ਕਾਵਿ ਕਿਆਰੀ
ਗ਼ਜ਼ਲ
ਹਰਦਮ ਮਾਨ
ਅੱਲੇ ਅੱਲੇ ਜ਼ਖ਼ਮਾਂ ਉੱਤੇ ਫਹੇ ਲੂਣ ਦੇ ਧਰਦੀ ਹੈ
‘ਦਰਦੀ ਦੁਨੀਆ’ ਦੀਨ ਦੁਖੀ ਦੇ ਦੁੱਖੜੇ ਈਕਣ ਹਰਦੀ ਹੈ
ਵੇਖ ਲਈਂ ਤੂੰ ਇੱਕ ਦਿਨ ਸਾਡੀ ਕਾਟੋ ਖੇਡੂ ਫੁੱਲਾਂ ’ਤੇ
ਕੀ ਹੋਇਆ ਜੇ ਅੱਜ ਕੱਲ੍ਹ ਤੇਰੀ ਬੱਕਰੀ ਡਾਲਰ ਚਰਦੀ ਹੈ
ਮਹਿਫ਼ਿਲ ਦੇ ਵਿੱਚ ਅਕਸਰ ਵੱਜਦੇ ਨਾਅਰੇ ਤੇ ਲਲਕਾਰੇ ਬਹੁਤ
ਪਲ ਵਿੱਚ ਸਭ ਤਿੱਤਰ ਹੋ ਜਾਵਣ ਜਦ ਵੀ ਸਿਰ ’ਤੇ ਵਰ੍ਹਦੀ ਹੈ
ਇਹ ਵੀ ਸੱਚ ਹੈ ਅੱਗ ’ਚ ਪੈ ਕੇ ਲੋਹਾ ਪਾਣੀ ਬਣ ਜਾਵੇ
ਪਰ ਸੀਨੇ ਵਿੱਚ ਤਪਦੀ ਭੱਠੀ ਬਰਫਾਂ ਨਾਲ ਨਾ ਠਰਦੀ ਹੈ
ਭਾਵੇਂ ਲੱਖ ਤੂੰ ਸਾਡੇ ਵੱਲੋਂ ਮੋਹ ਦੇ ਨੱਕੇ ਮੋੜ ਲਏ
ਯਾਦਾਂ ਦੀ ਕਿਸ਼ਤੀ ਤਾਂ ਫਿਰ ਵੀ ਨੈਣਾਂ ਦੇ ਵਿੱਚ ਤਰਦੀ ਹੈ
ਆਥਣ ਵੇਲੇ ਕਿਉਂ ਕੁਝ ਬੰਦੇ ਇਉਂ ਵੀ ਤੁਰਦੇ ਦਿਸਦੇ ਨੇ
ਜਿਵੇਂ ਟਟੀਹਰੀ ਵੱਟ ਦੇ ਉੱਤੇ ਬੋਚ ਬੋਚ ਪੱਬ ਧਰਦੀ ਹੈ
ਏਥੇ ਬੰਦਾ ਆਮ ਨਾ ਕੋਈ, ਸਾਰੇ ਬਣ’ਗੇ ਖ਼ਾਸ-ਮ-ਖ਼ਾਸ
ਮੇਰੇ ਪਿੰਡ ’ਚ ਕੀੜੀ ਵੀ ਹੁਣ ਹਾਥੀ ਦਾ ਦਮ ਭਰਦੀ ਹੈ
ਮੂੜ੍ਹਾ, ਪੀੜ੍ਹੀ, ਮੰਜੀ, ਮੰਜਾ ਡੁਸਕ ਰਹੇ ਨੇ ਖੂੰਜੇ ਵਿੱਚ
ਘਰ ਵਿੱਚ ਸਾਹ ਲੈਂਦੀ ਹਰ ਵਸਤੂ ‘ਕੁਰਸੀ ਕੁਰਸੀ’ ਕਰਦੀ ਹੈ
ਉੱਚੇ, ਚੌੜੇ ਹਾਈ-ਵੇਅ ਨੇ ਹਰ ਪਾਸੇ ਪੰਜਾਬ ਅੰਦਰ
ਨਿੰਮੋਝੂਣੀ ਲਿੰਕ ਸੜਕ ਤਾਂ ਮੋੜ ਮੁੜਨ ਤੋਂ ਡਰਦੀ ਹੈ
ਸੰਪਰਕ: +1-604-308-6663
ਮਾਂ ਵਾਹਰਾ
ਹਰਦੀਪ ਅਹਿਮਦਪੁਰ
ਜਨਮਦਾਤੀ ਤਾਂ ਜਿਵੇਂ
ਜਨਮ ਦੇਣ ਹੀ ਆਈ ਸੀ
ਜਦੋਂ ਮਾਪਿਆਂ ਦਾ ਹੱਥ
ਸਿਰ ਤੋਂ ਉੱਠ ਜਾਂਦਾ ਹੈ ਤਾਂ
ਵੱਡੇ ਭੈਣ ਭਾਈਆਂ ਨੂੰ
ਮਾਂ ਬਾਪ ਦੀ ਥਾਂ ਪੁੱਗਣਾ ਪੈਂਦਾ ਹੈ
ਵੱਡੀ ਭੈਣ ਨੇ ਹੋਰ ਕੋਈ ਤੱਤੀ ’ਵਾ
ਨਹੀਂ ਲੱਗਣ ਦਿੱਤੀ
ਮਾਂ ਦੇ ਤੁਰ ਜਾਣ ਤੋਂ ਬਾਅਦ
ਪੇਕੇ ਤੋਂ ਸਹੁਰੇ ਥਾਂ ਟਿਕਾਣੇ ਧੀਆਂ ਦੇ
ਵੱਡੀ ਭੈਣ ਵਿਆਹੀ ਗਈ।
ਆਪ ਵੀ ਵਿਆਹਿਆ ਗਿਆ।
ਜਿਹੜੀ ਥਾਂ ਭੈਣ ਪੁੱਗਿਆ ਕਰਦੀ
ਸਾਰੀ ਦੇਖ ਭਾਲ਼ ਕਰਿਆ ਕਰਦੀ
ਹੁਣ ਉਹ ਥਾਂ ਪਤਨੀ ਦੀ ਹੋਈ
ਉਸਤੋਂ ਬਾਅਦ ਘਰੇ ਆਈ ਧੀ
ਧੀ ਨੇ ਅੱਖੋਂ ਓਹਲੇ ਨਾ ਹੋਣ ਦਿੱਤਾ ਕਦੇ
ਹਰ ਵੇਲ਼ੇ ਨਾਲ ਨਾਲ ਰਹਿੰਦੀ।
ਜਿਵੇਂ ਓਹਦਾ ਨਾੜੂਆ ਬੱਝਿਆ ਹੋਵੇ।
ਮੋਹ ਮਮਤਾ ਨਾਲ ਭਰੀ ਰੱਖਿਆ
ਘਰਦੇ ਸਾਰੇ ਜੀਆਂ ਨੇ
ਭੈਣ ਨੇ, ਪਤਨੀ ਨੇ ਅਤੇ ਧੀ ਨੇ।
ਪਰ ਹੁਣ ਥਾਂ ’ਤੇ ਹੀ ਪੱਥਰ ਹੋ ਜਾਂਦਾ ਹੈ
ਜਦੋਂ ਲੋਕ ਮਾਂ ਵਾਹਰਾ ਆਖਦੇ ਨੇ
ਖੁੱਲ੍ਹ ਜਾਂਦੀ ਹੈ ਕੋਈ ਤਰੇੜ
ਜਿਹੜੀ ਲਿੱਪਿਆਂ ਵੀ ਲਿੱਪੀ ਨਾ ਗਈ...
ਸੰਪਰਕ: 81958-70014
ਫੁੱਲਾਂ ਦੇ ਰੰਗ
ਸਰੂਪ ਚੰਦ ਹਰੀਗੜ੍ਹ
ਕੰਢਿਆਂ ’ਚ ਘਿਰਿਆ ਗੁਲਾਬ ਜੋ ਗੁਲਾਬੀ ਐ,
ਨੀਲੇ ਚਿੱਟੇ ਫੁੱਲ ਕੀਤੇ ਖਿੜ ਗਿਆ ਉਨਾਭੀ ਐ,
ਤੂੰ ਤਾਂ ਪੂਰੀ ਹੈ ਕਾਇਨਾਤ ਨੂੰ ਸਜਾਇਆ,
ਫੁੱਲਾਂ ’ਚ ਰੰਗ ਪਾਉਣ ਵਾਲਿਆ, ਤੇਰੇ ਰੰਗਾਂ ਦਾ ਭੇਤ ਨਾ ਆਇਆ।
ਦੁਪਹਿਰ-ਖਿੜੀ ਖਿੜੀ ਕੀਤੇ ਰਾਤ ਵਾਲੀ ਰਾਣੀ ਹੈ,
ਅੱਕ ਦਿਆਂ ਫੁੱਲਾਂ ਦੀ ਵੀ ਆਪਣੀ ਕਹਾਣੀ,
ਕੇਲੀ ਰੱਜ ਕੇ ਹੈ ਰੂਪ ਹੰਢਾਇਆ,
ਫੁੱਲਾਂ ’ਚ ਰੰਗ ਪਾਉਣ ਵਾਲਿਆ, ਤੇਰੇ ਰੰਗਾਂ ਦਾ ਭੇਤ ਨਾ ਆਇਆ।
ਵੰਡਦਾ ਹੈ ਮਹਿਕਾਂ ਫੁੱਲ ਹਾਰ ਤੇ ਸ਼ਿੰਗਾਰ ਦਾ,
ਕਿਸੇ ਤੋਂ ਨਾ ਘੱਟ ਰਹੇ ਫੁੱਲ ਕਚਨਾਰ ਦਾ,
ਗੇਂਦਾ ਗੁੰਦ ਜਾਂਦਾ ਹਾਰ ਬਣਾਇਆ,
ਫੁੱਲਾਂ ’ਚ ਰੰਗ ਪਾਉਣ ਵਾਲਿਆ, ਤੇਰੇ ਰੰਗਾਂ ਦਾ ਭੇਤ ਨਾ ਆਇਆ।
ਫੱਗਣ ਮਹੀਨੇ ਫੁੱਲ ਸਰਸੋਂ ਦੇ ਆਉਣੇ ਨੇ
ਵਿਛੀ ਹੋਈ ਚਾਦਰ ਭੁਲੇਖੇ ਬੜੇ ਪਾਉਣੇ ਨੇ
ਚਮੇਲੀ ਉੱਤੇ ਵੀ ਹੈ ਰੂਪ ਸਵਾਇਆ,
ਫੁੱਲਾਂ ’ਚ ਰੰਗ ਪਾਉਣ ਵਾਲਿਆ, ਤੇਰੇ ਰੰਗਾਂ ਦਾ ਭੇਤ ਨਾ ਆਇਆ।
ਬਰਫ਼ ਬੂਟੀ ਦੇ ਫੁੱਲ ਖਿੜੇ ਭਾਂਤ ਭਾਂਤ ਦੇ,
ਕਪਟ ਮਨਾਂ ਨੂੰ ਫੁੱਲ ਕਰ ਦੇਣ ਸ਼ਾਂਤ ਨੇ,
ਹੋਵੇ ਖਿੜਿਆ ਜਾਂ ਫੁੱਲ ਮੁਰਝਾਇਆ,
ਫੁੱਲਾਂ ’ਚ ਰੰਗ ਪਾਉਣ ਵਾਲਿਆ, ਤੇਰੇ ਰੰਗਾਂ ਦਾ ਭੇਤ ਨਾ ਆਇਆ।
ਸਰੂਪ ਚੰਦ ਮੌਲਾ ਹੈ ਸਿਫ਼ਤ ਤੇਰੀ ਕਰਦਾ,
ਲਿਖਤਾਂ ’ਚ ਫੁੱਲਾਂ ਵਾਂਗ ਰਹੇ ਰੰਗ ਭਰਦਾ,
ਬਲਿਹਾਰੀ ਕੁਦਰਤ ਚਿੱਤ ’ਚ ਵਸਾਇਆ,
ਫੁੱਲਾਂ ’ਚ ਰੰਗ ਪਾਉਣ ਵਾਲਿਆ, ਤੇਰੇ ਰੰਗਾਂ ਦਾ ਭੇਤ ਨਾ ਆਇਆ।
ਸੰਪਰਕ: 99143-85202