For the best experience, open
https://m.punjabitribuneonline.com
on your mobile browser.
Advertisement

ਕਾਵਿ ਕਿਆਰੀ

07:05 AM Nov 03, 2024 IST
ਕਾਵਿ ਕਿਆਰੀ
Advertisement

Advertisement

ਇਹੀ ਡਰ ਲੱਗਾ ਰਹੇ...

ਡਾ. ਲਾਭ ਸਿੰਘ ਖੀਵਾ
ਕੋਈ ਨਾ ਖ਼ਰੀਦੇ ਫੇਰ, ਵਿਕੇ ਹੋਏ ਬੰਦੇ ਨੂੰ।
ਕਰੇ ਨਾ ਸਲਾਮ ਕੋਈ, ਝੁਕੇ ਹੋਏ ਝੰਡੇ ਨੂੰ।
ਕਿਸੇ ਕਿਸੇ ਕਿਸੇ ਨੂੰ, ਉੱਡ ਗਲ਼ੇ ਲਾਈਦਾ।
ਕਿਸੇ ਵੱਲ ਪਿੱਠ ਫੇਰ, ਕੋਲੋਂ ਲੰਘ ਜਾਈਦਾ।
ਚੁੰਮਿਆ ਨਾ ਜਾਂਦਾ ਕਦੇ, ਪੈਰ ਚੁਭੇ ਕੰਡੇ ਨੂੰ।

Advertisement

ਕੁਝ ਵੀ ਸਥਾਈ ਨਹੀਂ, ਇਸ ਕਾਇਨਾਤ ’ਚ।
ਜਾਨੀ ਸ਼ਾਮ ਤੱਕ ਦਾ, ਰੰਗਲੀ ਬਰਾਤ ’ਚ।
ਪਿੰਡ ਪਿੱਛੋਂ ਯਾਦ ਰੱਖੂ, ਕੀਤੇ ਚੰਗੇ-ਮੰਦੇ ਨੂੰ।

ਜ਼ਮੀਰਾਂ ਨਾ ਸੰਭਾਲੀਆਂ, ਜ਼ਮੀਨਾਂ ਨਾ ਸੰਭਾਲੀਆਂ।
ਅਣਖੀ ਪੰਜਾਬ ਨੇ, ਵਿਦੇਸ਼ ਠੋਹੀਆਂ ਭਾਲੀਆਂ।
ਉੱਡ ਗਿਆ ਚੋਗ ਲਈ, ਮਿਹਣਾ ਕੀ ਪਰਿੰਦੇ ਨੂੰ?

ਕੋੜਮੇ ਦੇ ਕੱਟੇ-ਵੱਛੇ, ਮੋਟੇ-ਭਾਰੇ ਕਰਕੇ।
ਆਉਣ ਵਾਲੀ ਪੀੜ੍ਹੀ ਲਈ, ਗੁਦਾਮ-ਕੋਠੇ ਭਰ ਕੇ।
ਫੇਰ ਵੀ ਸੇਵਾ ਕਹਿੰਦੇ, ਸਿਆਸਤ ਦੇ ਧੰਦੇ ਨੂੰ।

ਇਸ਼ਾਰਾ ਕਿਸੇ ਹੋਰ ਦਾ, ਨਾਅਰਾ ਕਿਸੇ ਹੋਰ ਦਾ,
ਰਾਖੇ ਸਾਡੇ ਧੀਆਂ-ਪੁੱਤ, ਮਾਲ ਕਿਸੇ ਚੋਰ ਦਾ।
ਗੰਜਿਆਂ ਦੀ ਭੀੜ ਕਹਿੰਦੀ ਮੋਹਰ ਲਾਇਓ ਕੰਘੇ ਨੂੰ।

ਅੱਜ ਅਸਮਾਨੇ ਜਿਹੜੀ, ਗੁੱਡੀ ਚੜ੍ਹੀ ਹੋਈ ਹੈ।
ਉਹਨੂੰ ਵੀ ਪਤਾ ਹੈ, ਡੋਰ ਕੀਹਨੇ ਫੜੀ ਹੋਈ ਹੈ।
ਦੋਵਾਂ ਦਾ ਸਹੇਲਪੁਣਾ ਦਿਸਦਾ ਹੈ ਅੰਧੇ ਨੂੰ|

ਪੱਤੀ ਪੱਤੀ ਕਰਕੇ, ਹੁਸਨ ਖੋਹਿਆ ਫੁੱਲ ਦਾ।
ਪੰਜ ਆਬਾਂ ਵਾਲਿਆ, ਤੂੰ ਪਾਣੀ ਪੀਂਦਾ ਮੁੱਲ ਦਾ।
ਵਰਤ ਗਿਆ ਸ਼ਿਕਾਰੀ ਕੋਈ, ਤੇਰੇ ਸੁੰਨੇ ਕੰਧੇ ਨੂੰ।

ਭਾਵੇਂ ਕੁੱਜਾ ਟੁੱਟ ਜਾਵੇ, ਥੰਦਾ ਵੱਖ ਕਰੇ ਨਾ।
ਤੇਰੇ ਵਿੱਚੋਂ ਨਾਬਰੀ, ਪੰਜਾਬ ਸਿਆਂ ਮਰੇ ਨਾ।
ਇਹੀ ਡਰ ਲੱਗਾ ਰਹੇ, ਅੱਜ ਦੇ ‘ਔਰੰਗੇ’ ਨੂੰ।
ਸੰਪਰਕ: 94171-78487

ਤੂੰ ਤਾਂ ਨਾਨਕ ਹੋ ਗਿਆ

ਲਾਡੀ ਜਗਤਾਰ
ਪੋਹ ਮਾਘ ਦੀ ਠੰਢ
ਜੇਠ ਹਾੜ੍ਹ ਦੀ ਗਰਮੀ

ਤੇਰਾ ਲੰਮੀਆਂ ਰਾਹਾਂ ਦਾ ਸਫ਼ਰ

ਪਾਟੀਆਂ ਬਿਆਈਆਂ
ਰੇਤ ਲਿਬੜੇ ਪੈਰ
ਲੱਤਾਂ ’ਤੇ ਬਣੀਆਂ ਛੱਲੀਆਂ

ਸੁੱਕਾ ਸਰੀਰ

ਚਲਦਿਆਂ ਚਲਦਿਆਂ
ਕਈ ਕਈ ਦਿਨ

ਰੋਟੀ ਤੋਂ ਬਿਨਾਂ
ਪਾਣੀ ਤੋਂ ਬਿਨਾਂ

ਪਸੀਨੇ ਨਾਲ ਭਿੱਜੇ
ਮੈਲ ਕੁਚੈਲੇ ਕੱਪੜੇ

ਬਿਨਾ ਕੇਸੀ ਨਹਾਤਿਆਂ
ਲੱਕੜ ਦੇ ਕੰਘੇ ਨਾਲ ਸੁਆਰੇ ਕੇਸ

ਆਪਣੇ ਸੰਗੀ ਸਾਥੀ
ਬਾਲੇ ਮਰਦਾਨੇ ਨਾਲ

ਤੂੰ ਕੁਲ ਲੋਕਾਈ ਨੂੰ
ਕਿਰਤ ਕਰੋ
ਵੰਡ ਛਕੋ
ਨਾਮ ਜਪੋ
ਦਾ ਸੁਨੇਹਾ ਦੇ ਖ਼ੁਦ
ਨਾਨਕ ਹੋ ਗਿਆ

ਪਰ
ਮੁਆਫ਼ ਕਰਨਾ ਬਾਬਾ

ਪੰਜ ਸਦੀਆਂ ਬਾਅਦ ਵੀ
ਅਸੀਂ ਤੇਰੀਆਂ ਸਿੱਖਿਆਵਾਂ ਦੇ ਮੇਚ ਦੇ ਨਾ ਹੋ ਸਕੇ।
ਸੰਪਰਕ: 94636-03091

Advertisement
Author Image

Advertisement