ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕੇਸੀ ਤਿਆਗੀ ਵੱਲੋਂ ਜੇਡੀਯੂ ਦੇ ਕੌਮੀ ਬੁਲਾਰੇ ਦੇ ਅਹੁਦੇ ਤੋਂ ਅਸਤੀਫਾ

07:22 AM Sep 02, 2024 IST

ਨਵੀਂ ਦਿੱਲੀ: ਜਨਤਾ ਦਲ (ਯੂ) ਦੇ ਸੀਨੀਅਰ ਆਗੂ ਕੇਸੀ ਤਿਆਗੀ ਨੇ ਅੱਜ ਪਾਰਟੀ ਦੇ ਕੌਮੀ ਬੁਲਾਰੇ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਅਤੇ ਉਨ੍ਹਾਂ ਦੀ ਥਾਂ ਰਾਜੀਵ ਰੰਜਨ ਪ੍ਰਸਾਦ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ। ਜੇਡੀਯੂ ਵੱਲੋਂ ਜਾਰੀ ਬਿਆਨ ਅਨੁਸਾਰ ਤਿਆਗੀ ਨੇ ਨਿੱਜੀ ਕਾਰਨਾਂ ਕਰਕੇ ਕੌਮੀ ਬੁਲਾਰੇ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਹੈ। ਹਾਲਾਂਕਿ ਪਾਰਟੀ ਦੇ ਸੂਤਰਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਦੀਆਂ ਨੀਤੀਆਂ ਬਾਰੇ ਅਕਸਰ ਕੀਤੀਆਂ ਜਾਣ ਵਾਲੀਆਂ ਤਿਆਗੀ ਦੀਆਂ ਟਿੱਪਣੀਆਂ ਜੇਡੀਯੂ ਤੇ ਉਸ ਦੀ ਸਹਿਯੋਗੀ ਭਾਰਤੀ ਜਨਤਾ ਪਾਰਟੀ ਦੇ ਸਬੰਧਾਂ ’ਚ ਟਕਰਾਅ ਦਾ ਕਾਰਨ ਬਣ ਰਹੀਆਂ ਸਨ।
ਤਿਆਗੀ ਦਿੱਲੀ ’ਚ ਰਹਿੰਦੇ ਹਨ ਅਤੇ ਆਪਣੇ ਤਜਰਬੇ ਤੇ ਸ਼ਖਸੀਅਤ ਕਾਰਨ ਕੌਮੀ ਮੀਡੀਆ ’ਚ ਵਿਸ਼ੇਸ਼ ਪਛਾਣ ਰੱਖਦੇ ਹਨ। ਬਿਹਾਰ ਦੇ ਮੁੱਖ ਮੰਤਰੀ ਤੇ ਪਾਰਟੀ ਪ੍ਰਧਾਨ ਨਿਤੀਸ਼ ਕੁਮਾਰ ਨੂੰ ਲਿਖੇ ਪੱਤਰ ’ਚ ਸਾਬਕਾ ਸੰਸਦ ਮੈਂਬਰ ਤੇ ਸਮਾਜਵਾਦੀ ਆਗੂ ਤਿਆਗੀ ਨੇ ਕਿਹਾ ਕਿ ਉਹ ਹੋਰ ਕੰਮਾਂ ’ਚ ਆਪਣੇ ਰੁਝੇਵਿਆਂ ਕਾਰਨ ਬੁਲਾਰੇ ਵਜੋਂ ਆਪਣੀ ਭੂਮਿਕਾ ਨਾਲ ਨਿਆਂ ਕਰਨ ’ਚ ਅਸਮਰੱਥ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਇਸ ਤੋਂ ਪਹਿਲਾਂ ਵੀ ਇਹ ਮੰਗ ਕੀਤੀ ਸੀ। ਪਾਰਟੀ ਆਗੂਆਂ ਨੇ ਕਿਹਾ ਕਿ ਤਿਆਗੀ ‘ਸਿਆਸੀ ਸਲਾਹਕਾਰ’ ਵਜੋਂ ਆਪਣੀ ਭੂਮਿਕਾ ਨਿਭਾਉਂਦੇ ਰਹਿਣਗੇ। ਸੂਤਰਾਂ ਨੇ ਦੱਸਿਆ ਕਿ ਭਾਵੇਂ ਸਾਂਝਾ ਸਿਵਲ ਕੋਡ ਹੋਵੇ, ਵਕਫ਼ (ਸੋਧ) ਬਿੱਲ ਹੋਵੇ ਜਾਂ ਫਲਸਤੀਨ ਦੇ ਮੁੱਦੇ ’ਤੇ ਸਰਕਾਰ ਦਾ ਰੁਖ਼ ਜਾਂ ਫਿਰ ਹੋਰ ਮੁੱਦੇ ਹੋਣ ਸਮਾਜਵਾਦੀ ਆਗੂ ਤਿਆਗੀ ਦਾ ਤਿੱਖਾ ਰੁਖ਼ ਪਾਰਟੀ ਅੰਦਰ ਕਈ ਆਗੂਆਂ ਨੂੰ ਰਾਸ ਨਹੀਂ ਆਇਆ ਅਤੇ ਇਸ ਕਾਰਨ ਭਾਜਪਾ ਨੂੰ ਵੀ ਕਈ ਵਾਰ ਅਸਹਿਜ ਸਥਿਤੀ ਦਾ ਸਾਹਮਣਾ ਕਰਨਾ ਪਿਆ। ਜੇਡੀਯੂ ਦੇ ਸੂਤਰਾਂ ਦਾ ਕਹਿਣਾ ਹੈ ਕਿ ਪਾਰਟੀ ਚਾਹੁੰਦੀ ਹੈ ਕਿ ਕੇਂਦਰੀ ਮੰਤਰੀ ਰਾਜੀਵ ਰੰਜਨ ਉਰਫ਼ ਲੱਲਨ ਸਿੰਘ ਅਤੇ ਪਾਰਟੀ ਦੀ ਸੰਸਦੀ ਪਾਰਟੀ ਦੇ ਨੇਤਾ ਤੇ ਕਾਰਜਕਾਰੀ ਪ੍ਰਧਾਨ ਸੰਜੈ ਝਾਅ ਭਾਜਪਾ ਨਾਲ ਸਬੰਧਾਂ ਨੂੰ ਮਜ਼ਬੂਤ ਬਣਾਉਣ ’ਚ ਭੂਮਿਕਾ ਨਿਭਾਉਣ। ਬਿਆਨ ਅਨੁਸਾਰ ਜੇਡੀਯੂ ਦੇ ਕੌਮੀ ਪ੍ਰਧਾਨ ਨਿਤੀਸ਼ ਕੁਮਾਰ ਨੇ ਰਾਜੀਵ ਰੰਜਨ ਪ੍ਰਸਾਦ ਨੂੰ ਪਾਰਟੀ ਦਾ ਨਵਾਂ ਕੌਮੀ ਬੁਲਾਰਾ ਨਿਯੁਕਤ ਕੀਤਾ ਹੈ। ਪ੍ਰਸਾਦ ਮੌਜੂਦਾ ਸਮੇਂ ਪਾਰਟੀ ਦੇ ਕੌਮੀ ਸਕੱਤਰ ਦੀ ਭੂਮਿਕਾ ਨਿਭਾਅ ਰਹੇ ਸਨ। -ਪੀਟੀਆਈ

Advertisement

Advertisement