ਕਾਵਿ ਕਿਆਰੀ
ਗ਼ਜ਼ਲ
ਹਰਦਮ ਮਾਨ
ਮੁਸਾਫਿਰ ਸੱਚ ਦੇ ਅਕਸਰ ਨਿਸ਼ਾਨਾ ਉੱਕ ਜਾਂਦੇ ਨੇ
ਖਿਡਾਰੀ ਕਪਟ ਦੇ ਤਾਂ ਪਲ ’ਚ ਡੰਡਾ ਡੁੱਕ ਜਾਂਦੇ ਨੇ
ਕਿਤੇ ਤਾਂ ਖੁਸ਼ਕ ਮੌਸਮ ਵਿੱਚ ਵੀ ਲੱਗੀਆਂ ਰਹਿੰਦੀਆਂ ਝੜੀਆਂ
ਕਿਤੇ ਸਾਵਣ ’ਚ ਵੀ ਨੈਣਾਂ ਦੇ ਦਰਿਆ ਸੁੱਕ ਜਾਂਦੇ ਨੇ
ਨਹੀਂ ਮੁੱਕਦੀ ਨਹੀਂ ਮਿਟਦੀ ਇਹ ਦੂਰੀ ਰੂਹਾਂ ਤੇਹਾਂ ਦੀ
ਥਲਾਂ ਤੋਂ ਸਾਗਰਾਂ ਦੇ ਫਾਸਲੇ ਵੀ ਮੁੱਕ ਜਾਂਦੇ ਨੇ
ਮਣੇ ’ਤੇ ਚੜ੍ਹ ਕੇ ਚੁੱਕ ਲੈ ਗੋਪੀਆ ਹਾਲੇ ਵੀ ਮੌਕਾ ਹੈ
ਜੋ ਮੀਆਂ ਮਿੱਠੂ ਲਗਦੇ ਨੇ ਇਹ ਛੱਲੀਆਂ ਟੁੱਕ ਜਾਂਦੇ ਨੇ
ਡਲੀ ਉਹ ਲੂਣ ਦੀ, ਮਿਸ਼ਰੀ ਬਰਾਬਰ ਸਮਝਦੇ ਹੁਣ ਵੀ
ਮੇਰੇ ਜ਼ਖ਼ਮਾਂ ’ਤੇ ਮਿਸ਼ਰੀ, ਲੂਣ ਦੋਵੇਂ ਭੁੱਕ ਜਾਂਦੇ ਨੇ
ਖ਼ਿਆਲਾਂ ਵਿੱਚ ਕਿਸੇ ਦੇ ਖ਼ਾਬ ਵਸਦੇ ਰਹਿਣ ਰਾਤਾਂ ਨੂੰ
ਸਵੇਰਾ ਹੁੰਦਿਆਂ ਹੀ ਡੰਡਾ ਡੇਰਾ ਚੁੱਕ ਜਾਂਦੇ ਨੇ
ਸੰਪਰਕ: +1-604-308-6663
* * *
ਯਾਦਾਂ
ਮਨਜੀਤ ਸਿੰਘ ਬੱਧਣ
ਓਏ ਬਚਪਨਿਆ! ਮੁੜ ਆਵੇਂ ਨਾ ਕਿਸੇ ’ਤੇ, ਤੂੰ ਦੂਸਰੀ ਵਾਰ।
ਘੜੀ ਪਲ ਤੇਰੇ ਵੱਲ ਮੈਂ ਹੀ ਆਵਾਂ, ਖੋਲ੍ਹ ਕੋਈ ਤਾਕੀ ਬਾਰ।
ਸੁਣਿਆ ਇੱਕ ਬੋਲ ‘ਆਟੇ ਦੀ ਚਿੜੀ’, ਜਦ ਇੱਕ ਗੀਤ ਵਿੱਚ।
ਉੱਡ ਉੱਡ ਆਈਆਂ ਬੇਬੇ ਦੀਆਂ ਚਿੜੀਆਂ, ਛੱਡ ਆਪਣੀ ਡਾਰ।
ਜਦ ਬਾਪੂ ਜੀ ਨੇ ਤੁਰਨਾ, ਫੜ ਉਂਗਲ ਨਾਲ ਨਾਲ ਮੈਂ ਨੱਸਣਾ,
ਬਿਠਾ ਲੈਂਦੇ ਸੀ ਮੋਢਿਆਂ ’ਤੇ, ਹੋ ਬੈਠਦਾ ਜਿਵੇਂ ਸ਼ਾਹ ਅਸਵਾਰ।
ਆਈ-ਬੋ ਪਤੰਗ ਪਿੱਛੇ ਸੀ ਭੱਜਿਆ ਤੇ ਜਾ ਗੱਡੇ ਵਿੱਚ ਵੱਜਿਆ,
ਕਦੇ ਚਾਬੀ ਵਾਲੇ ਟਰੈਕਟਰ ਲਈ, ਜਾਣਾ ਮੇਲੇ ਹੋ ਹੋ ਪੱਬਾਂ ਭਾਰ।
ਲੰਘ ਗਏ ਨੇ ਉਹ ਦਿਨ ਤੇ ਉਹ ਰਾਤਾਂ, ਬਣ ਗਈਆਂ ਨੇ ਬਾਤਾਂ,
ਛੁੱਟਿਆ ਬਚਪਨ ਉਸ ਪਾਰ, ਅਸੀਂ ਆ ਬਹੁੜੇ ਅੱਜ ਇਸ ਪਾਰ।
ਅੱਲ੍ਹੜਪੁਣਿਆ! ਤੁਰ ਗਿਆਂ ਆ ਕੇ, ਕਿੱਥੇ ਲੱਭੀਏ ਤੈਨੂੰ ਜਾ ਕੇ,
ਬਚਪਨਿਆ! ਯਾਦਾਂ ਵਿੱਚ ਹੀ ਰਹੀਂ ਵਸਦਾ, ਦੇ ਜਾਵੀਂ ਨਾ ਹਾਰ|
ਸੰਪਰਕ: 94176-35053
* * *
ਬੜੇ ਚਾਅ ਨਾਲ ਪੁੱਛਿਆ ਸੀ
ਹਰਦੀਪ ਬਿਰਦੀ
ਬੜੇ ਚਾਅ ਨਾਲ ਪੁੱਛਿਆ ਸੀ ਹਵਾ ਨੂੰ।
ਮੈਂ ਤੇਰਾ ਹਾਲ ਪੁੱਛਿਆ ਸੀ ਹਵਾ ਨੂੰ।
ਉਹ ਜਿਹੜੇ ਸਾਲ ਮੈਨੂੰ ਤੂੰ ਮਿਲੀ ਸੈਂ
ਮੈਂ ਓਹੀ ਸਾਲ ਪੁੱਛਿਆ ਸੀ ਹਵਾ ਨੂੰ।
ਕਰਾਂ ਮੈਂ ਕੈਦ ਤੈਨੂੰ ਕਿਸ ਤਰ੍ਹਾਂ ਦੱਸ
ਲੈ ਹੱਥੀਂ ਜਾਲ਼ ਪੁੱਛਿਆ ਸੀ ਹਵਾ ਨੂੰ।
ਸੁਣਾਵੇਂਗੀ ਤੂੰ ਕੋਈ ਗੀਤ ਮੈਨੂੰ?
ਮੈਂ ਦੇ ਕੇ ਤਾਲ ਪੁੱਛਿਆ ਸੀ ਹਵਾ ਨੂੰ।
ਹਨੇਰੇ ਦੀ ਜਾਂ ਚਾਨਣ ਦੀ ਤੂੰ ਹਾਮੀ?
ਮੈਂ ਦੀਵੇ ਬਾਲ਼ ਪੁੱਛਿਆ ਸੀ ਹਵਾ ਨੂੰ।
ਤੂੰ ਕਦ ਤੋਂ ਹੈਂ ਤੂੰ ਕਦ ਤੱਕ ਹੈਂ ਜ਼ਰਾ ਦੱਸ?
ਮੈਂ ਉਸਦਾ ਕਾਲ਼ ਪੁੱਛਿਆ ਸੀ ਹਵਾ ਨੂੰ।
ਹਨੇਰੀ ਬਣ ਤੂੰ ਕਿਉਂ ਕਰਦੀ ਤਬਾਹੀ
ਇਹ ਕੀ ਜੰਜਾਲ ਪੁੱਛਿਆ ਸੀ ਹਵਾ ਨੂੰ।
ਸਵੇਰੇ ਸ਼ਾਮ ਤੂੰ ਫਿਰਦੀ ਰਹੇਂ ਕਿਉਂ
ਹੈ ਕਿਸਦੀ ਭਾਲ਼ ਪੁੱਛਿਆ ਸੀ ਹਵਾ ਨੂੰ।
ਸੰਪਰਕ: 90416-00900
* * *
ਦੋਹੇ
ਨਿਰਮਲ ਸਿੰਘ ਰੱਤਾ
ਸਤਲੁਜ ਰਾਵੀ ਕੂਕਦੇ ਕਿੱਧਰ ਗਿਆ ਚਨਾਬ
ਜਿਹਲਮ ਬਾਝੋਂ ਦੋਸਤੋ ਕਿੰਝ ਕਹਾਂ ਪੰਜਾਬ
ਰੱਬਾ ਸੁਣ ਲੈ ਬੇਨਤੀ ਕਰ ਦੇ ਸਭ ਕੁਝ ਠੀਕ
ਝਟਕੇ ਦੇ ਵਿੱਚ ਮੇਟਦੇ ਵਾਹਗੇ ਵਾਲੀ ਲੀਕ
ਨਸ਼ਿਆਂ ਢਾਹੇ ਗੱਭਰੂ ਘਰ ਘਰ ਵੜੀ ਸ਼ਰਾਬ
ਗਾਮੇ ਦਾਰੇ ਵਾਂਗਰਾਂ ਜਿੱਤਣ ਕਿੰਝ ਖ਼ਿਤਾਬ
ਪਾਣੀ ਪੰਜਾਂ ਵਾਲੜੀ ਧਰਤੀ ਕਹਿਣ ਪੰਜਾਬ
ਬੋਤਲ ਦੇ ਵਿੱਚ ਕਾਸਤੋਂ ਥਾਂ ਥਾਂ ਵਿਕਦੈ ਆਬ
ਦੇਸ਼ਾਂ ਵਿੱਚੋਂ ਦੇਸ਼ ਹੈ ਦੇਸ਼ ਮੇਰਾ ਪੰਜਾਬ
ਭਿੰਨੀ ਖ਼ੁਸ਼ਬੂ ਵੰਡਦਾ ਸੂਹਾ ਫੁੱਲ ਗੁਲਾਬ
ਹਾੜੇ ਕੱਢਾਂ ਦਾਤਿਆ ਅਰਜ਼ਾਂ ’ਤੇ ਕਰ ਗੌਰ
’ਕੱਠੇ ਕਰ ਦੇ ਮਾਲਕਾ ਅੰਮ੍ਰਿਤਸਰ ਲਾਹੌਰ
ਡੂੰਘਾ ਹੋਈ ਜਾਂਵਦਾ ਧਰਤੀ ਵਿਚਲਾ ਆਬ
ਉੱਤੋਂ ਹੋਗੇ’ ਗੰਧਲੇ ਕੀ ਟੋਭੇ ਕੀ ਢਾਬ
ਕਿਰਤ ਕਰਨ ਨਾ ਜਾਣਦੇ ਚੋਬਰ ਬਣੇ ਨਵਾਬ
ਮਿਹਨਤ ਬਾਝੋਂ ਨਾ ਕਦੇ ਪੂਰੇ ਹੋਵਣ ਖ਼ਾਬ
ਘੱਤ ਵਹੀਰਾਂ ਦੇਸ਼ ਤੋਂ ਨਿਕਲੇ ਬੇਰੁਜ਼ਗਾਰ
ਕੌਣ ਜਗਾਵੇ ਨੀਦ ਤੋਂ ਸੁੱਤੀ ਹੈ ਸਰਕਾਰ
ਆਟਾ ਦਾਲਾਂ ਮੰਗ ਨਾ ਜਾ ਜਾ ਕੇ ਦਰਬਾਰ
ਪੜ੍ਹ ਲਿਖ ਮੰਗੀਂ ਨੌਕਰੀ ਜਾਂ ਪੱਕਾ ਰੁਜ਼ਗਾਰ
ਸੰਪਰਕ: 84270-07623