀਮ ਕੋਰਟ ਪਹੁੰਚ ਗਏ ਹਨ। ਈਡੀ ਨੇ ਇਸੇ ਮਾਮਲੇ ਵਿਚ ਪਿਛਲੇ ਹਫ਼ਤੇ ਭਾਰਤ ਰਾਸ਼ਟਰ ਸਮਿਤੀ (ਬੀਆਰਐੱਸ) ਆਗੂ ਕੇ.ਕਵਿਤਾ ਨੂੰ ਹੈਦਰਾਬਾਦ ਤੋਂ ਗ੍ਰਿਫ਼ਤਾਰ ਕੀਤਾ ਸੀ। ਤਿਲੰਗਾਨਾ ਦੇ ਸਾਬਕਾ ਮੁੱਖ ਮੰਤਰੀ ਕੇ.ਚੰਦਰਸ਼ੇਖਰ ਰਾਓ ਦੀ ਧੀ ਕਵਿਤਾ 23 ਮਾਰਚ ਤੱਕ ਈਡੀ ਦੀ ਹਿਰਾਸਤ ਵਿਚ ਹੈ। -ਪੀਟੀਆਈ

Advertisement

ਕੇਜਰੀਵਾਲ ਦੀ ਗ੍ਰਿਫ਼ਤਾਰੀ ਪਿੱਛੇ ਵੱਡੀ ਸਾਜ਼ਿਸ਼: ਆਪ

ਈਡੀ ਦੀ ਕਾਰਵਾਈ ਦਾ ਵਿਰੋਧ ਕਰਦੀ ਹੋਈ ਆਤਿਸ਼ੀ ਅਤੇ ਜਰਨੈਲ ਸਿੰਘ ਨੂੰ ਹਿਰਾਸਤ ’ਚ ਲੈਦੀ ਹੋਈ ਪੁਲੀਸ। -ਫੋਟੋਆਂ: ਪੀਟੀਆਈ

ਨਵੀਂ ਦਿੱਲੀ: ਆਮ ਆਦਮੀ ਪਾਰਟੀ (ਆਪ) ਨੇ ਕਿਹਾ ਕਿ ਅਗਾਮੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਈਡੀ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਗ੍ਰਿਫ਼ਤਾਰ ਕਰਨ ਪਿੱਛੇ ‘ਵੱਡੀ ਸਾਜ਼ਿਸ਼’ ਹੈ। ਪਾਰਟੀ ਨੇ ਦੋਸ਼ ਲਾਇਆ ਕਿ ਭਾਜਪਾ ਕੇਜਰੀਵਾਲ ਨੂੰ ਗੋਡਿਆਂ ਭਾਰ ਲਿਆਉਣ ਲਈ ਕਿਸੇ ਵੀ ਹੱਦ ਤੱਕ ਡਿੱਗ ਸਕਦੀ ਹੈ। ਮੁੱਖ ਮੰਤਰੀ ਦੀ ਰਿਹਾਇਸ਼ ਬਾਹਰ ਇਕੱਤਰ ਦਿੱਲੀ ਸਰਕਾਰ ’ਚ ਮੰਤਰੀ ਆਤਿਸ਼ੀ ਨੇ ਕਿਹਾ, ‘‘ਇਸ ਪੂਰੇ ਘਟਨਾਕ੍ਰਮ ਤੋਂ ਸਾਫ਼ ਹੋ ਗਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੇਜਰੀਵਾਲ ਦਾ ਕਿੰਨਾ ਖੌਫ਼ ਹੈ। ਲੋਕ ਸਭਾ ਚੋਣਾਂ ਤੋਂ ਪਹਿਲਾਂ ਕੇਜਰੀਵਾਲ ਨੂੰ ਜੇਲ੍ਹ ਭੇਜਣ ਲਈ ਉਨ੍ਹਾਂ (ਮੋਦੀ) ਸਾਜ਼ਿਸ਼ ਘੜੀ।’’ ਆਤਿਸ਼ੀ ਨੇ ਕਿਹਾ ਕਿ ਈਡੀ ਭਾਜਪਾ ਦਾ ‘ਸਿਆਸੀ ਸੰਦ’ ਬਣ ਗਈ ਹੈ। ਆਪ ਆਗੂ ਨੇ ਕਿਹਾ, ‘‘ਈਡੀ ਹੁਣ ਸੁਤੰਤਰ ਏਜੰਸੀ ਨਹੀਂ ਰਹੀ। ਇਹ ਸਿਆਸੀ ਸੰਦ ਬਣ ਗਈ ਹੈ। ਮੋਦੀ ਨੂੰ ਪਤਾ ਹੈ ਕਿ ਦੇਸ਼ ਵਿਚ ਜੇਕਰ ਕੋਈ ਉਨ੍ਹਾਂ ਦਾ ਬਦਲ ਹੈ ਤਾਂ ਉਹ ਸਿਰਫ਼ ਕੇਜਰੀਵਾਲ ਹੈ। ਦਿੱਲੀ ਦੇ ਲੋਕ ਕੇਜਰੀਵਾਲ ਨੂੰ ਆਪਣੇ ਪਰਿਵਾਰ ਦਾ ਮੈਂਬਰ ਮੰਨਦੇ ਹਨ ਤੇ ਇਹੀ ਵਜ੍ਹਾ ਹੈ ਕਿ ਮੋਦੀ ਡਰੇ ਹੋਏ ਹਨ।’’ ‘ਆਪ’ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਕਿਹਾ ਕਿ ਕੇਜਰੀਵਾਲ ਕੋਲ ਕਰੋੜਾਂ ਲੋਕਾਂ ਦੀਆਂ ਦੁਆਵਾਂ ਹਨ। -ਪੀਟੀਆਈ

ਦਿੱਲੀ ਦਾ ਅਗਲਾ ਮੁੱਖ ਮੰਤਰੀ ਕੌਣ?

ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਅੱਜ ਈਡੀ ਵੱਲੋਂ ਗ੍ਰਿਫ਼ਤਾਰ ਕਰ ਲਏ ਜਾਣ ਤੋਂ ਬਾਅਦ ‘ਆਪ’ ਅਤੇ ਦਿੱਲੀ ਸਰਕਾਰ ਅੱਗੇ ਲੀਡਰਸ਼ਿਪ ਦਾ ਸਵਾਲ ਖੜ੍ਹਾ ਹੋ ਗਿਆ ਹੈ ਕਿ ਹੁਣ ਉਨ੍ਹਾਂ ਦੀ ਥਾਂ ਦਿੱਲੀ ਦਾ ਮੁੱਖ ਮੰਤਰੀ ਕੌਣ ਹੋਵੇਗਾ? ਇਸ ਸਬੰਧ ਵਿਚ ਉਨ੍ਹਾਂ ਦੀ ਪਤਨੀ ਸੁਨੀਤਾ ਕੇਜਰੀਵਾਲ ਅਤੇ ਕੈਬਨਿਟ ਮੰਤਰੀਆਂ ਆਤਿਸ਼ੀ ਤੇ ਸੌਰਭ ਭਾਰਦਵਾਜ ਦੇ ਨਾਂ ਲਏ ਜਾ ਰਹੇ ਹਨ। -ਪੀਟੀਆਈ

ਕੇਜਰੀਵਾਲ ਦੀ ਸੋਚ ਨੂੰ ਕੈਦ ਨਹੀਂ ਕਰ ਸਕਦੀ ਈਡੀ: ਭਗਵੰਤ ਮਾਨ

ਚੰਡੀਗੜ੍ਹ (ਟਨਸ): ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਭਾਜਪਾ ਦੀ ਰਾਜਨੀਤਕ ਟੀਮ ਈਡੀ ਅਰਵਿੰਦ ਕੇਜਰੀਵਾਲ ਦੀ ਸੋਚ ਨੂੰ ਕੈਦ ਨਹੀਂ ਕਰ ਸਕਦੀ ਹੈ। ‘ਐਕਸ’ ਉੱਤੇ ਪੋਸਟ ’ਚ ਮਾਨ ਨੇ ਕਿਹਾ, ‘‘ ਆਪ ਹੀ ਅਜਿਹੀ ਪਾਰਟੀ ਹੈ ਜੋ ਭਾਜਪਾ ਨੂੰ ਰੋਕ ਸਕਦੀ ਹੈ। ਇਸੇ ਕਰ ਕੇ ਭਾਜਪਾ ਵੱਲੋਂ ਜਾਣਬੁੱਝ ਕੇ ਕੇਜਰੀਵਾਲ ਸਣੇ ਹੋਰ ਆਗੂਆਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।’’ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਲੋਕ ਹਿੱਤ ਲਈ ਕੰਮ ਕਰ ਰਹੀ ਹੈ ਅਤੇ ਹਰ ਸਮੇਂ ਲੋਕ ਹਿੱਤ ਵਿੱਚ ਹੀ ਸੋਚਦੀ ਹੈ।

Advertisement
Author Image

sukhwinder singh

View all posts

Advertisement
Advertisement
×