ਕਵਿਤਾ ਵੱਲੋਂ ਸੀਬੀਆਈ ਨੂੰ ਦਿੱਤੀ ਪੁੱਛ-ਪੜਤਾਲ ਦੀ ਇਜਾਜ਼ਤ ਵਾਪਸ ਲੈਣ ਦੀ ਅਪੀਲ
ਨਵੀਂ ਦਿੱਲੀ: ਦਿੱਲੀ ਆਬਕਾਰੀ ਨੀਤੀ ਘੁਟਾਲੇ ਨਾਲ ਸਬੰਧਤ ਮਨੀ ਲਾਂਡਰਿੰਗ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਭਾਰਤ ਰਾਸ਼ਟਰ ਸਮਿਤੀ (ਬੀਆਰਐੱਸ) ਦੀ ਆਗੂ ਕੇ ਕਵਿਤਾ ਨੇ ਅੱਜ ਕੌਮੀ ਰਾਜਧਾਨੀ ਦੀ ਇਕ ਅਦਾਲਤ ਵਿੱਚ ਅਰਜ਼ੀ ਦਾਇਰ ਕਰ ਕੇ ਉਸ ਹੁਕਮ ਨੂੰ ਵਾਪਸ ਲੈਣ ਦੀ ਅਪੀਲ ਕੀਤੀ ਹੈ, ਜਿਸ ਵਿੱਚ ਸੀਬੀਆਈ ਨੂੰ ਉਸ ਕੋਲੋਂ ਪੁੱਛ-ਪੜਤਾਲ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ। ਸੀਬੀਆਈ ਆਬਕਾਰੀ ਨੀਤੀ ਮਾਮਲੇ ਵਿੱਚ ਭ੍ਰਿਸ਼ਟਾਚਾਰ ਦੇ ਪਹਿਲੂ ਦੀ ਜਾਂਚ ਕਰ ਰਹੀ ਹੈ। ਕਵਿਤਾ ਦੇ ਵਕੀਲ ਨਿਤੇਸ਼ ਰਾਣਾ ਨੇ ਅਦਾਲਤ ਨੂੰ ਦੱਸਿਆ ਕਿ ਸੀਬੀਆਈ ਨੇ ‘ਉਨ੍ਹਾਂ ਦੀ ਪਿੱਠ ਪਿੱਛੇ’ ਕਵਿਤਾ ਕੋਲੋਂ ਪੁੱਛਗਿਛ ਕਰਨ ਦੀ ਇਜਾਜ਼ਤ ਮੰਗਣ ਵਾਲੀ ਪਟੀਸ਼ਨ ਦਾਇਰ ਕਰ ਕੇ ਕਾਨੂੰਨ ਦੀ ਉਚਿਤ ਪ੍ਰਕਿਰਿਆ ਨੂੰ ਅਸਫ਼ਲ ਕਰ ਦਿੱਤਾ। ਰਾਣਾ ਨੇ ਕਿਹਾ, ‘‘ਮੈਨੂੰ ਸ਼ੱਕ ਹੈ ਕਿ ਅਦਾਲਤ ਕੋਲੋਂ ਆਪਣੇ ਮੁਤਾਬਕ ਆਦੇਸ਼ ਹਾਸਲ ਕਰਨ ਲਈ ਸੀਬੀਆਈ ਨੇ ਸਹੀ ਤੱਥਾਂ ਦਾ ਖੁਲਾਸਾ ਨਹੀਂ ਕੀਤਾ ਹੋਵੇਗਾ।’’ ਉਨ੍ਹਾਂ ਅਦਾਲਤ ਨੂੰ ਅਪੀਲ ਕੀਤੀ ਕਿ ਕਵਿਤਾ ਕੋਲੋਂ ਨਿਆਂਇਕ ਹਿਰਾਸਤ ਵਿੱਚ ਪੁੱਛ-ਪੜਤਾਲ ਦੀ ਇਜਾਜ਼ਤ ਦੇਣ ਵਾਲੇ ਉਸ ਦੇ ਸ਼ੁੱਕਰਵਾਰ ਦੇ ਹੁਕਮਾਂ ਨੂੰ ਉਦੋਂ ਤੱਕ ਮੁਲਤਵੀ ਰੱਖਿਆ ਜਾਵੇ ਜਦੋਂ ਤੱਕ ਕਿ ਉਨ੍ਹਾਂ ਦਾ ਪੱਖ ਨਹੀਂ ਸੁਣਿਆ ਜਾਂਦਾ। ਅਦਾਲਤ ਨੇ ਦਲੀਲ ਸੁਣੀ ਅਤੇ ਸੀਬੀਆਈ ਵੱਲੋਂ ਕਵਿਤਾ ਦੀ ਅਰਜ਼ੀ ’ਤੇ ਜਵਾਬ ਦੇਣ ਲਈ ਸਮਾਂ ਮੰਗੇ ਜਾਣ ਤੋਂ ਬਾਅਦ ਮਾਮਲੇ ਨੂੰ 10 ਅਪਰੈਲ ਤੱਕ ਸੁਣਵਾਈ ਲਈ ਅੱਗੇ ਪਾ ਦਿੱਤਾ ਗਿਆ। ਹਾਲਾਂਕਿ, ਵਿਸ਼ੇਸ਼ ਜੱਜ ਕਾਵੇਰੀ ਬਾਵੇਜਾ ਨੇ ਕਵਿਤਾ ਨੂੰ ਕੋਈ ਅੰਤ੍ਰਿਮ ਰਾਹਤ ਨਹੀਂ ਦਿੱਤੀ। -ਪੀਟੀਆਈ