ਕਾਵਿ ਕਿਆਰੀ
ਗ਼ਜ਼ਲ
ਜਗਜੀਤ ਗੁਰਮ
ਕਿੰਨਾ ਚਿਰ ਉਸ ਦੇ ਲਈ ਅਪਣਾ ਗਿਰਵੀ ਹਰ ਪਲ ਰੱਖੋਗੇ
ਕਿੰਨਾ ਚਿਰ ਉਸ ਦੇ ਕਰਕੇ ਜ਼ਿੰਦਗੀ ਵਿੱਚ ਹਲਚਲ ਰੱਖੋਗੇ।
ਓਸੇ ਹਿੱਸੇ ਵਿੱਚ ਉੱਗ ਆਉਣੇ ਸੂਲਾਂ ਵਿੰਨ੍ਹੇ ਰੁੱਖ ਬੜੇ
ਦਿਲ ਦੇ ਜਿਹੜੇ ਪਾਸੇ ਵਿੱਚ ਤੁਸੀਂ ਮਾਰੂਥਲ ਰੱਖੋਗੇ।
ਸੂਰਜ ਨੂੰ ਸਿਜਦੇ ਕਰਦੇ ਨਾਲ ਹਵਾ ਦੇ ਬਦਲ ਹੋ ਜਾਂਦੇ
ਕਿੱਥੇ, ਮਿੱਟੀ ਦੀ ਖ਼ੁਸ਼ਬੋ ਤੇ ਜਲ ਦੀ ਕਲ-ਕਲ ਰੱਖੋਗੇ।
ਜਿਸ ਦੇ ਰੁਖ਼ਸਤ ਹੁੰਦਿਆਂ ਹੀ ਸਭ ਕੁਝ ਬੇਰੰਗ ਹੋ ਜਾਂਦਾ ਹੈ
ਮੈਂ ਸਮਝ ਗਿਆ ਹੁਣ ਉਸ ਦੇ ਬਿਨ ਵੀ ਤੁਸੀਂ ਮਹਿਫ਼ਲ ਰੱਖੋਗੇ।
ਚਾਰੇ ਪਾਸੇ ਹਉਮੈਂ ਦੀ ਕੰਧ ਉਸਾਰ ਲਈ ਹੈ ਉੱਚੀ
ਲੋੜ ਪਈ ਫਿਰ ਦੱਸੋ ਕਿਹੜੇ ਪਾਸੇ ਸਰਦਲ ਰੱਖੋਗੇ।
ਜੰਗਲ਼ ਵਿੱਚ ਤਾਂ ਹੁੰਦੀ ਹੈ ਇਸ ਦਾ ਕੋਈ ਵੀ ਹੱਲ ਨਹੀਂ
ਕੀ ਗਰਕਣ ਲਈ ਆਪਣੇ ਘਰ ਵਿੱਚ ਵੀ ਦਲਦਲ ਰੱਖੋਗੇ।
ਸੰਪਰਕ: 99152-64836
ਉਹ ਚਾਹੁੰਦੇ ਨੇ
ਬਲਜਿੰਦਰ ਸਿੰਘ ਬਾਲੀ ਰੇਤਗੜ੍ਹ
ਖ਼ੌਫ਼ ਕੇਹਾ ਹੈ ਨ੍ਹੇਰੇ ਦਾ, ਉਹ ਸੂਰਜ ਹੋ ਢਲ਼ ਜਾਣਾ ਚਾਹੁੰਦੇ ਨੇ
ਕੀ ਨ੍ਹੇਰ ਪਿਐ, ਨ੍ਹੇਰੇ ਸੰਗ, ਸਿਤਾਰੇ ਵੀ ਰਲ਼ ਜਾਣਾ ਚਾਹੁੰਦੇ ਨੇ
ਫੂਕ ਰਹੇ ਨੇ ਭਾਂਬੜ ਬਸਤੀ, ਹੰਕਾਰੀ ਅੱਗ ਫਿਰੇ ਅਰਸ਼ ਚੜ੍ਹੀ
ਕੈਸੇ ਬੇਪਰਵਾਹ ਮਸਤ ਭਮੱਕੜ, ਜਿਉਂਦੇ ਬਲ਼ ਜਾਣਾ ਚਾਹੁੰਦੇ ਨੇ
ਮੀਲ ਹਜ਼ਾਰਾਂ ਕਰ ਸਫ਼ਰ ਸਮੁੰਦਰ, ਭਟਕੇ ਬਣ ਬਣ ’ਵਾ ਬੱਦਲ
ਇਸ਼ਕ ਕਹਾਂ ਜਾਂ ਪਾਗ਼ਲਪਣ, ਸਾਗਰ ਫਿਰ ਹੋ ਥਲ ਜਾਣਾ ਚਾਹੁੰਦੇ ਨੇ
ਕੱਲ੍ਹ ਕਿਸੇ ਦਾ ਹੋਇਆ ਕਦ ਸੀ, ਹੋਣਾ ਅੱਜ ਨਹੀਂ, ਇਹ ਵੀ ਤੈਅ ਹੈ
ਮੇਰੇ ਪਰਛਾਵੇਂ ਵਕਤੋਂ ਪਹਿਲਾਂ, ਕਿਉਂ ਹੋ ਕੱਲ੍ਹ ਜਾਣਾ ਚਾਹੁੰਦੇ ਨੇ
ਜਦ ਹਾਰ ਰਿਹਾ ਸਾਂ ਸੱਚਾ ਵੀ, ਤਦ ਹੱਸ ਰਹੇ ਸੀ ਆਪਣੇ ਮੇਰੇ
ਜਿੱਤ ਗਿਆਂ ਤਾਂ ਉਹੀ ਮੇਰੇ, ਹੋ ਮੇਰਾ ਦਲ ਜਾਣਾ ਚਾਹੁੰਦੇ ਨੇ
ਪਰਖ਼ ਗਏ ਈਮਾਨ ਅਸਾਡਾ, ਅੰਬਰ ਛੂੰਹਦੇ ਦੁਸ਼ਮਣ ਸਾਡੇ
ਅੰਤਿਮ ਵਾਰ ਚਲਾਵਣ ਖ਼ਾਤਰ, ਸਾਡਾ ਹੋ ਤਲ ਜਾਣਾ ਚਾਹੁੰਦੇ ਨੇ
ਕੋਰੇ ਕਾਗਜ਼ ਵਾਂਗ ਅਸੀਂ ਤਾਂ, ਜੋ ਚਾਹੇ ਉਹ ਉਕਰ ਦੇਵੇ ਦਿਲ ’ਤੇ
ਪਰ ਸ਼ਾਇਰ ਹੋ ਕੇ ਵੀ ਕਿਉਂ ਉਹ, ਦੂਰ ਕਿਤੇ ਟਲ਼ ਜਾਣਾ ਚਾਹੁੰਦੇ ਨੇ
ਮੈਂ ਦੀਵਾ ਬਣਕੇ ਬਲਣਾ ਚਾਹਾਂ, ਹਰ ਚੌਰਾਹੇ ਮੋੜ ਗਲੀ ’ਤੇ
ਝਰਨੇ ਬਣਕੇ ਗੀਤ ਇਹ ਮੇਰੇ, ਕਰ ਕੇ ਕਲ-ਕਲ ਜਾਣਾ ਚਾਹੁੰਦੇ ਨੇ
ਅਣ-ਆਈ ਮੌਤ ਮਰਨ ਸ਼ਿਅਰ ਮੇਰੇ, ਹੈ ਬੇ-ਇਨਸਾਫ਼ੀ ਇਹ ‘ਬਾਲੀ’
ਤੂੰ ਬੁੱਲ੍ਹਾਂ ਦੀ ਛੋਹ ਦੇ ਦੇਂ ਬਸ, ਉਹੀ ਹੋ ਪਲ ਜਾਣਾ ਚਾਹੁੰਦੇ ਨੇ
ਸੰਪਰਕ: 94651-29168
* * *
ਗ਼ਜ਼ਲ
ਰਣਜੀਤ ਕੌਰ ਰਤਨ
ਪੈਰੀਂ ਝਾਂਜਰ ਪਾਉਣਾ ਭੁੱਲੀ।
ਵੰਗਾਂ ਨੂੰ ਛਣਕਾਉਣਾ ਭੁੱਲੀ।
ਏਨਾ ਦਰਦ ਕਲੇਜੇ ਲੱਥਾ,
ਦਿਲ ਦੀ ਰੀਝ ਪੁਗਾਉਣਾ ਭੁੱਲੀ।
ਆਖਣ ਚਿੜੀਆਂ ਦਾ ਇਹ ਅੰਬਰ,
ਪਰ ਮੈਂ ਉਡਾਰੀ ਲਾਉਣਾ ਭੁੱਲੀ।
ਨੈਣਾਂ ਵਿੱਚ ਗ਼ਮਗੀਨ ਘਟਾਵਾਂ,
ਕੱਜਲ ਨੂੰ ਮਟਕਾਉਣਾ ਭੁੱਲੀ।
ਬਿਰਹਾ ਬਿਰਹਾ ਕੂਕੇ ਇਹ ਮਨ,
ਗੀਤ ਪਿਆਰ ਦੇ ਗਾਉਣਾ ਭੁੱਲੀ।
ਖੁੱਲ੍ਹੀ ਅੱਖੀਂ ਵੇਖਾਂ ਸੁਪਨੇ,
ਹੁਣ ਤਾਂ ਮੈਂ ਹਾਂ ਸਉਣਾ ਭੁੱਲੀ।
ਐਪਰ ਪੀ ਕੇ ਜ਼ਹਿਰ ਗ਼ਮਾਂ ਦਾ,
ਹਾਲੇ ਨਾ ਮੁਸਕਾਉਣਾ ਭੁੱਲੀ।