Kazakhstan plane crash: ਹਾਦਸਾਗ੍ਰਸਤ ਹੋਣ ਤੋਂ ਪਹਿਲਾਂ ਜਹਾਜ਼ ਦੀ ਅੰਦਰਲੇ ਹਾਲਾਤ ਦੀ ਵੀਡੀਓ ਆਈ ਸਾਹਮਣੇ
ਪੰਜਾਬੀ ਟ੍ਰਿਬਿਊਨ ਵੈੱਬ ਡੈਸਕ
ਚੰਡੀਗੜ੍ਹ, 26 ਦਸੰਬਰ
Kazakhstan plane crash Video: ਕਜ਼ਾਖ਼ਸਤਾਨ ਦੇ ਅਕਤਾਉ ਸ਼ਹਿਰ ਦੇ ਨੇੜੇ ਅਜ਼ਰਬਾਈਜਾਨ ਏਅਰਲਾਈਨ ਦਾ ਇੱਕ ਜਹਾਜ਼ ਬੀਤੇ ਦਿਨ ਦੁਰਘਟਨਾਗ੍ਰਸਤ ਹੋ ਗਿਆ ਸੀ। ਇਸ ਹਾਦਸੇ ਵਿੱਚ 38 ਲੋਕਾਂ ਦੀ ਮੌਤ ਹੋ ਗਈ। ਹਾਦਸੇ ਤੋਂ ਇਕ ਦਿਨ ਬਾਅਦ ਹੁਣ ਇਸ ਦੀਆਂ ਵੀਡੀਓਜ਼ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।
ਇੱਕ ਵਾਇਰਲ ਵੀਡੀਓ ਵਿੱਚ ਇੱਕ ਵਿਅਕਤੀ ਹਾਦਸੇ ਤੋਂ ਪਹਿਲਾਂ ਜਹਾਜ਼ ਦੇ ਅੰਦਰ ਵੀਡੀਓ ਬਣਾ ਰਿਹਾ ਹੈ, ਜਿਸ ਵਿੱਚ ਇੱਕ ਯਾਤਰੀ ‘ਅੱਲਾਹ-ਹੂ-ਅਕਬਰ’ ਕਹਿ ਰਿਹਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਯਾਤਰੀ ਇਸੇ ਜਹਾਜ਼ ਵਿੱਚ ਸਵਾਰ ਸੀ।
ਜਦੋਂ ਉਹ ਵਿਅਕਤੀ ਜਹਾਜ਼ ਦੇ ਅੰਦਰ ਖ਼ੌਫ਼ਨਾਕ ਮੰਜ਼ਰ ਨੂੰ ਰਿਕਾਰਡ ਕਰ ਰਿਹਾ ਸੀ ਤਾਂ ਜਹਾਜ਼ ਤੇਜ਼ੀ ਨਾਲ ਹੇਠਾਂ ਜਾ ਰਿਹਾ ਸੀ। ਜਹਾਜ਼ ਵਿੱਚ ਲੋਕ ਡਰ ਨਾਲ ਚੀਖ ਰਹੇ ਸਨ। ਚੰਗੀ ਦੀ ਗੱਲ ਇਹ ਰਹੀ ਕਿ ਇੰਨੀ ਭਿਆਨਕ ਦੁਰਘਟਨਾ ਵਿੱਚ ਇਹ ਵੀਡੀਓ ਬਣਾਉਣ ਵਾਲਾ ਬਚ ਗਿਆ।
ਜ਼ਿੰਦਾ ਬਚ ਜਾਣ ਤੋਂ ਬਾਅਦ ਵਿਅਕਤੀ ਨੇ ਫਿਰ ਵੀਡੀਓ ਬਣਾਈ, ਜਿਸ ਵਿੱਚ ਉਸ ਦੇ ਚਿਹਰੇ 'ਤੇ ਹਾਦਸੇ ਦਾ ਖ਼ੌਫ਼ ਸਾਫ਼ ਨਜ਼ਰ ਆ ਰਿਹਾ ਸੀ, ਹਾਲਾਂਕਿ ਉਹ ਪੂਰੀ ਤਰ੍ਹਾਂ ਮਹਿਫ਼ੂਜ਼ ਦਿਖਾਈ ਦੇ ਰਿਹਾ ਸੀ।
ਸਾਹਮਣੇ ਆਈ ਇੱਕ ਹੋਰ ਵੀਡੀਓ ਵਿੱਚ ਜਹਾਜ਼ ਦੇ ਪਿੱਛਲੇ ਹਿਸੇ ਨੂੰ ਖੰਭਾਂ ਨਾਲ ਅਲੱਗ ਹੋਏ ਅਤੇ ਬਾਕੀ ਹਿੱਸੇ ਨੂੰ ਘਾਹ ਵਿੱਚ ਪਲਟਿਆ ਹੋਇਆ ਦਿਖਾਇਆ ਗਿਆ ਹੈ। ਸੋਸ਼ਲ ਮੀਡੀਆ 'ਤੇ ਪੋਸਟ ਕੀਤੇ ਗਏ ਕੁਝ ਵੀਡੀਓਜ਼ ਵਿੱਚ ਜ਼ਿੰਦਾ ਬਚੇ ਲੋਕਾਂ ਨੂੰ ਜਹਾਜ਼ ਦੇ ਮਲਬੇ ਵਿੱਚੋਂ ਸਾਥੀਆਂ ਨੂੰ ਖਿੱਚਦੇ ਹੋਏ ਦੇਖਿਆ ਜਾ ਸਕਦਾ ਹੈ।
‘ਫਲਾਈਟਰਡਾਰ24’ ਨੇ ਇੱਕ ਆਨਲਾਈਨ ਪੋਸਟ ਵਿੱਚ ਕਿਹਾ ਕਿ "ਜੀਪੀਐਸ ਜੈਮਿੰਗ" ਦਾ ਸਾਹਮਣਾ ਕਰਨ ਕਾਰਨ ਜਹਾਜ਼ ਗਲਤ ਏਡੀਐਸ-ਬੀ ਡੇਟਾ ਭੇਜ ਰਿਹਾ ਸੀ।
ਅਜ਼ਰਬਾਈਜਾਨ ਦੀ ਸਰਕਾਰੀ ਖ਼ਬਰ ਏਜੰਸੀ ਅਜ਼ਰਟੈਕ ਨੇ ਕਿਹਾ ਕਿ ਅਜ਼ਰਬਾਈਜਾਨ ਦੇ ਐਮਰਜੈਂਸੀ ਮੰਤਰੀ ਦੇਸ਼ ਦੇ ਉਪ ਮਹਾਂਅਦਾਲਤਕਾਰ ਅਤੇ ਅਜ਼ਰਬਾਈਜਾਨ ਏਅਰਲਾਈਨਜ਼ ਦੇ ਉਪ ਪ੍ਰਧਾਨ ਸਮੇਤ ਇੱਕ ਅਧਿਕਾਰਤ ਵਫ਼ਦ ਮੌਕੇ 'ਤੇ ਜਾਂਚ ਲਈ ਅਕਤਾਉ ਭੇਜਿਆ ਗਿਆ ਹੈ।
ਰਾਸ਼ਟਰਪਤੀ ਇਲਹਾਮ ਅਲੀਏਵ ਨੇ ਸੋਸ਼ਲ ਮੀਡੀਆ 'ਤੇ ਇੱਕ ਬਿਆਨ ਜਾਰੀ ਕਰ ਕੇ ਪੀੜਤ ਪਰਿਵਾਰਾਂ ਪ੍ਰਤੀ ਆਪਣੀ ਹਮਦਰਦੀ ਜ਼ਾਹਰ ਕੀਤੀ ਹੈ।
ਕਜ਼ਾਖ਼ਸਤਾਨ ਅਤੇ ਅਜ਼ਰਬਾਈਜਾਨ ਦੇ ਅਧਿਕਾਰੀ ਜਾਂਚ ਕਰ ਰਹੇ ਹਨ
ਕਜ਼ਾਖ਼ਸਤਾਨ ਅਤੇ ਅਜ਼ਰਬਾਈਜਾਨ ਦੋਹਾਂ ਦੇ ਅਧਿਕਾਰੀ ਇਸ ਦੁਰਘਟਨਾ ਦੀ ਜਾਂਚ ਕਰ ਰਹੇ ਹਨ। ਜਹਾਜ਼ ਨਿਰਮਾਤਾ ਕੰਪਨੀ ਐਮਬ੍ਰੇਅਰ ਨੇ ‘ਐਸੋਸੀਏਟਡ ਪ੍ਰੈਸ’ ਨੂੰ ਦਿੱਤੇ ਇੱਕ ਬਿਆਨ ਵਿੱਚ ਕਿਹਾ ਕਿ ਕੰਪਨੀ ਸਾਰੇ ਸਬੰਧਤ ਅਧਿਕਾਰੀਆਂ ਦੀ ਮਦਦ ਕਰਨ ਲਈ ਤਿਆਰ ਹੈ। ਗ਼ੌਰਤਲਬ ਹੈ ਕਿ ਜਹਾਜ਼ ਵਿੱਚ ਪਾਇਲਟਾਂ ਸਮੇਤ 72 ਲੋਕ ਸਵਾਰ ਸਨ।
ਉਨ੍ਹਾਂ ਕਿਹਾ ਕਿ ਇਹ ਹਾਦਸਾ ਇੱਕ ਭਿਆਨਕ ਦੁਖਦਾਈ ਘਟਨਾ ਹੈ ਅਤੇ ਇਸ ਦੀ ਜਾਂਚ ਜਾਰੀ ਹੈ, ਤਾਂ ਜੋ ਇਸ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ ਅਤੇ ਭਵਿੱਖ ਵਿੱਚ ਇਸ ਤਰ੍ਹਾਂ ਦੀਆਂ ਦੁਰਘਟਨਾਵਾਂ ਨੂੰ ਰੋਕਿਆ ਜਾ ਸਕੇ।