ਨਤੀਜਿਆਂ ਦੀ ਪ੍ਰਵਾਹ ਕੀਤੇ ਬਿਨਾਂ ਸਖ਼ਤ ਮਿਹਨਤ ਕਰਦੇ ਰਹੋ: ਅਕਸ਼ੈ ਕੁਮਾਰ
ਮੁੰਬਈ: ਬੌਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਨੇ ਅੱਜ ਇੱਥੇ ਕਿਹਾ ਕਿ ਉਸ ਨੇ ਆਪਣੇ 33 ਸਾਲ ਦੇ ਕਰੀਅਰ ਦੌਰਾਨ ਸਖਤ ਮਿਹਨਤ ਕੀਤੀ ਹੈ ਅਤੇ ਉਹ ਇਸ ਸਾਲ ਵਧੀਆ ਫਿਲਮਾਂ ਜ਼ਰੀਏ ਦਰਸ਼ਕਾਂ ਦਾ ਮਨੋਰੰਜਨ ਕਰਨਾ ਚਾਹੁੰਦਾ ਹੈ। ਉਸ ਦੀਆਂ ਸਾਲ 2024 ਦੀਆਂ ਫਿਲਮਾਂ ‘ਬੜੇ ਮੀਆਂ ਛੋਟੇ ਮੀਆਂ’, ‘ਸਰਫਿਰਾ’ ਅਤੇ ‘ਖੇਲ ਖੇਲ ਮੇਂ’ ਤੇ ਹੋਰ ਬਾਕਸ ਆਫਿਸ ’ਤੇ ਵਧੀਆ ਪ੍ਰਦਰਸ਼ਨ ਨਹੀਂ ਕਰ ਸਕੀਆਂ ਜਦਕਿ ਉਸ ਦੀ ਕੈਮਿਓ (ਥੋੜ੍ਹੇ ਸਮੇਂ ਦਾ ਕਿਰਦਾਰ) ਵਜੋਂ ਆਈਆਂ ਫਿਲਮਾਂ ‘ਸਤ੍ਰੀ 2’ ਅਤੇ ‘ਸਿੰਘਮ ਅਗੇਨ’ ਬਾਕਸ ਆਫਿਸ ’ਤੇ ਹਿੱਟ ਰਹੀਆਂ। ਇਸ ਸਾਲ ਅਕਸ਼ੈ ਦੀ ਅਗਲੀ ਫਿਲਮ ‘ਸਕਾਈ ਫੋਰਸ’ ਆ ਰਹੀ ਹੈ ਜਿਸ ਵਿੱਚ ਉਹ ਭਾਰਤੀ ਹਵਾਈ ਫੌਜ ਦੇ ਅਧਿਕਾਰੀ ਦਾ ਕਿਰਦਾਰ ਨਿਭਾਅ ਰਿਹਾ ਹੈ। ਅਕਸ਼ੈ ਨੇ ਕਿਹਾ, ‘ਮੈਂ ਆਪਣੇ ਕਰੀਅਰ ਵਿੱਚ ਕਈ ਵਾਰ ਮੰਦੀ ਦੇਖੀ ਹੈ। ਇਹ ਪਹਿਲੀ ਵਾਰ ਨਹੀਂ ਹੋਇਆ ਹੈ। ਸਭ ਤੋਂ ਵਧੀਆ ਗੱਲ ਇਹ ਹੈ ਕਿ ਤੁਸੀਂ ਨਤੀਜਿਆਂ ਦੀ ਪ੍ਰਵਾਹ ਕੀਤੇ ਬਿਨਾਂ ਸਖਤ ਮਿਹਨਤ ਕਰਦੇ ਰਹੋ। ਜੇਕਰ ਕੋਈ ਮੇਰੇ ਨਾਲ ਇਸ ਬਾਰੇ ਗੱਲ ਕਰਦਾ ਹੈ ਤਾਂ ਮੈਂ ਉਸ ਨੂੰ ਵੀ ਇਹੀ ਕਹਿੰਦਾ ਹਾਂ ਕਿ ਤੁਸੀਂ ਸਖਤ ਮਿਹਨਤ ਕਰਦੇ ਰਹੋ।’ ਇੱਥੇ ‘ਸਕਾਈ ਫੋਰਸ’ ਦਾ ਟਰੇਲਰ ਜਾਰੀ ਕਰਦਿਆਂ ਉਸ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘ਬਹੁਤੇ ਲੋਕ ਮੈਨੂੰ ਸਾਲ ਵਿੱਚ ਇੱਕ ਫਿਲਮ ਜਾਂ ਵੱਧ ਤੋਂ ਵੱਧ ਦੋ ਫਿਲਮਾਂ ਕਰਨ ਦੀ ਸਲਾਹ ਦਿੰਦੇ ਹਨ ...ਪਰ ਮੈਂ ਕਹਿੰਦਾ ਹਾਂ ਕਿ ਜੇਕਰ ਮੈਂ ਕੰਮ ਕਰ ਸਕਦਾ ਹਾਂ ਤਾਂ ਕਿਉਂ ਨਾ ਕਰਾਂ? ਮੇਰਾ ਸਾਰਾ ਕਰੀਅਰ ਫਿਲਮ ਸਨਅਤ ’ਤੇ ਆਧਾਰਿਤ ਰਿਹਾ। ਦੱਸਣਾ ਬਣਦਾ ਹੈ ਕਿ ਫਿਲਮ ਸਕਾਈ ਫੋਰਸ 24 ਜਨਵਰੀ ਨੂੰ ਗਣਤੰਤਰ ਦਿਵਸ ਵੀਕੈਂਡ ਦੌਰਾਨ ਰਿਲੀਜ਼ ਹੋਵੇਗੀ। ਇਹ ਫਿਲਮ ਆਈਏਐੱਫ ਅਧਿਕਾਰੀ ਟੀ ਵਿਜਯਾ (ਵੀਰ) ਦੇ ਆਲੇ-ਦੁਆਲੇ ਘੁੰਮਦੀ ਹੈ ਜੋ 1965 ਦੀ ਭਾਰਤ-ਪਾਕਿਸਤਾਨ ਜੰਗ ਦੌਰਾਨ ਲਾਪਤਾ ਹੋ ਗਿਆ ਸੀ। ਇਸ ਫਿਲਮ ਵਿੱਚ ਅਕਸ਼ੈ ਨੇ ਇਸ ਅਧਿਕਾਰੀ ਦੇ ਸਾਥੀ ਦਾ ਕਿਰਦਾਰ ਨਿਭਾਇਆ ਹੈ ਜੋ ਵਿਜਯਾ ਨੂੰ ਲੱਭਣ ਲਈ ਮਿਸ਼ਨ ’ਤੇ ਨਿਕਲਦਾ ਹੈ। ਇਸ ਫ਼ਿਲਮ ਵਿੱਚ ਉਭਰਦਾ ਅਦਾਕਾਰ ਵੀਰ ਪਹਾੜੀਆ ਵੀ ਨਜ਼ਰ ਆਵੇਗਾ। -ਪੀਟੀਆਈ