ਪੰਜਾਬੀਅਤ ਦਾ ਮਾਣ ਸੀ ਕੇਹਰ ਸ਼ਰੀਫ਼
ਬਲਵਿੰਦਰ ਸਿੰਘ ਚਾਹਲ
ਕੇਹਰ ਸ਼ਰੀਫ਼ ਦੀਆਂ ਲਿਖਤਾਂ ਵਿੱਚੋਂ ਮੈਨੂੰ ਇੱਕ ਸੱਚੇ ਸੁੱਚੇ ਪੰਜਾਬੀ ਦੀ ਝਲਕ ਪੈਂਦੀ ਹੈ ਕਿਉਂਕਿ ਉਸ ਦੀ ਲੇਖਣੀ ਦਾ ਆਧਾਰ ਹੀ ਪੰਜਾਬ, ਪੰਜਾਬੀ ਤੇ ਪੰਜਾਬੀਅਤ ਹੁੰਦਾ ਸੀ। ਇਸੇ ਤਰ੍ਹਾਂ ਜਦੋਂ ਉਸ ਨਾਲ ਗੱਲ ਵੀ ਹੋਣੀ ਤਾਂ ਉਹ ਆਪਣੀਆਂ ਗੱਲਾਂ ਉੱਪਰ ਮਜ਼ਬੂਤ ਥੰਮ੍ਹ ਵਾਂਗ ਡਟਿਆ ਨਜ਼ਰ ਆਉਂਦਾ। ਫਿਰ ਸਾਡੀ ਪਲੇਠੀ ਮਿਲਣੀ 2018 ਵਿੱਚ ਇਟਲੀ ਵਿਖੇ ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਕਰਵਾਈ ਗਈ ਪਹਿਲੀ ਯੂਰਪੀ ਪੰਜਾਬੀ ਕਾਨਫਰੰਸ ਵਿੱਚ ਹੋਈ। ਜਿੱਥੇ ਕੇਹਰ ਸ਼ਰੀਫ਼ ਨੂੰ ਨੇੜਿਓਂ ਜਾਣਨ ਤੇ ਸਮਝਣ ਦਾ ਮੌਕਾ ਮਿਲਿਆ।
ਉਹ ਦੇਖਣ ਨੂੰ ਜਿੰਨਾ ਸਖ਼ਤ ਨਜ਼ਰ ਆਉਂਦਾ ਸੀ, ਮਿਲਿਆ ਪਤਾ ਲੱਗਾ ਕਿ ਕੇਹਰ ਸ਼ਰੀਫ ਤਾਂ ਇੱਕ ਮੋਮ ਦਿਲ ਇਨਸਾਨ ਹੈ। ਉਹ ਹਰ ਸਮੇਂ ਖਿੜੇ ਗੁਲਾਬ ਵਾਂਗ ਖੁਸ਼ਦਿਲ, ਕਿਸੇ ਵੱਡੇ ਬੋਹੜ ਵਾਂਗੂ ਸਭ ਨੂੰ ਆਪਣੀ ਬੁੱਕਲ ਵਿੱਚ ਲੈ ਸਕਣ ਲਈ ਸਮਰੱਥ ਅਤੇ ਕਿਸੇ ਸ਼ਾਂਤ ਨਦੀ ਦੇ ਵਹਾਅ ਵਾਂਗ ਸ਼ਬਦਾਂ ਦੀਆਂ ਲਹਿਰਾਂ ਵਿੱਚ ਵਹਿੰਦਾ ਹੀ ਜਾਂਦਾ ਹੈ। ਉਹ ਕਿਸੇ ਵੀ ਵਿਸ਼ੇ ਉੱਪਰ ਘੰਟਿਆਂਬੱਧੀ ਬੋਲ ਸਕਦਾ ਸੀ। ਅਸਲ ਵਿੱਚ ਉਹ ਲੰਮੇ ਸਮੇਂ ਦੇ ਭਰਪੂਰ ਤਜਰਬਿਆਂ ਵਿੱਚੋਂ ਗੁਜ਼ਰ ਕੇ ਬਹੁਤ ਸਾਰੇ ਲੋਕਾਂ ਲਈ ਰਾਹ ਦਸੇਰੇ ਵਜੋਂ ਵਿਚਰਦਾ ਹੋਇਆ ਨਜ਼ਰ ਆਉਂਦਾ ਸੀ।
ਕੇਹਰ ਸ਼ਰੀਫ ਦੇ ਜੀਵਨ ਵੱਲ ਝਾਤ ਮਾਰਦੇ ਹਾਂ ਤਾਂ ਉਸ ਦਾ ਜਨਮ ਜ਼ਿਲ੍ਹਾ ਹੁਸ਼ਿਆਰਪੁਰ (ਹੁਣ ਨਵਾਂ ਸ਼ਹਿਰ) ਦੇ ਪਿੰਡ ਠਠਿਆਲਾ ਵਿੱਚ 10 ਅਪਰੈਲ 1953 ਨੂੰ ਹੋਇਆ। ਉਸ ਨੇ ਗੁਆਂਢ ਦੇ ਦੋ ਪਿੰਡਾਂ ਵਿੱਚ ਮੁੱਢਲੀ ਪੜ੍ਹਾਈ ਕਰਨ ਤੋਂ ਬਾਅਦ ਬੱਬਰ ਮੈਮੋਰੀਅਲ ਖਾਲਸਾ ਕਾਲਜ ਗੜ੍ਹਸ਼ੰਕਰ ਤੋਂ ਗ੍ਰੈਜੂਏਸ਼ਨ ਕੀਤੀ। ਇਸ ਤੋਂ ਬਾਅਦ ਉਹ ਸਾਹਿਤ ਤੇ ਪੱਤਰਕਾਰੀ ਨਾਲ ਜੁੜ ਗਿਆ। ਕੁਝ ਸਮਾਂ ਉਸ ਨੇ ‘ਨਵਾਂਸ਼ਹਿਰ ਟਾਈਮਜ਼’ ਨਾਂ ਦੇ ਇੱਕ ਹਫ਼ਤਾਵਰੀ ਪਰਚੇ ਵਿੱਚ ਕੰਮ ਕੀਤਾ। ਇਸ ਦੇ ਨਾਲ ਨਾਲ ਉਹ ‘ਪੰਜਾਬੀ ਟ੍ਰਿਬਿਊਨ’ ਤੇ ‘ਨਵਾਂ ਜ਼ਮਾਨਾ’ ਨਾਲ ਬਤੌਰ ਪੱਤਰਕਾਰ ਕੰਮ ਵੀ ਕਰਨ ਲੱਗਾ। ਉਸ ਦਾ ਵੱਡਾ ਭਰਾ ਕਾਲਮਨਵੀਸ ‘ਸ਼ਾਮ ਸਿੰਘ ਅੰਗ ਸੰਗ’ ਸੀ। ਇੰਝ ਵੀ ਕਹਿ ਸਕਦੇ ਹਾਂ ਕਿ ਸਾਹਿਤ, ਸਾਹਿਤਕਾਰੀ ਤੇ ਪੱਤਰਕਾਰੀ ਉਸ ਨੂੰ ਘਰ ਵਿੱਚ ਹੀ ਮਿਲ ਗਈ ਜੋ ਉਸ ਦੇ ਜਿਊਂਦੇ ਜੀਅ ਸਦਾ ਨਾਲ ਰਹੀ ਤੇ ਉਹ ਉਸ ਨਾਲ ਰਿਹਾ।
ਆਪਣੇ ਵੱਡੇ ਭਰਾ ਪ੍ਰਕਾਸ਼ ਸਿੰਘ ਦੀ ਮਦਦ ਨਾਲ ਉਹ 1979-80 ਵਿੱਚ ਪਰਵਾਸ ਕਰਕੇ ਜਰਮਨ ਆ ਵਸਿਆ ਪਰ ਇੱਥੇ ਆ ਕੇ ਵੀ ਉਸ ਨੇ ਵਿਦੇਸ਼ੀ ਧਰਤੀ ਉੱਪਰ ਆਪਣੀ ਮਾਂ ਬੋਲੀ ਤੇ ਜੰਮਣ ਭੋਇੰ ਪ੍ਰਤੀ ਪਿਆਰ ਨੂੰ ਘੱਟ ਨਾ ਹੋਣ ਦਿੱਤਾ। ਉਹ ਲਗਾਤਾਰ ਇੱਕ ਸਾਧਕ ਵਾਂਗ ਵਿਸ਼ਵ ਪੱਧਰ ਦਾ ਸਾਹਿਤ ਪੜ੍ਹਨ ਦੀ ਆਪਣੀ ਧੁਨ ਵਿੱਚ ਲੱਗਾ ਰਿਹਾ। ਸਾਹਿਤ ਬਾਰੇ ਉਸ ਨੂੰ ਕਿੰਨਾ ਗਿਆਨ ਸੀ, ਇਹ ਕਿਹਰ ਸ਼ਰੀਫ਼ ਨਾਲ ਗੱਲਬਾਤ ਕੀਤਿਆਂ ਪਤਾ ਲੱਗਦਾ ਸੀ। ਉਸ ਦੀਆਂ ਗੱਲਾਂ ਵਿੱਚ ਜਿੱਥੇ ਪੰਜਾਬ ਹਰ ਥਾਂ ਹੁੰਦਾ ਸੀ, ਉੱਥੇ ਉਹ ਵਿਸ਼ਵ ਪੱਧਰ ਦੇ ਹਰ ਵਿਸ਼ੇ ਉੱਪਰ ਵੀ ਗੱਲ ਬੜੇ ਸਲੀਕੇ ਤੇ ਅਦਬ ਨਾਲ ਕਰਦਾ ਤੇ ਉਸ ਦੀਆਂ ਉਦਾਹਰਨਾਂ ਬਕਮਾਲ ਹੁੰਦੀਆਂ ਸਨ। ਉਹ ਗੱਲ ਕਰਦਿਆਂ ਕਦੇ ਵੀ ਆਪਣੇ ਸੁਭਾਅ ਨੂੰ ਉਤੇਜਿਤ ਨਾ ਹੋਣ ਦਿੰਦਾ ਸਗੋਂ ਅਜਿਹੇ ਸਮੇਂ ਹੋਰ ਗੰਭੀਰ ਹੋ ਜਾਂਦਾ ਸੀ। ਬੜੀ ਥੋੜ੍ਹੀ ਗੱਲ ਵਿੱਚ ਵੀ ਵੱਡਾ ਜਵਾਬ ਦੇਣਾ ਉਸ ਦੀ ਕਲਾ ਸੀ।
ਉਹ ਬੇਸ਼ੱਕ ਅੱਜ ਸਾਡੇ ਵਿੱਚ ਨਹੀਂ ਹੈ ਪਰ ਕੀਤੇ ਕੰਮਾਂ ਕਰਕੇ, ਪੰਜਾਬੀ, ਪੰਜਾਬ ਤੇ ਪੰਜਾਬੀਅਤ ਪ੍ਰਤੀ ਦ੍ਰਿੜ ਨਿਸ਼ਚਾ ਸਦਾ ਲਈ ਕਿਹਰ ਸ਼ਰੀਫ਼ ਨੂੰ ਅਮਰ ਲੋਕਾਂ ਦੀ ਕਤਾਰ ਵਿੱਚ ਲਿਆ ਖੜ੍ਹਾ ਕਰਦਾ ਹੈ। ਕੇਹਰ ਸ਼ਰੀਫ਼ ਆਪਣੇ ਆਪ ਵਿੱਚ ਇੱਕ ਸੰਸਥਾ ਸੀ। ਉਹ ਆਪਣੀ ਬੋਲੀ, ਆਪਣੇ ਲੋਕਾਂ ਲਈ ਨੰਗੇ ਧੜ ਲੜਨ ਵਾਲਾ ਯੋਧਾ ਲੇਖਕ ਸੀ। ਉਹ ਸਿਰਫ਼ ਇੱਕ ਲੇਖਕ ਹੀ ਨਹੀਂ ਸੀ, ਇਸ ਦੇ ਨਾਲ ਨਾਲ ਉਹ ਇੱਕ ਵਿਦਵਾਨ ਚਿੰਤਕ, ਕਵੀ ਤੇ ਲੋਕ ਹਿੱਤੂ ਸ਼ਖ਼ਸੀਅਤ ਸੀ। ਉਸ ਦੀ ਕਲਮ, ਉਸ ਦੀ ਆਵਾਜ਼, ਨਿੱਡਰਤਾ ਹਮੇਸ਼ਾ ਲੋਟੂ ਲਾਣਿਆਂ ਵਿਰੁੱਧ ਆਪਣਾ ਵਿਰੋਧ ਜਤਾਉਂਦੀ ਰਹੀ ਹੈ। ਉਹ ਹਰ ਮੰਚ ਉੱਪਰੋਂ ਆਪਣੀ ਗੱਲ ਨੂੰ ਬੇਝਿਜਕ ਹੋ ਕੇ ਕਹਿਣ ਦੀ ਜੁਰਅੱਤ ਰੱਖਣ ਵਾਲਾ ਲੇਖਕ ਤੇ ਬੁਲਾਰਾ ਸੀ। ਉਹ ਸਾਰੀ ਉਮਰ ਆਪਣੀ ਵਿਚਾਰਧਾਰਾ ਉੱਪਰ ਅਡੋਲ ਚੱਲਦਾ ਰਿਹਾ ਹੈ। ਕਦੇ ਵੀ ਉਸ ਨੇ ਆਪਣੇ ਨਿੱਜੀ ਮੁਫਾਦ ਲਈ ਆਪਣੇ ਵਿਚਾਰਾਂ ਨਾਲ, ਆਪਣੀ ਵਿਚਾਰਧਾਰਾ ਨਾਲ ਸਮਝੌਤਾ ਨਹੀਂ ਕੀਤਾ। ਉਸ ਨੇ ਇੱਕ ਸੱਚੇ ਸੀਪੀਆਈ ਕਾਰਕੁੰਨ ਹੋਣ ਦਾ ਆਪਣਾ ਫਰਜ਼ ਵੀ ਅਦਾ ਕੀਤਾ ਅਤੇ ਕਦੇ ਵੀ ਆਪਣੀ ਵਿਚਾਰਧਾਰਾ ਨੂੰ ਕਿਸੇ ਉੱਪਰ ਥੋਪਣ ਦਾ ਯਤਨ ਨਹੀਂ ਕੀਤਾ।
ਉਹ ਸਮੇਂ ਸਮੇਂ ਉੱਪਰ ਲੋਕ ਹਿੱਤਾਂ ਲਈ ਅਖ਼ਬਾਰਾਂ, ਮੈਗਜ਼ੀਨਾਂ ਤੇ ਸੋਸ਼ਲ ਮੀਡੀਆ ਉੱਪਰ ਆਪਣੇ ਲੇਖਾਂ ਰਾਹੀਂ ਲੋਕਾਂ ਨੂੰ ਜਾਗਰੂਕ ਕਰਦਾ ਰਿਹਾ ਹੈ। ਉਹ ਹੋਛੀ ਰਾਜਨੀਤੀ, ਧਾਰਮਿਕ ਸੋਸ਼ਣ ਅਤੇ ਬੇਲੋੜੇ ਪ੍ਰਾਪੇਗੰਡਾ ਦੇ ਬਹੁਤ ਖਿਲਾਫ਼ ਸੀ। ਉਹ ਕੰਮ ਵਿੱਚ ਵਿਸ਼ਵਾਸ ਕਰਨ ਵਾਲਾ ਇਨਸਾਨ ਸੀ। ਇਸੇ ਲਈ ਕੰਮ ਵਾਲੇ ਲੋਕਾਂ ਨਾਲ ਉਹ ਸਿੱਧਾ ਸਬੰਧ ਬਣਾ ਲੈਂਦਾ ਸੀ।
ਉਹ ਚੱਲਦੇ ਪਾਣੀ ਦੇ ਵੇਗ ਵਾਂਗ ਸਦਾ ਵਗਣ ਵਾਲਾ ਕਲਮਕਾਰ ਸੀ। ਉਹ ਨਿਯਮਤ ਰੂਪ ਵਿੱਚ ਲਗਾਤਾਰ ਲਿਖਣ ਤੇ ਪੜ੍ਹਨ ਵਿੱਚ ਮਸਰੂਫ਼ ਰਹਿੰਦਾ ਸੀ। ਇਸੇ ਕਰਕੇ ਉਹ ਆਪਣੇ ਇੱਕ ਲੇਖ ‘ਸਾਹਿਤ, ਸੂਝ ਤੇ ਭਵਿੱਖ ਦੀਆਂ ਸੁਹਜ ਭਰਪੂਰ ਪਗਡੰਡੀਆਂ’ ਵਿੱਚ ਲਿਖਦਾ ਹੈ ਕਿ “ਸਾਹਿਤ ਜ਼ਿੰਦਗੀ ਅੰਦਰ ਸੁਹਜ ਪੈਦਾ ਕਰਦਾ ਹੈ, ਜਿਊਣ ਨੂੰ ਤਰੀਕਾਬੱਧ ਤੇ ਸਲੀਕਾਬੱਧ ਵੀ ਕਰਦਾ ਹੈ।” ਕੇਹਰ ਸ਼ਰੀਫ਼ ਸਾਹਿਤ ਪ੍ਰਤੀ ਪੂਰੀ ਤਰ੍ਹਾਂ ਸੁਹਿਰਦ ਤੇ ਸਮਰਪਿਤ ਸ਼ਖ਼ਸੀਅਤ ਸੀ। ਉਹ ਦਿਖਾਵੇ ਮਾਤਰ ਸ਼ਬਦਾਂ ਦਾ ਭਰਮਜਾਲ ਬਣਾ ਕੇ ਜਾਂ ਵੱਡੀਆਂ ਵੱਡੀਆਂ ਗੱਲਾਂ ਕਰਕੇ ਵੱਡਾ ਨਹੀਂ ਬਣਦਾ ਸੀ, ਸਗੋਂ ਉਹ ਬਹੁਤ ਵੱਡਾ ਹੋ ਕੇ ਵੀ ਆਪਣੇ ਆਪ ਨੂੰ ਸ਼ਾਂਤ, ਨਿਮਰ ਅਤੇ ਜ਼ਮੀਨੀ ਪੱਧਰ ਦਾ ਲੇਖਕ ਸਮਝਦਾ ਸੀ।
ਉਸ ਦੀਆਂ ਲਿਖਤਾਂ ਵਿੱਚੋਂ ਵੀ ਉਸ ਦਾ ਅਕਸ ਬਾਖੂਬੀ ਦੇਖਿਆ ਜਾ ਸਕਦਾ ਹੈ। ਕੇਹਰ ਸਰੀਫ਼ ਕਿਹਾ ਕਰਦਾ ਸੀ ਕਿ ਸਾਨੂੰ ਸੰਵਾਦ ਕਰਦੇ ਰਹਿਣਾ ਚਾਹੀਦਾ ਹੈ। ਕਦੇ ਆਪਣੇ ਆਲੇ ਦੁਆਲੇ ਦੇ ਲੋਕਾਂ ਨਾਲ ਤੇ ਕਦੇ ਖ਼ੁਦ ਨਾਲ। ਇਸ ਬਾਬਤ ਉਹ ਗੁਰੂ ਨਾਨਕ ਦੇਵ ਜੀ ਦੀ ਉਦਾਹਰਨ ਵੀ ਦਿੰਦਾ ਸੀ ਕਿ ‘ਬਾਬਾ ਨਾਨਕ ਵੀ ਤਾਂ ਸੰਵਾਦ ਰਚਾਉਣ ਦੀ ਹੀ ਗੱਲ ਕਰਦੇ ਸਨ ਪਰ ਅਸੀਂ ਕਿਹੜਾ ਮੰਨਦੇ ਹਾਂ।’ ਕੇਹਰ ਸ਼ਰੀਫ਼ ਨੇ ਵੈਸੇ ਤਾਂ ਬਹੁਤ ਸਾਰਾ ਸਾਹਿਤ ਰਚਿਆ ਹੈ ਜੋ ਵੱਖ ਵੱਖ ਅਖ਼ਬਾਰਾਂ, ਰਸਾਲਿਆਂ ਆਦਿ ਵਿੱਚ ਛਪਦਾ ਰਿਹਾ ਹੈ ਪਰ ਉਸ ਦੇ ਲੇਖਾਂ ਦੀ ਇੱਕ ਕਿਤਾਬ ‘ਸਮੇਂ ਸੰਗ ਸੰਵਾਦ’ ਸਿਰਲੇਖ ਹੇਠ ਛਪੀ ਹੈ। ਇਸ ਕਿਤਾਬ ਵਿਚਲੇ ਲੇਖ ਵੀ ਇਸੇ ਵੱਲ ਹੀ ਇਸ਼ਾਰਾ ਕਰਦੇ ਹਨ।
ਕੇਹਰ ਸ਼ਰੀਫ ਦੀ ਇੱਕ ਨਜ਼ਮ ਹੈ ਜੋ ਮੈਂ ਇੱਥੇ ਸਾਂਝੀ ਕਰਨੀ ਚਾਹਾਂਗਾ। ਜੋ ਇਸ਼ਾਰਾ ਕਰਦੀ ਹੈ ਕਿ ਅੱਜ ਦੇ ਪਦਾਰਥਵਾਦੀ ਯੁੱਗ ਵਿੱਚ ਮਨੁੱਖ ਕਿੰਨਾ ਇਕੱਲਾ ਜਿਹਾ ਹੋ ਗਿਆ ਹੈ:
ਬੰਦ ਦਰਵਾਜ਼ਿਆਂ ਵਾਲੇ ਘਰਾਂ ਵਿੱਚ ਬੋਲਦੇ ਲੋਕੀਂ
ਪਰਛਾਵੇਂ ਆਪਣੇ ਵਿੱਚੋਂ ਹੀ ਧੁੱਪ ਨੂੰ ਟੋਲਦੇ ਲੋਕੀਂ
ਜ਼ਮਾਨਾ ਬਦਲ ਜਾਂਦੈ, ਬਦਲ ਜਾਂਦੀ ਹੈ ਤਾਸੀਰ ਆਪੇ
ਦਿਲਾਂ ਵਿੱਚ ਪੈ ‘ਗੀਆਂ ਘੁੰਡੀਆਂ ਕਿਉਂ ਨਹੀਂ ਖੋਲ੍ਹਦੇ ਲੋਕੀਂ
ਬਿਠਾ ਕੇ ਕੋਲ ਗੈਰਾਂ ਨੂੰ ਤੇ ਸਿਜਦੇ ਕਰਨ ਬਹਿ ਜਾਂਦੇ
ਕਿਉਂ ਆਪਣੇ ਭਰਾਵਾਂ ਨਾਲ ਨਹੀਂ ਦਿਲ ਫੋਲਦੇ ਲੋਕੀਂ
ਕੇਹਰ ਸ਼ਰੀਫ਼ ਆਪਣੀ ਵਿਚਾਰਧਾਰਾ ਪ੍ਰਤੀ ਸਦਾ ਇਮਾਨਦਾਰ ਰਿਹਾ ਹੈ ਅਤੇ ਉਹ ਆਪਣੀਆਂ ਲਿਖਤਾਂ ਵਿੱਚ ਵੀ ਸੁਨੇਹਾ ਦਿੰਦਾ ਰਹਿੰਦਾ ਸੀ। ਉਹ ਇਸ ਗੱਲ ਲਈ ਸਦਾ ਆਸਵੰਦ ਸੀ ਕਿ ਇੱਕ ਦਿਨ ਜ਼ਮਾਨਾ ਬਦਲੇਗਾ ਅਤੇ ਹਰ ਇਨਸਾਨ ਲਈ ਬਰਾਬਰਤਾ ਹੋਵੇਗੀ:
ਇਹ ਸਾਡਾ ਇਕਰਾਰ, ਜ਼ਮਾਨਾ ਬਦਲਾਂਗੇ
ਪੱਕਾ ਲਿਆ ਹੈ ਧਾਰ, ਜ਼ਮਾਨਾ ਬਦਲਾਂਗੇ
ਜਿੰਦ ਜਾਂਦੀ ਤਾਂ ਜਾਵੇ ਸਿਦਕ ਨਾ ਹਾਰਾਂਗੇ
ਜੇਰਾ ਸਾਡਾ ਯਾਰ, ਜ਼ਮਾਨਾ ਬਦਲਾਂਗੇ
ਜਿੱਤੀਏ ਭਾਵੇਂ ਨਾ ਜਿੱਤੀਏ, ਕੋਈ ਫਿਕਰ ਨਹੀਂ
ਮੰਨਣੀ ਨਹੀਂਉਂ ਹਾਰ, ਜ਼ਮਾਨਾ ਬਦਲਾਂਗੇ
ਅਸੀਂ ਕੇਹਰ ਸ਼ਰੀਫ ਨੂੰ ਸਦਾ ਆਪਣੇ ਦਿਲਾਂ ਅੰਦਰ ਯਾਦ ਰੱਖਾਂਗੇ ਅਤੇ ਸਾਡੀ ਇਹ ਕੋਸ਼ਿਸ਼ ਹੋਵੇਗੀ ਕਿ ਉਸ ਦੀਆਂ ਅਧੂਰੀਆਂ ਰਹਿ ਗਈਆਂ ਸੱਧਰਾਂ ਨੂੰ ਪੂਰਾ ਕਰ ਸਕੀਏ। ਯੂਰਪੀ ਪੰਜਾਬੀ ਭਾਈਚਾਰੇ ਲਈ ਕੇਹਰ ਸ਼ਰੀਫ਼ ਦਾ ਘਾਟਾ ਕਦੇ ਵੀ ਪੂਰਾ ਹੋਣ ਵਾਲਾ ਨਹੀਂ ਹੈ ਕਿਉਂਕਿ ਅਜਿਹੇ ਲੋਕ ਵਾਰ ਵਾਰ ਜਨਮ ਨਹੀਂ ਲੈਂਦੇ।
ਸੰਪਰਕ: 0044 74910 73808