ਕੇਸੀਆਰ ਨੇ ਬਾਬਰੀ ਮਸਜਿਦ ਦੇ ਮੁੱਦੇ ’ਤੇ ਕਾਂਗਰਸ ਨੂੰ ਘੇਰਿਆ
ਹੈਦਰਾਬਾਦ, 15 ਨਵੰਬਰ
ਬੀਆਰਐਸ ਪ੍ਰਧਾਨ ਅਤੇ ਤਿਲੰਗਾਨਾ ਦੇ ਮੁੱਖ ਮੰਤਰੀ ਕੇ ਚੰਦਰਸ਼ੇਖਰ ਰਾਓ (ਕੇਸੀਆਰ) ਨੇ ਅੱਜ ਇੱਥੇ ਕਾਂਗਰਸ ’ਤੇ ਮੁਸਲਮਾਨਾਂ ਨੂੰ ਸਿਰਫ਼ ਵੋਟ ਬੈਂਕ ਵਜੋਂ ਵਰਤਣ ਦਾ ਦੋਸ਼ ਲਾਉਂਦਿਆਂ ਪੁੱਛਿਆ ਕਿ ਬਾਬਰੀ ਮਸਜਿਦ ਕਿਸ ਦੀ ਨਿਗਰਾਨੀ ਹੇਠ ਢਾਹੀ ਗਈ। ਰਾਓ ਨਜਿ਼ਾਮਾਬਾਦ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਕਿਹਾ ਕਿ ਜੇ ਕੋਈ ਧਰਮ ਨਿਰਪੱਖ ਹੈ ਤਾਂ ਇਹ ਉਸ ਦੇ ਕੰਮ ’ਚੋਂ ਝਲਕਣਾ ਵੀ ਚਾਹੀਦਾ ਹੈ।
ਉਨ੍ਹਾਂ ਕਿਹਾ, ‘‘ਅਸੀਂ (ਬੀਆਰਐੱਸ) ਧਰਮ ਅਤੇ ਭਾਈਚਾਰੇ ਦੀ ਪਰਵਾਹ ਕੀਤੇ ਬਿਨਾਂ ਸਾਰਿਆਂ ਨਾਲ ਬਰਾਬਰ ਵਿਚਰਦੇ ਹਾਂ। ਕਾਂਗਰਸ ਨੇ ਤੁਹਾਨੂੰ (ਮੁਸਲਮਾਨਾਂ) ਸਿਰਫ਼ ਵੋਟ ਬੈਂਕ ਵਜੋਂ ਵਰਤਿਆ ਹੈ। ਅੱਜ ਵੀ ਕਾਂਗਰਸ ਡਰਾਮੇ ਕਰਦੀ ਹੈ। ਉਹ ਕਹਿੰਦੇ ਹਨ ਕਿ ਅਸੀਂ ਨਫ਼ਰਤ ਦੀ ‘ਦੁਕਾਨ’ ਬੰਦ ਕਰ ਦੇਵਾਂਗੇ। ਮੈਂ ਪੁੱਛ ਰਿਹਾ ਹਾਂ ਕਿ ਬਾਬਰੀ ਮਸਜਿਦ ਕਿਸ ਦੀ ਨਿਗਰਾਨੀ ਹੇਠ ਢਾਹੀ ਗਈ? ਇਹ ਕਾਰਵਈ ਕਿਸ ਨੇ ਕਰਵਾਈ? ਇਸ ਨੂੰ ਸਮਝਣ ਦੀ ਲੋੜ ਹੈ।’’ ਉਨ੍ਹਾਂ ਕਿਹਾ, ‘‘ਜੇ ਤੁਸੀਂ ਧਰਮ ਨਿਰਪੱਖ ਹੋ ਤਾਂ ਤੁਹਾਨੂੰ ਜੀਵਨ ਭਰ ਧਰਮ ਨਿਰਪੱਖ ਰਹਿਣਾ ਚਾਹੀਦਾ ਹੈ। ਤੁਹਾਡੇ ਕੰਮ ਰਾਹੀਂ ਇਹ ਝਲਕਣਾ ਵੀ ਚਾਹੀਦਾ ਹੈ।’’
ਉਨ੍ਹਾਂ ਕਿਹਾ ਕਿ ਤਿਲੰਗਾਨਾ ਦੇ ਗਠਨ ਤੋਂ ਪਹਿਲਾਂ ਅਣਵੰਡੇ ਆਂਧਰਾ ਪ੍ਰਦੇਸ਼ ਵਿੱਚ ਕਾਂਗਰਸ ਦੇ 10 ਸਾਲਾਂ ਦੇ ਕਾਰਜਕਾਲ ਦੌਰਾਨ ਘੱਟ ਗਿਣਤੀਆਂ ਦੀ ਭਲਾਈ ’ਤੇ ਸਿਰਫ 2,000 ਕਰੋੜ ਰੁਪਏ ਖਰਚ ਕੀਤੇ ਗਏ ਸਨ, ਜਦੋਂ ਕਿ ਬੀਆਰਐਸ ਸਰਕਾਰ ਨੇ ਇਸ ’ਤੇ 12,000 ਕਰੋੜ ਰੁਪਏ ਖਰਚ ਕੀਤੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਸੂਬੇ ਵਿੱਚ 2014 ਤੋਂ ਬਾਅਦ ਬੀਆਰਐੱਸ ਦੀ ਸਰਕਾਰ ਦੌਰਾਨ ਕੋਈ ਵੀ ਫ਼ਿਰਕੂ ਦੰਗੇ ਨਹੀਂ ਹੋਏ ਜਦਕਿ ਕਾਂਗਰਸ ਸਰਕਾਰ ਵੇਲੇ ਅਜਿਹੇ ਦੰਗੇ ਅਤੇ ਕਰਫ਼ਿਊ ਆਮ ਗੱਲ ਸੀ। ਕੇਸੀਆਰ ਨੇ ਦੋਸ਼ ਲਾਇਆ ਕਿ ਭਾਜਪਾ ਫਿਰਕੂ ਮਾਨਸਿਕਤਾ ਵਾਲੇ ਲੋਕਾਂ ਵਿੱਚ ਦੁਸ਼ਮਣੀ ਪੈਦਾ ਕਰਦੀ ਹੈ। ਉਨ੍ਹਾਂ ਕਿਹਾ ਕਿ ਪ੍ਰਤੀ ਵਿਅਕਤੀ ਆਮਦਨ ਵਿੱਚ ਤਿਲੰਗਾਨਾ ਦੇਸ਼ ਵਿੱਚ ਪਹਿਲੇ ਸਥਾਨ ’ਤੇ ਹੈ। -ਪੀਟੀਆਈ