ਕੇਜਰੀਵਾਲ ਵੱਲੋਂ ਭਾਜਪਾ ਸਮਰਥਕਾਂ ਨੂੰ ‘ਆਪ’ ਦੇ ਹੱਕ ਵਿੱਚ ਭੁਗਤਣ ਦੀ ਅਪੀਲ
ਪੱਤਰ ਪ੍ਰੇਰਕ
ਨਵੀਂ ਦਿੱਲੀ, 1 ਫਰਵਰੀ
‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਇੱਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਭਾਜਪਾ ਸਮਰਥਕਾਂ ਨੂੰ ‘ਆਪ’ ਦਾ ਸਮਰਥਨ ਕਰਨ ਦੀ ਅਪੀਲ ਕੀਤੀ। ਉਨ੍ਹਾਂ ਭਾਜਪਾ ਸਮਰਥਕਾਂ ਨੂੰ ਕਿਹਾ ਕਿ ਸਮਰਥਕ, ਵਰਕਰ ਭਾਜਪਾ ਵਿੱਚ ਰਹਿਣ ਪਰ ਵੋਟ ‘ਆਪ’ ਨੂੰ ਪਾਉਣ, ਨਹੀਂ ਤਾਂ ਦਿੱਲੀ ਵਿੱਚ ਉਨ੍ਹਾਂ ਨੂੰ ਪ੍ਰਤੀ ਪਰਿਵਾਰ 25 ਹਜ਼ਾਰ ਰੁਪਏ ਪ੍ਰਤੀ ਮਹੀਨਾ ਮਿਲਣ ਵਾਲੀ ਸਹੂਲਤ ਬੰਦ ਕਰ ਦਿੱਤੀ ਜਾਵੇਗੀ। ਕੇਜਰੀਵਾਲ ਨੇ 2015 ਵਿੱਚ ਵੀ ਅਜਿਹੀ ਅਪੀਲ ਕੀਤੀ ਸੀ।
ਕੇਜਰੀਵਾਲ ਨੇ ਭਾਜਪਾ ਵਰਕਰਾਂ ਨੂੰ ਅਪੀਲ ਕੀਤੀ ਕਿ ਚੰਗੇ ਸਕੂਲਾਂ-ਹਸਪਤਾਲਾਂ ਲਈ ‘ਆਪ’ ਨੂੰ ਵੋਟ ਦਿਓ ਅਤੇ 25,000 ਰੁਪਏ ਪ੍ਰਤੀ ਮਹੀਨਾ ਬਚਾਓ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਆਈ ਤਾਂ ‘ਆਪ’ ਸਰਕਾਰ ਦੀ ਮੁਫ਼ਤ ਬਿਜਲੀ, ਪਾਣੀ, ਸਿੱਖਿਆ, ਇਲਾਜ, ਔਰਤਾਂ ਦਾ ਬੱਸ ਸਫਰ ਬੰਦ ਕਰ ਦੇਵੇਗੀ ਅਤੇ ਆਮ ਦਿੱਲੀ ਵਾਸੀਆਂ ਨੂੰ ਹਰ ਮਹੀਨੇ 25 ਹਜ਼ਾਰ ਦਾ ਨੁਕਸਾਨ ਹੋਵੇਗਾ। ਉਨ੍ਹਾਂ ਕਿਹਾ ਕਿ ਦੇਸ਼ ਦੇ 20 ਰਾਜਾਂ ਵਿੱਚ ਭਾਜਪਾ ਦੀ ਸਰਕਾਰ ਹੈ, ਪਰ ਕਿਤੇ ਵੀ 24 ਘੰਟੇ ਮੁਫ਼ਤ ਬਿਜਲੀ ਅਤੇ ਚੰਗੇ ਸਰਕਾਰੀ ਸਕੂਲ ਨਹੀਂ, ਉਥੇ ਬਿਜਲੀ ਦੇ ਬਿੱਲ ਹਜ਼ਾਰਾਂ ਰੁਪਏ ਹਨ। ਉਨ੍ਹਾਂ ਕਿਹਾ ਕਿ ਭਾਜਪਾ ਸਮਰਥਕਾਂ ਨੂੰ ਆਪਣੀ ਪਾਰਟੀ ਤੇ ਰਾਜਨੀਤੀ ਨੂੰ ਭੁੱਲ ਕੇ ਆਪਣੇ ਪਰਿਵਾਰਾਂ ਬਾਰੇ ਸੋਚਣਾ ਚਾਹੀਦਾ ਹੈ, ਜੇ ਕੇਜਰੀਵਾਲ ਹਾਰ ਗਏ ਤਾਂ ਤੁਹਾਡਾ ਕੀ ਹੋਵੇਗਾ। ਚੋਣਾਂ ਸਮੇਂ ਜੇ ਭਾਜਪਾ ਦੇ ਕੁਝ ਫ਼ੀਸਦ ਸਮਰਥਕ ਵੀ ‘ਆਪ’ ਨੂੰ ਵੋਟ ਪਾਉਂਦੇ ਹਨ ਤਾਂ ਉਨ੍ਹਾਂ ਦੀ ਪਾਰਟੀ ਨੂੰ ਇਸ ਦਾ ਲਾਭ ਜ਼ਰੂਰ ਮਿਲ ਸਕਦਾ ਹੈ। ਕੇਜਰੀਵਾਲ ਨੇ 2015 ਦੀਆਂ ਚੋਣਾਂ ਵਿੱਚ ਵੀ ਅਜਿਹੀ ਅਪੀਲ ਕੀਤੀ ਸੀ।