ਕਾਵਿ ਕਿਆਰੀ
ਗ਼ਜ਼ਲ
ਬਲਵਿੰਦਰ ਬਾਲਮ ਗੁਰਦਾਸਪੁਰ
ਜੀਣਾ ਮਰਨਾ ਤੇਰੇ ਨਾਲ ਜਦ ਫਿਰ ਕਿਉਂ ਜਾਵਾਂ ਹੋਰ ਕਿਤੇ।
ਅਪਣੀ ਰਹਿਮਤ ਦਾ ਸਰਮਾਇਆ ਮੈਂ ਕਿਉਂ ਪਾਵਾਂ ਹੋਰ ਕਿਤੇ।
ਓਧਰ ਵੱਖਰੇ ਯਾਰਾਨੇ ਤੇ ਏਧਰ ਵੱਖਰੇ ਅਫ਼ਸਾਨੇ,
ਇੰਝ ਨਈਂ ਹੋਣਾ ਲੋਕਾਂ ਨੂੰ ਫਿਰ ਮੈਂ ਸਮਝਾਵਾਂ ਹੋਰ ਕਿਤੇ।
ਤੇਰੇ ਰੁੱਖ ਦੀ ਛਾਵੇਂ ਬਹਿ ਇੱਕ ਸਕੂਨ ਨਜ਼ਾਰਾ ਪਾਇਆ,
ਐਪਰ ਮਤਲਬ ਪਿੱਛੋਂ ਫਿਰ ਕਿਉਂ ਆਵਾਂ ਜਾਵਾਂ ਹੋਰ ਕਿਤੇ।
ਚਿੰਤਾ ਵਾਲੀ ਚਾਰ ਦੀਵਾਰੀ ਮਸਤਕ ਵਾਲੀ ਬੁਗਨੀ ਵਿੱਚ,
ਅਪਣੀ ਮਸਤੀ ਦੇ ਵਿੱਚ ਅਪਣੀ ਮੌਜ ਲੁਟਾਵਾਂ ਹੋਰ ਕਿਤੇ।
ਉਸ ਦੇ ਚਿਹਰੇ ਦੀ ਮੁਸਕਾਨ ’ਚ ਇੱਕ ਬਣਾਉਟੀਪਣ ਝਲਕੇ,
ਤਕਦਾ ਏਧਰ ਵਾਲੇ ਪਾਸੇ ਚੋਰ ਨਿਗ੍ਹਾਵਾਂ ਹੋਰ ਕਿਤੇ।
ਤੇਰੇ ਨੈਣਾਂ ਵਿੱਚ ਗੁਫ਼ਾਵਾਂ ਦਾ ਸਿਰਨਾਵਾਂ ਲਭਦਾ ਨਈਂ,
ਇਸ ਮੰਜ਼ਿਲ ਦੀਆਂ ਛੁਪੀਆਂ ਹੋਈਆਂ ਲਗਦਾ ਰਾਵ੍ਹਾਂ ਹੋਰ ਕਿਤੇ।
ਇਸ ਗੁੱਡੀ ਨੇ ਅੰਬਰ ਦੇ ਵਿੱਚ ਮੁਮਕਿਨ ਹੈ ਕਿ ਚੜ੍ਹਣਾ ਨਈਂ,
ਕਿਉਂਕਿ ਇਸ ਦੀਆਂ ਅਗਰ ਤਣਾਵਾਂ ਮਗਰ ਤਣਾਵਾਂ ਹੋਰ ਕਿਤੇ।
ਇੱਕ ਕਮਾਨ ’ਚ ਦੋ-ਦੋ ਤੀਰ ਚਲਾਵਣ ਦੀ ਸਮਰੱਥਾ ਹੈ,
ਇੱਕ ਚੜ੍ਹਾਵਾਂ ਏਧਰ ਪਾਸੇ ਇੱਕ ਚੜ੍ਹਾਵਾਂ ਹੋਰ ਕਿਤੇ।
ਸਮਝਣ ਵਾਲੇ ਸਮਝਣਗੇ ਸਮਝਣ ਵਾਲੀ ਗੱਲ ਸਮਝਣ ਜੇ,
ਗੱਲ ਸੁਣਾਵਾਂ ਗ਼ੈਰਾਂ ਨੂੰ ਤੇ ਪਾਠ ਪੜ੍ਹਾਵਾਂ ਹੋਰ ਕਿਤੇ।
ਮਜਬੂਰੀ ਵੀ ਇੱਛਾਵਾਂ ਨੂੰ ਫਾਂਸੀ ਤੇ ਲਟਕਾ ਦਿੰਦੀ ਹੈ,
ਅੱਟੀ-ਸੱਟੀ ਹੋਰ ਕਿਤੇ ਹੈ ਐਪਰ ਲਾਵਾਂ ਹੋਰ ਕਿਤੇ।
ਇਹ ਤਾਂ ਹਰਗ਼ਿਜ਼ ਹੋ ਨਈਂ ਸਕਦਾ ਗ਼ਜ਼ਲ ਤਿਰੀ ਨੂੰ ਵਿੱਚ ਤਰੰਨੁਮ,
ਮਹਿਫ਼ਲ ਬਾਲਮ ਤੇਰੀ ਹੋਵੇ ਐਪਰ ਗਾਵਾਂ ਹੋਰ ਕਿਤੇ।
ਸੰਪਰਕ: 98156-25409
ਖੁਸ਼ੀ ਹਰ ਦੂਰ ਖੜ੍ਹ ਜਾਂਦੀ...
ਹਰਮਿੰਦਰ ਸਿੰਘ ਕੋਹਾਰਵਾਲਾ
ਬਚੀ ਹੈ ਜੋ ਚਮਕ ਚਿਹਰੇ ’ਤੇ, ਉਹ ਮੁੜ੍ਹਕੇ ਵਿੱਚ ਹੜ੍ਹ ਜਾਂਦੀ।
ਕੜ੍ਹੇ ਜਿਉਂ ਦੁੱਧ ਹਾਰੇ ਵਿੱਚ, ਤਨਾਂ ਵਿੱਚ ਰੱਤ ਕੜ੍ਹ ਜਾਂਦੀ।
ਇਹ ਉੱਤਮ ਜੂਨ ਜੋ ਆਖਣ, ਸਜ਼ਾ ਇਹ ਨਰਕ ਦੀ ਲੱਗੇ,
ਕਲਾਵੇ ਗ਼ਮ ਸਦਾ ਭਰਦੇ, ਖੁਸ਼ੀ ਹਰ ਦੂਰ ਖੜ੍ਹ ਜਾਂਦੀ।
ਪਿਓ ਦੀ ਜਾਨ ਵਿਕ ਜਾਵੇ, ਖਰੀਦੇ ਮੁੱਠ ਮਹਿੰਦੀ ਜਦ,
ਤਲ਼ੀ ਸੀ ਤਰਸਦੀ ਜਿਸ ਨੂੰ, ਉਹ ਤਾਲੂ ਵੱਲ ਚੜ੍ਹ ਜਾਂਦੀ।
ਮਹੱਤਵ ਬਹੁਤ ਵਿੱਦਿਆ ਦਾ, ਕਿਸੇ ਵੀ ਧੀ ਧਿਆਣੀ ਲਈ,
ਲਬੇੜੇ ਹੱਥ ਨਾ ਗੋਹਾ, ਜੋ ਅੱਖਰ ਚਾਰ ਪੜ੍ਹ ਜਾਂਦੀ।
ਜੋ ਹੁੰਦੇ ਆਲਸੀ ਕਾਮੇ, ਸਮੇਂ ਦੀ ਕਦਰ ਨਾ ਕਰਦੇ,
ਜਦੋਂ ਉਹ ਕੇਰਦੇ ਦਾਣੇ, ਉਦੋਂ ਨੂੰ ਵੱਤ ਚੜ੍ਹ ਜਾਂਦੀ।
ਸੁਹੱਪਣ ਜੋ ਮਿਲ਼ੇ ਰੱਬੋਂ, ਕਰੇ ਕੀ ਰੀਸ ਉਹ ਉਸ ਦੀ,
ਮੁਲੰਮਾ ਲੱਖ ਤਨ ਉੱਤੇ, ਸੁਨਹਿਰੀ ਧਾਤ ਮੜ੍ਹ ਜਾਂਦੀ।
ਜ਼ਮਾਨਾ ਜਾਣਦੈ ਸਾਨੂੰ, ਅਸੀਂ ਜੋ ਮਾਰੀਆਂ ਮੱਲਾਂ,
ਸਰੋਤਾ ਝੂਠ ਫੜ ਲੈਂਦਾ, ਕਦੇ ਮਾਰੀ ਜੇ ਫੜ੍ਹ ਜਾਂਦੀ।
ਸੰਪਰਕ: 98768-73735
ਗ਼ਜ਼ਲ
ਰੋਜ਼ੀ ਸਿੰਘ
ਚਾਲ ਵੀ ਹੈ ਬਦਲੀ-ਬਦਲੀ ਨਜ਼ਰ ਦੀ ਮਸਤੀ ਬਦਲ ਰਹੀ ਹੈ,
ਹਰ ਤਰਫ਼ ਹੁਣ ਰੌਸ਼ਨੀ ਹੈ ਲੱਗਦੈ ਬਸਤੀ ਬਦਲ ਰਹੀ ਹੈ।
ਹਾਲਾਤ ਬਦਲਣਗੇ ਕਦੇ ਤਾਂ, ਦੌਰ ਗ਼ਮ ਦਾ ਇਹ ਜਾਏਗਾ ਹੀ,
ਹਾਲੇ ਤਾਂ ਇਹ ਦੌਰ ਹੈ ਕਿ ਆਪਣੀ ਹਸਤੀ ਬਦਲ ਰਹੀ ਹੈ।
ਕਿਤੇ ਹੈ ਜਗਦਾ ਚਿਰਾਗ਼ ਕਿਧਰੇ ਦੀਵਿਆਂ ਦੀ ਡਾਰ ਵੀ ਹੈ,
ਦਰਿਆ ਹੈ ਕਿ ਮਚਲ ਰਿਹਾ ਹੈ ਤੇ ਵਿੱਚ ਕਸ਼ਤੀ ਬਦਲ ਰਹੀ ਹੈ।
ਸੜ ਰਿਹੈ ਇਖ਼ਲਾਕ ਏਥੇ ਤੇ ਵਿਕ ਰਿਆ ਏ ਜ਼ਮੀਰ ਥਾਂ ਥਾਂ,
ਕੌਲ ਹਨ ਕਿ ਮੁੱਕਰ ਰਹੇ ਨੇ ਜੁਬਾਂ ਇਹ ਸਸਤੀ ਬਦਲੀ ਰਹੀ ਹੈ।
ਦੇਖ ਲੈ ਆਪਣੀ ਦੁਨੀਆ ਆ ਕੇ ਇੱਕ ਵਾਰ ਤੂੰ ਐ ਖ਼ੁਦਾਇਆ,
ਮਰ ਰਹੀ ਇਨਸਾਨੀਅਤ ਔਰ ਖ਼ੁਦਾਪ੍ਰਸਤੀ ਬਦਲ ਰਹੀ ਹੈ।
ਸੰਪਰਕ: 99889-64633