ਕਜ਼ਾਖ਼ਸਤਾਨ: ਅਜ਼ਰਬਾਇਜਾਨ ਏਅਰਲਾਈਨਜ਼ ਦਾ ਹਵਾਈ ਜਹਾਜ਼ ਹਾਦਸਾਗ੍ਰਸਤ, 38 ਹਲਾਕ
ਮਾਸਕੋ, 25 ਦਸੰਬਰ
ਅਜ਼ਰਬਾਇਜਾਨ ਏਅਰਲਾਈਨਜ਼ ਦਾ ਇਕ ਹਵਾਈ ਜਹਾਜ਼ ਅੱਜ ਕਜ਼ਾਖ਼ਸਤਾਨ ਦੇ ਸ਼ਹਿਰ ਅਕਤਾਊ ਵਿੱਚ ਹਾਦਸਾਗ੍ਰਸਤ ਹੋ ਗਿਆ। ਇਸ ਘਟਨਾ ਵਿੱਚ 38 ਯਾਤਰੀਆਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਜਹਾਜ਼ ਵਿੱਚ 67 ਵਿਅਕਤੀ ਸਵਾਰ ਸਨ ਜਿਨ੍ਹਾਂ ਵਿੱਚੋਂ 29 ਜਣੇ ਬੱਚ ਗਏ ਹਨ।
ਕਜ਼ਾਖ਼ਸਤਾਨ ਦੇ ਐਮਰਜੈਂਸੀ ਮੰਤਰਾਲੇ ਨੇ ਇਕ ਟੈਲੀਗ੍ਰਾਮ ਬਿਆਨ ਵਿੱਚ ਕਿਹਾ ਕਿ ਹਵਾਈ ਜਹਾਜ਼ ਵਿੱਚ ਸਵਾਰ ਵਿਅਕਤੀਆਂ ’ਚ ਚਾਲਕ ਦਲ ਦੇ ਪੰਜ ਮੈਂਬਰ ਵੀ ਸ਼ਾਮਲ ਸਨ। ਮੰਤਰਾਲੇ ਨੇ ਰੂਸ ਦੀ ਸਰਕਾਰੀ ਖ਼ਬਰ ਏਜੰਸੀ ‘ਰੀਆ ਨੋਵੋਸਤੀ’ ਨੂੰ ਦੱਸਿਆ ਕਿ 29 ਵਿਅਕਤੀਆਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਰੂਸੀ ਖ਼ਬਰ ਏਜੰਸੀ ‘ਇੰਟਰਫੈਕਸ’ ਨੇ ਸਿਹਤ ਕਰਮੀਆਂ ਦੇ ਹਵਾਲੇ ਨਾਂਲ ਆਪਣੀ ਖ਼ਬਰ ਵਿੱਚ ਦੱਸਿਆ ਕਿ ਚਾਰ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ ਅਤੇ ਘਟਨਾ ਸਥਾਨ ’ਤੇ ਮੌਜੂਦ ਐਮਰਜੈਂਸੀ ਸੇਵਾ ਦੇ ਮੁਲਾਜ਼ਮਾਂ ਨੇ ਦੱਸਿਆ ਕਿ ਸ਼ੁਰੂਆਤੀ ਮੁਲਾਂਕਣ ਮੁਤਾਬਕ ਦੋਵੇਂ ਪਾਇਲਟ ਹਾਦਸੇ ਵਿੱਚ ਮਾਰੇ ਜਾ ਚੁੱਕੇ ਹਨ।
ਅਜ਼ਰਬਾਇਜਾਨ ਏਅਰਲਾਈਨਜ਼ ਨੇ ਪਹਿਲਾਂ ਕਿਹਾ ਸੀ ਕਿ ਉਸ ਦੇ ‘ਦਿ ਐਂਬਰੇਅਰ 190’ ਹਵਾਈ ਜਹਾਜ਼ ਨੂੰ ਐਮਰਜੈਂਸੀ ਹਾਲਾਤ ਵਿੱਚ ਸ਼ਹਿਰ ਤੋਂ ਤਿੰਨ ਕਿਲੋਮੀਟਰ ਦੂਰ ਉਤਰਨਾ ਪਿਆ। ਕਜ਼ਾਖ਼ਸਤਾਨ ਦੇ ਐਮਰਜੈਂਸੀ ਮੰਤਰਾਲੇ ਨੇ ਸ਼ੁਰੂ ਵਿੱਚ ਕਿਹਾ ਸੀ ਕਿ ਹਾਦਸੇ ਵਿੱਚ 25 ਲੋਕ ਬੱਚ ਗਏ ਹਨ। ਬਾਅਦ ਵਿੱਚ ਉਸ ਨੇ ਇਹ ਗਿਣਤੀ 27 ਦੱਸੀ ਅਤੇ ਫਿਰ ਇਹ ਗਿਣਤੀ 29 ਦੱਸੀ ਗਈ।
ਜਹਾਜ਼ ਨੇ ਅਜ਼ਰਬਾਇਜਾਨ ਦੀ ਰਾਜਧਾਨੀ ਬਾਕੂ ਤੋਂ ਰੂਸ ਦੇ ਸ਼ਹਿਰ ਗਰੌਂਜ਼ੀ ਲਈ ਉਡਾਣ ਭਰੀ ਸੀ। ਅਜ਼ਰਬਾਇਜਾਨ ਏਅਰਲਾਈਨਜ਼ ਮੁਤਾਬਕ, ਜਹਾਜ਼ ਵਿੱਚ ਸਵਾਰ 37 ਯਾਤਰੀ ਅਜ਼ਰਬਾਇਜਾਨ ਦੇ ਨਾਗਰਿਕ ਸਨ। ਇਸ ਤੋਂ ਇਲਾਵਾ 16 ਰੂਸੀ ਨਾਗਰਿਕ, ਕਜ਼ਾਖ਼ਸਤਾਨ ਦੇ ਛੇ ਅਤੇ ਕਿਰਗਿਜ਼ਸਤਾਨ ਦੇ ਤਿੰਨ ਨਾਗਰਿਕ ਵੀ ਸਨ।
ਰੂਸ ਦੀ ਸੰਘੀ ਹਵਾਈ ਆਵਾਜਾਈ ਏਜੰਸੀ ਦੇ ਇਕ ਤਰਜਮਾਨ ਨੇ ਕਿਹਾ ਕਿ ਸ਼ੁਰੂਆਤੀ ਸੂਚਨਾ ਤੋਂ ਪਤਾ ਲੱਗਦਾ ਹੈ ਕਿ ਹਵਾਈ ਜਹਾਜ਼ ਨਾਲ ਇਕ ਪੰਛੀ ਦੇ ਟਕਰਾਉਣ ਮਗਰੋਂ ਪਾਇਲਟ ਨੇ ਹਵਾਈ ਜਹਾਜ਼ ਨੂੰ ਅਕਤਾਊ ਵੱਲ ਮੋੜ ਦਾ ਫੈਸਲਾ ਲਿਆ ਅਤੇ ਹੰਗਾਮੀ ਹਾਲਾਤ ਵਿੱਚ ਉਸ ਨੂੰ ਉਤਾਰਾਨਾ ਪਿਆ।
ਆਨਲਾਈਨ ਸਾਹਮਣੇ ਆ ਰਹੇ ਮੋਬਾਈਲ ਫੋਨ ਫੁਟੇਜ ਵਿੱਚ ਜਹਾਜ਼ ਨੂੰ ਤੇਜ਼ੀ ਨਾਲ ਜ਼ਮੀਨ ’ਤੇ ਡਿੱਗਦੇ ਅਤੇ ਉਸ ਵਿੱਚ ਅੱਗ ਲੱਗਦੀ ਹੋਈ ਦੇਖੀ ਜਾ ਸਕਦੀ ਹੈ। ਇਕ ਹੋਰ ਫੁਟੇਜ ਵਿੱਚ ਜਹਾਜ਼ ਦਾ ਪਿਛਲਾ ਹਿੱਸਾ ਪੱਖਿਆਂ ਤੋਂ ਵੱਖ ਹੁੰਦੇ ਹੋਏ ਅਤੇ ਬਾਕੀ ਹਿੱਸਾ ਘਾਹ ਵਿੱਚ ਉਲਟਾ ਪਿਆ ਹੋਇਆ ਦੇਖਿਆ ਗਿਆ। ਸੋਸ਼ਲ ਮੀਡੀਆ ’ਤੇ ਪੋਸਟ ਕੀਤੇ ਗਏ ਕੁਝ ਵੀਡੀਓਜ਼ ਵਿੱਚ ਜਿਊਂਦੇ ਬਚੇ ਹੋਏ ਲੋਕਾਂ ਨੂੰ ਜਹਾਜ਼ ਦੇ ਮਲਬੇ ’ਚੋਂ ਸਾਥੀ ਯਾਤਰੀਆਂ ਨੂੰ ਖਿੱਚਦੇ ਹੋਏ ਦੇਖਿਆ ਜਾ ਸਕਦਾ ਹੈ। -ਏਪੀ