ਕਾਵਿ ਕਿਆਰੀ
ਸ਼ੁਕਰ ਸ਼ੁਕਰ ਐ ...
ਗੁਰਮੀਤ ਕੜਿਆਲਵੀ
ਨਦੀਆਂ ਕਦੋਂ ਹਿਸਾਬ ਰੱਖਦੀਆਂ
ਉਨ੍ਹਾਂ ਦੇ ਨਿਰਮਲ ਪਾਣੀਆਂ ਵਿੱਚੋਂ
ਕਿਹੜੇ ਪੰਛੀਆਂ ਚੁੰਝਾਂ ਭਰੀਆਂ
ਨਦੀਆਂ ਦੀ ਇਹ ਸੋਚ ਸੁਨੱਖੀ
ਕਿਸੇ ਨੂੰ ਕਾਣੀ-ਟੀਰੀ ਲੱਗੀ
ਨਦੀਆਂ ਨੂੰ ਫਿਰ ਸਖ਼ਤ ਹਦਾਇਤਾਂ
ਸਾਹਿਬ ਦੇ ਦਰਬਾਰੋਂ ਹੋਈਆਂ
ਕੁਝ ਵਿਗੜੈਲ ਪਰਿੰਦੇ ਅੱਜਕੱਲ੍ਹ
ਤੇਰਾ ਨਿਰਮਲ ਪਾਣੀ ਪੀ ਕੇ
ਬਹਿਕੀਆਂ ਬਹਿਕੀਆਂ ਗੱਲਾਂ ਕਰਦੇ
ਜੋ ਨਾ ਮੇਰੇ ਹੁਕਮ ਤੋਂ ਡਰਦੇ
ਸੁਣ ਲਓ ਅੱਜ ਤੋਂ ਸਾਰੀਆਂ ਨਦੀਆਂ
ਇੱਕ ਵੀ ਬੂੰਦ ਹਿਸਾਬੋਂ ਬਾਹਰੀ
ਉੱਕਾ ਵੀ ਮਨਜ਼ੂਰ ਨਹੀਂ ਹੈ
ਜੇਕਰ ਕਿਧਰੇ ਗੜਬੜ ਹੋਈ
ਥੋਡੇ ਕੁੱਲ ਪਾਣੀਆਂ ਤਾਈਂ
ਰੇਤ ਬਣਾਇਆ ਜਾ ਸਕਦਾ ਹੈ
ਸੜਕਾਂ ਕਦੇ ਹਿਸਾਬ ਨਾ ਰੱਖਣ
ਕੌਣ ਲੰਘਿਆ
ਕਦੋਂ ਲੰਘਿਆ
ਸਾਧ ਫ਼ਕੀਰ ਜਾਂ ਚੋਰ ਉਚੱਕਾ
ਸਿੱਧੜ, ਸ਼ਾਤਰ ਜਾਂ ਕੋਈ ਬੱਚਾ
ਸੜਕਾਂ ਕਦੋਂ ਦਰੈਂਤ ਕਰਦੀਆਂ
ਹਰ ਰਾਹੀ ਦੀ ਫੜ ਕੇ ਉਂਗਲ
ਮੰਜ਼ਿਲ ਵੱਲੀਂ ਕਰਨ ਇਸ਼ਾਰਾ
ਤੁਰਦੇ ਰਹਿਣ ਦਾ ਦੇ ਦਿਲਾਸਾ
ਆਪਣਾ ਪੂਰਾ ਫ਼ਰਜ਼ ਕਰਦੀਆਂ
ਸਭਨਾਂ ਤਾਈਂ ਇੱਕ ਬਰੋਬਰ
ਸਮਝਣ ਵਾਲੀ ਭਾਵਨਾ ਵਿੱਚੋਂ
ਕੁਝ ਲੋਕਾਂ ਨੂੰ
ਬਦ-ਇਖਲਾਕੀ ਨਜ਼ਰੀ ਆਈ
ਚਿੱਠੀਆਂ ਪੱਤਰ ਸਖ਼ਤ ਹਦਾਇਤਾਂ
ਸੜਕਾਂ ਤਾਈਂ ਜਾਰੀ ਹੋਈਆਂ
ਆਪਣੇ ਆਪਣੇ ਜਿਸਮਾਂ ਉੱਤੇ
ਏਦਾਂ ਦਾ ਕੁਝ ਲਾ ਕੇ ਰੱਖੋ
ਜੋ ਵੀ ਰਾਹੀ ਪਾਂਧੀ ਲੰਘੇ
ਉਸਦੇ ਮੂੰਹੋਂ ਸਾਹਿਬ ਜੀ ਦੀ
... ਜੈ ਜੈ ਨਿਕਲੇ
ਰੁੱਖ ਦਰਵੇਸ਼ ਨਾ ਕਿਸੇ ਤੋਂ ਪੁੱਛੇ
ਕਿਹੜਾ ਪੰਛੀ
ਮੀਂਹ ਕਣੀ ਜਾਂ ਧੁੱਪ ਤੋਂ ਡਰਦਿਆਂ
ਉਸਦੀ ਸੰਘਣੀ ਠਾਹਰ ’ਚ ਆਏ
ਆਪਣੀ ਦਰਵੇਸ਼ੀ ਦੇ ਸਦਕੇ
ਪੰਛੀ ਨੂੰ ਗਲਵਕੜੀ ਪਾਏ
ਮੋਹ ਨਾਲ ਭਿੱਜਿਆ ਪੰਛੀ ਵੀ ਫਿਰ
ਰੁੱਖ ਨੂੰ ਕੋਈ ਗੀਤ ਸੁਣਾਏ
ਉਨ੍ਹਾਂ ਦੀ ਗਲਵਕੜੀ ਵਿੱਚੋਂ
ਸਾਂਝਾਂ ਦੀ ਖੁਸ਼ਬੋਈ ਆਏ
ਰੁੱਖਾਂ ਦੀ ਇਹ ਦਰ ਦਰਵੇਸ਼ੀ
ਸਾਹਿਬ ਜੀ ਨੂੰ ਸਾਜ਼ਿਸ਼ ਲੱਗੀ
ਉਸਦੇ ਮਹਿਲੋਂ ਸਖ਼ਤੀ ਭਰਿਆ
ਆਰਡਰ ਤੁਰਿਆ
ਰੁੱਖਾਂ ਉਪਰ ਸਾਦਰ ਹੋਇਆ
ਧੁੱਪਾਂ ਕੋਲੋਂ ਮਾਫ਼ੀ ਮੰਗੋ
ਬੱਦਲਾਂ ਨੂੰ ਹਰਜਾਨੇ ਦੋਵੋ
ਅੱਗੋਂ ਕਿਸੇ ਵੀ ਪੰਛੀ ਤਾਈਂ
ਸ਼ਰਨ ਦੇਣ ਦੀ ਸੋਚਿਓ ਵੀ ਨਾ
ਨਦੀਆਂ, ਸੜਕਾਂ, ਰੁੱਖ ਤੇ ਪੰਛੀ
ਹੁਕਮ ਪੜ੍ਹਦਿਆਂ ਹੱਸ ਰਹੇ ਨੇ
ਖ਼ੁਸ਼ੀ ਖ਼ੁਸ਼ੀ ਵਿੱਚ ਨੱਚ ਰਹੇ ਨੇ
ਸ਼ੁਕਰ ਸ਼ੁਕਰ ਐ ਦਾਤਿਆ ਤੇਰਾ
ਬੰਦੇ ਦੀ ਥਾਂ
ਸਾਡੇ ਕੋਲੋਂ ਡਰਦਾ ਸਾਹਿਬ
ਸੰਪਰਕ: 98726-40994
* * *
ਗ਼ਜ਼ਲ
ਰਣਜੀਤ ਕੌਰ ਰਤਨ
ਬਿੰਦੀ ਦੀ ਥਾਂ ਖ਼ਾਬਾਂ ਦਾ ਸੰਸਾਰ ਧਰਾਂ,
ਮਨ ਚਾਹੇ ਰੰਗਾਂ ਨੂੰ ਇਉਂ ਸਾਕਾਰ ਕਰਾਂ।
ਉੱਡਣ ਲਈ ਨਾ ਲੋਚਾਂ ਖੰਭ ਉਧਾਰੇ ਮੈਂ,
ਹਿੰਮਤ ਸਦਕਾ ਉੱਚਾ ਅੰਬਰ ਪਾਰ ਕਰਾਂ।
ਹਉਮੈਂ ਤੇਰੀ ਦੀ ਬੇੜੀ ਨੂੰ ਤੋੜ ਦਿਆਂ,
ਮੰਜ਼ਿਲ ਦੇ ਵੱਲ ਕਦਮਾਂ ਦੀ ਰਫ਼ਤਾਰ ਕਰਾਂ।
ਧੁਰ ਤੀਕਰ ਜੋ ਲਹਿ ਗਏ ਮੇਰੇ ਦਿਲ ਅੰਦਰ,
ਕੀਕਣ ਅਪਣੇ ਚਾਵਾਂ ਨੂੰ ਇਨਕਾਰ ਕਰਾਂ।
ਚੂੜੀ ਝਾਂਜਰ ਗਾਨੀ ਮੇਰੇ ਗਹਿਣੇ ਨਾ,
ਕਵਿਤਾ ਗ਼ਜ਼ਲਾਂ ਗੀਤਾਂ ਦਾ ਸ਼ਿੰਗਾਰ ਕਰਾਂ।
ਦਿਲ ਵਿੱਚ ਲੱਖ ਉਮੰਗਾਂ ਸਧਰਾਂ ਚਾਅ ਮਰਦੇ,
ਰੀਝਾਂ ਦੀ ਕੁਰਬਾਨੀ ਕਿਉਂ ਹਰ ਵਾਰ ਕਰਾਂ।
ਕਾਗਜ਼ ਕਲਮ ਦਵਾਤਾਂ ਨੇ ਜਾਇਦਾਦ ਮਿਰੀ,
ਸਿਰ ਪਾਸੇ ਰੱਖ ਦੇਣਾ ਜਦ ਮੈਂ ਯਾਰ ਮਰਾਂ।