For the best experience, open
https://m.punjabitribuneonline.com
on your mobile browser.
Advertisement

ਤਿਲੰਗਾਨਾ ਵਿਚਲੀ ਕੇਸੀਆਰ ਸਰਕਾਰ ਸਭ ਤੋਂ ਭ੍ਰਿਸ਼ਟ: ਮੋਦੀ

08:44 AM Jul 09, 2023 IST
ਤਿਲੰਗਾਨਾ ਵਿਚਲੀ ਕੇਸੀਆਰ ਸਰਕਾਰ ਸਭ ਤੋਂ ਭ੍ਰਿਸ਼ਟ  ਮੋਦੀ
ਵਾਰੰਗਲ ਵਿੱਚ ਰੇਲਵੇ ਦੀ ਪਹਿਲੀ ਮੈਨੂਫੈਕਚਰਿੰਗ ਯੂਨਿਟ ਦਾ ਵਰਚੁਅਲੀ ਨੀਂਹ ਪੱਥਰ ਰੱਖਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ। -ਫੋਟੋ: ਪੀਟੀਅਾਈ
Advertisement

ਵਾਰੰਗਲ (ਤਿਲੰਗਾਨਾ), 8 ਜੁਲਾਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਿਲੰਗਾਨਾ ਵਿੱਚ ਸੱਤਾਧਾਰੀ ਧਿਰ ਬੀਆਰਐੱਸ ਅਤੇ ਦਿੱਲੀ ਵਿਚਲੀ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਅੱਜ ਨਿਸ਼ਾਨਾ ਸੇਧਦਿਆਂ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਦੋ ਵੱਖ-ਵੱਖ ਸਿਆਸੀ ਪਾਰਟੀਆਂ ਤੇ ਦੋ ਸੂਬਿਆਂ ਦੀਆਂ ਸਰਕਾਰਾਂ ’ਤੇ ਭ੍ਰਿਸ਼ਟ ਸਮਝੌਤੇ ਦੇ ਦੋਸ਼ ਲੱਗ ਰਹੇ ਹਨ। ਉਨ੍ਹਾਂ ਦਿੱਲੀ ਦੇ ਆਬਕਾਰੀ ਨੀਤੀ ਮਾਮਲੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਲੋਕ ਭਲਾਈ ਦੇ ਕੰਮਾਂ ਅਤੇ ਵਿਕਾਸ ਦੇ ਮੁੱਦੇ ਜਿਵੇਂ ਕਿ ਪਾਣੀ ਦੀ ਵੰਡ ਆਦਿ ਨੂੰ ਲੈ ਕੇ ਸਮਝੌਤੇ ਹੋਣੇ ਤਾਂ ਆਮ ਹੈ ਪਰ ਇਹ ਪਹਿਲੀ ਵਾਰ ਹੋਇਆ ਹੈ ਕਿ ਦੋ ਵੱਖ-ਵੱਖ ਪਾਰਟੀਆਂ ’ਤੇ ਅਜਿਹੇ ਭ੍ਰਿਸ਼ਟ ਸਮਝੌਤੇ ਦੇ ਦੋਸ਼ ਲੱਗੇ ਹੋਣ। ਇਸ ਮੌਕੇ ਸੜਕ ਆਵਾਜਾਈ ਤੇ ਰਾਜ ਮਾਰਗਾਂ ਬਾਰੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਵੀ ਹਾਜ਼ਰ ਸਨ। ਇਸ ਮਾਮਲੇ ਦੇ ਸਬੰਧ ਵਿੱਚ ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਅਤੇ ਬੀਆਰਐੱਸ ਦੇ ਆਗੂ ਤੇ ਤਿਲੰਗਾਨਾ ਦੇ ਮੁੱਖ ਮੰਤਰੀ ਕੇ ਚੰਦਰਸ਼ੇਖਰ ਰਾਓ ਦੀ ਧੀ ਕੇ ਕਵਿਤਾ ਵੀ ਇਸ ਮਾਮਲੇ ਦੇ ਸਬੰਧ ਵਿੱਚ ਈਡੀ ਸਾਹਮਣੇ ਪੇਸ਼ ਹੋਈ ਸੀ। ਇੱਥੇ 6100 ਕਰੋੜ ਰੁਪਏ ਦੇ ਵੱਖ-ਵੱਖ ਪ੍ਰਾਜੈਕਟਾਂ ਦੇ ਨੀਂਹ ਪੱਥਰ ਰੱਖਣ ਤੋਂ ਬਾਅਦ ਇਕ ਜਨਤਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਬੀਆਰਐੱਸ ਸਰਕਾਰ ਨੇ ਕੇਂਦਰ ਨੂੰ ਗਾਲ੍ਹਾਂ ਕੱਢਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਹੈ। ਉਨ੍ਹਾਂ ਕਿਹਾ ਕਿ ਤਿਲੰਗਾਨਾ ਦਾ ਇਸ ਵਾਰ ਕਹਿਣਾ ਹੈ, ‘‘ਅਬ ਕੀ ਬਾਰ, ਭਾਜਪਾ ਸਰਕਾਰ’। ਮੁੱਖ ਮੰਤਰੀ ਰਾਓ ਦੀ ਸਰਕਾਰ ਨੂੰ ਸਭ ਤੋਂ ਭ੍ਰਿਸ਼ਟ ਕਰਾਰ ਦਿੰਦਿਆਂ ਮੋਦੀ ਨੇ ਕਿਹਾ ਕਿ ਤਿਲੰਗਾਨਾ ਵਿੱਚ ਅਜਿਹਾ ਕੋਈ ਪ੍ਰਾਜੈਕਟ ਨਹੀਂ ਜਿਹੜਾ ਕਿ ਭ੍ਰਿਸ਼ਟਾਚਾਰ ਤੋਂ ਰਹਿਤ ਹੋਵੇ। ਉਨ੍ਹਾਂ ਕਿਹਾ ਕਿ 2021 ਵਿੱਚ ਗਰੇਟਰ ਹੈਦਰਾਬਾਦ ਨਗਰ ਨਿਗਮ ਦੀਆਂ ਹੋਈਆਂ ਚੋਣਾਂ ਵਿੱਚ ਭਾਜਪਾ ਨੇ ਕਾਫੀ ਵਧੀਆ ਕਾਰਗੁਜ਼ਾਰੀ ਦਿਖਾਈ ਸੀ। ਉਨ੍ਹਾਂ ਕਿਹਾ ਕਿ ਇਹ ਭਾਜਪਾ ਦੇ ਪ੍ਰਭਾਵ ਦਾ ਸਿਰਫ ਇਕ ਟਰੇਲਰ ਸੀ। ਅਗਲੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੇ ਬੀਆਰਐੱਸ ਤੇ ਕਾਂਗਰਸ ਨੂੰ ਸਾਰੀਆਂ ਸੀਟਾਂ ’ਤੇ ਹਰਾਉਣ ਦੀ ਤਿਆਰੀ ਕਰ ਲਈ ਹੈ। ਉਨ੍ਹਾਂ ਕਿਹਾ ਕਿ ਭਾਜਪਾ ਕਦੇ ਵੀ ਚੋਣਾਂ ਤੋਂ ਪਹਿਲਾਂ ਲੋਕਾਂ ਨੂੰ ਝੂਠੇ ਗਾਰੰਟੀ ਕਾਰਡ ਨਹੀਂ ਵੰਡਦੀ ਹੈ। ਇਕ ਸਮਾਂ ਸੀ ਜਦੋਂ ਲੋਕ ਸਭਾ ਵਿੱਚ ਭਾਜਪਾ ਦੇ ਸਿਰਫ ਦੋ ਸੰਸਦ ਮੈਂਬਰ ਹੁੰਦੇ ਸਨ, ਜਿਨ੍ਹਾਂ ’ਚੋਂ ਇਕ ਹਨਮਕੌਂਡਾ ਤੋਂ ਜੰਗਾ ਰੈੱਡੀ ਨੂੰ ਚੇਤੇ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਪਾਰਟੀ ਦੇ ਸ਼ੁਰੂ ਦੇ ਦਿਨ ਸਨ। -ਪੀਟੀਆਈ

Advertisement

ਕਾਂਗਰਸ ਮਤਲਬ ‘ਲੁੱਟ ਦੀ ਦੁਕਾਨ’ ਅਤੇ ‘ਝੂਠ ਦਾ ਬਾਜ਼ਾਰ’: ਮੋਦੀ
ਬੀਕਾਨੇਰ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇੱਥੇ ਕਾਂਗਰਸ ’ਤੇ ਵਰ੍ਹਦਿਆਂ ਪਾਰਟੀ ਨੂੰ ‘ਲੁੱਟ ਦੀ ਦੁਕਾਨ’ ਅਤੇ ‘ਝੂਠ ਦਾ ਬਾਜ਼ਾਰ’ ਕਰਾਰ ਦਿੱਤਾ ਅਤੇ ਕਿਹਾ ਕਿ ਇਹ ਸਪੱਸ਼ਟ ਹੈ ਕਿ ਰਾਜਸਥਾਨ ਵਿਚਲੀ ਇਸ ਦੀ ਸਰਕਾਰ ਦੇ ਜਾਣ ਦਾ ਸਮਾਂ ਆ ਗਿਆ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਸੂਬੇ ਵਿੱਚ 24,300 ਕਰੋੜ ਰੁਪਏ ਦੇ ਵੱਖ-ਵੱਖ ਵਿਕਾਸ ਪ੍ਰਾਜੈਕਟਾਂ ਦੀ ਸ਼ੁਰੂਆਤ ਕੀਤੀ। ਪ੍ਰਧਾਨ ਮੰਤਰੀ ਨੇ ਦੋਸ਼ ਲਗਾਇਆ ਕਿ ਅਸ਼ੋਕ ਗਹਿਲੋਤ ਸਰਕਾਰ ਨੇ ਭ੍ਰਿਸ਼ਟਾਚਾਰ, ਅਪਰਾਧ ਤੇ ਤੁਸ਼ਟੀਕਰਨ ਦੀ ਸਿਆਸਤ ਰਾਹੀਂ ਆਪਣੀ ਇਕ ਨਵੀਂ ਪਛਾਣ ਬਣਾ ਲਈ ਹੈ। ਉਹ ਇੱਥੇ ਇਕ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਜਲ ਜੀਵਨ ਮਿਸ਼ਨ ਦੇ ਲਾਗੂਕਰਨ ਵਿੱਚ ਰਾਜਸਥਾਨ ਨੂੰ ਮੋਹਰੀ ਹੋਣਾ ਚਾਹੀਦਾ ਸੀ ਪਰ ਅੱਜ ਇਹ ਸਭ ਤੋਂ ਪਿਛਲੇ ਸੂਬਿਆਂ ’ਚ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਮਹਿਲਾਵਾਂ ਖ਼ਿਲਾਫ਼ ਅਪਰਾਧ ਤੇ ਜਬਰ-ਜਨਾਹ ਦੇ ਮਾਮਲਿਆਂ ਵਾਲੀ ਸੂਚੀ ਵਿੱਚ ਰਾਜਸਥਾਨ ਸਭ ਤੋਂ ਉੱਪਰ ਹੈ। -ਪੀਟੀਆਈ

ਬੀਆਰਐੱਸ ਨੇ ਵੀ ਮੋਦੀ ’ਤੇ ਕੀਤਾ ਪਲਟਵਾਰ
ਹੈਦਰਾਬਾਦ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਟਿੱਪਣੀਆਂ ਲਈ ਉਨ੍ਹਾਂ ’ਤੇ ਪਲਟਵਾਰ ਕਰਦਿਆਂ ਤਿਲੰਗਾਨਾ ਦੀ ਬੀਆਰਐੱਸ ਸਰਕਾਰ ਦੇ ਮੰਤਰੀ ਕੇ.ਟੀ. ਰਾਮਾ ਰਾਓ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 20,000 ਕਰੋੜ ਰੁਪਏ ਦਾ ਰੇਲ ਇੰਜਣ ਕਾਰਖਾਨਾ ਗੁਜਰਾਤ ਲਿਜਾ ਕੇ ਅਤੇ ਤਿਲੰਗਾਨਾ ’ਚ 520 ਕਰੋੜ ਰੁਪਏ ਦਾ ਰੇਲ ਦੇ ਡੱਬਿਆਂ ਦਾ ਕਾਰਖਾਨਾ ਸਥਾਪਤ ਕਰ ਕੇ ਸੂਬੇ ਦੇ ਲੋਕਾਂ ਦਾ ਅਪਮਾਨ ਕੀਤਾ ਹੈ। ਪ੍ਰਧਾਨ ਮੰਤਰੀ ਦੀ ਟਿੱਪਣੀ ਕਿ ਤਿਲੰਗਾਨਾ ਵਿੱਚ ਅਧਿਆਪਕਾਂ ਦੀਆਂ ਹਜ਼ਾਰਾਂ ਅਸਾਮੀਆਂ ਖਾਲੀ ਪਈਆਂ ਹਨ, ਬਾਰੇ ਕੇਟੀਆਰ ਨੇ ਕਿਹਾ ਕਿ ਕੇਂਦਰ ਸਰਕਾਰ ਇਸ ਦੇ ਵੱਖ-ਵੱਖ ਵਿਭਾਗਾਂ ’ਚ ਖਾਲੀ ਪਈਆਂ 16 ਲੱਖ ਤੋਂ ਵੱਧ ਅਸਾਮੀਆਂ ਤਾਂ ਭਰ ਨਹੀਂ ਰਹੀ ਹੈ ਅਤੇ ਲਗਾਤਾਰ ਸਰਕਾਰੀ ਖੇਤਰ ਦੀਆਂ ਸੰਸਥਾਵਾਂ ਦੇ ਨਿੱਜੀਕਰਨ ’ਚ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਸੂਬਾਈ ਯੂਨੀਵਰਸਿਟੀਆਂ ’ਚ ਖਾਲੀ ਪਈਆਂ ਅਸਾਮੀਆਂ ਦੀ ਗੱਲ ਕਰਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੂੰ ਦੇਸ਼ ਭਰ ਦੀਆਂ ਕੇਂਦਰੀ ਯੂਨੀਵਰਸਿਟੀਆਂ ’ਚ ਖਾਲੀ ਪਈਆਂ ਅਸਾਮੀਆਂ ਭਰਨੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਇਹ ਮੋਦੀ ਦੀ ਆਦਤ ਬਣ ਗਈ ਹੈ ਕਿ ਤਿਲੰਗਾਨਾ ਆ ਕੇ ਬੀਆਰਐੱਸ ’ਤੇ ਟਿੱਪਣੀਆਂ ਕਰਨਾ, ਝੂਠ ਬੋਲਣਾ ਅਤੇ ਸਿਰਫ ਭਾਸ਼ਣ ਦੇ ਕੇ ਖਾਲੀ ਹੱਥ ਪਰਤ ਜਾਣਾ। -ਪੀਟੀਆਈ

Advertisement
Tags :
Author Image

sukhwinder singh

View all posts

Advertisement
Advertisement
×