ਸੁਖਬੀਰ ’ਤੇ ਹਮਲੇ ਲਈ ਕੇਜਰੀਵਾਲ ਤੇ ਮਾਨ ਜ਼ਿੰਮੇਵਾਰ: ਰੋਮਾਣਾ
ਮਨੋਜ਼ ਸ਼ਰਮਾ
ਬਠਿੰਡਾ, 9 ਦਸੰਬਰ
ਸ਼੍ਰੋਮਣੀ ਅਕਾਲੀ ਦਲ ਨੇ ਅੱਜ ਸਾਬਕਾ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ’ਤੇ ਹੋਏ ਹਮਲੇ ਲਈ ‘ਆਪ’ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿੱਧੇ ਤੌਰ ’ਤੇ ਜ਼ਿੰਮੇਵਾਰ ਠਹਿਰਾਇਆ ਤੇ ਜ਼ੋਰ ਦੇ ਕੇ ਕਿਹਾ ਕਿ ਅੰਮ੍ਰਿਤਸਰ ਦੇ ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਹਮਲਾਵਰ ਤੇ ਅਤਿਵਾਦੀ ਨਰੈਣ ਸਿੰਘ ਚੌੜਾ ਨਾਲ ਰਲੇ ਹੋਏ ਹਨ।
ਇੱਥੇ ਪ੍ਰੈਸ ਕਾਨਫਰੰਸ ਦੌਰਾਨ ਅਕਾਲੀ ਦਲ ਦੇ ਬੁਲਾਰੇ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਕਿਹਾ ਕਿ ਅੰਮ੍ਰਿਤਸਰ ਪੁਲੀਸ ਨੇ ਜਾਣ-ਬੁੱਝ ਕੇ ਹਮਲਾਵਰ ਖ਼ਿਲਾਫ਼ ਢਿੱਲੀ ਐੱਫਆਈਆਰ ਦਰਜ ਕੀਤੀ ਹੈ, ਜਿਸ ਵਿਚ ਕਿਹਾ ਹੈ ਕਿ ਚੌੜਾ ਸੰਗਤ ਦਾ ਮੈਂਬਰ ਹੈ, ਜਿਸ ਨੇ ਸੁਖਬੀਰ ਬਾਦਲ ’ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਪਰ ਪੁਲੀਸ ਮੁਲਾਜ਼ਮਾਂ ਨੇ ਉਸ ਨੂੰ ਕਾਬੂ ਕਰ ਲਿਆ ਅਤੇ ਧੱਕਾ ਮੁੱਕੀ ਦੌਰਾਨ ਹਵਾਈ ਫਾਇਰ ਹੋ ਗਿਆ।
ਬੰਟੀ ਰੋਮਾਣਾ ਨੇ ਕਿਹਾ ਅੰਮ੍ਰਿਤਸਰ ਪੁਲੀਸ ਨੇ ਹਮਲੇ ਤੋਂ ਛੇ ਘੰਟਿਆਂ ਬਾਅਦ ਐੱਫਆਈਆਰ ਦਰਜ ਕੀਤੀ। ਇਹ ਐੱਫਆਈਆਰ ਵੀ ਸੁਖਬੀਰ ਬਾਦਲ ਦੇ ਨਿੱਜੀ ਸੁਰੱਖਿਆ ਅਫਸਰ (ਪੀਐੱਸਓ) ਏਐੱਸਆਈ ਜਸਬੀਰ ਸਿੰਘ, ਜਿਸ ਨੇ ਹਮਲੇ ਨੂੰ ਅਸਫਲ ਬਣਾਇਆ, ਉਸ ਦੇ ਬਿਆਨ ’ਤੇ ਨਹੀਂ ਸਗੋਂ ਜੋ ਅਫਸਰ ਮੌਕੇ ’ਤੇ ਹਾਜ਼ਰ ਨਹੀਂ ਸੀ, ਉਸ ਦੇ ਬਿਆਨ ਦੇ ਆਧਾਰ ’ਤੇ ਦਰਜ ਕੀਤੀ। ਰੋਮਾਣਾ ਨੇ ਕਿਹਾ ਕਿ ਅੰਮ੍ਰਿਤਸਰ ਪੁਲੀਸ ਕਮਿਸ਼ਨਰ ਨੇ ਜਾਣ-ਬੁੱਝ ਕੇ ਇਹ ਬਿਆਨ ਦਿੱਤਾ ਕਿ ਪੁਲੀਸ ਇਹ ਵੀ ਜਾਂਚ ਕਰ ਰਹੀ ਹੈ ਕਿ ਕੀ ਸੁਖਬੀਰ ਬਾਦਲ ਨੇ ਹਮਦਰਦੀ ਲੈਣ ਲਈ ਆਪਣੇ ’ਤੇ ਹਮਲਾ ਤਾਂ ਨਹੀਂ ਕਰਵਾਇਆ ਤੇ ਇਸ ਬਿਆਨ ਦਾ ਮਕਸਦ ਕੇਸ ਦੀ ਜਾਂਚ ਨੂੰ ਹੋਰ ਪਾਸੇ ਤੋਰਨਾ ਤੇ ਕਮਜ਼ੋਰ ਕਰਨਾ ਸੀ। ਉਨ੍ਹਾਂ ਐੱਫਆਈਆਰ ਨੂੰ ਰੱਦ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਸਾਰੇ ਮਾਮਲੇ ਦੀ ਜਾਂਚ ਸੀਬੀਆਈ ਜਾਂ ਐੱਨਆਈਏ ਕਰੇ।