For the best experience, open
https://m.punjabitribuneonline.com
on your mobile browser.
Advertisement

ਕਾਵਿ ਕਿਆਰੀ

08:03 AM Aug 18, 2024 IST
ਕਾਵਿ ਕਿਆਰੀ
Advertisement

ਗ਼ਜ਼ਲ

ਜਸਵੰਤ ਜ਼ਫ਼ਰ
ਜਦ ਤੀਕਰ ਦੇਹ ਵਿਚ ਜਾਨ ਹੈ
ਇਮਤਿਹਾਨ ਹੀ ਇਮਤਿਹਾਨ ਹੈ

Advertisement

ਮੁਸ਼ਕਿਲ, ਮੁਸ਼ਕਿਲ ਨਈਂ ਹੁੰਦੀ
ਮੁਸ਼ਕਿਲ ਤਾਂ ਵਰਦਾਨ ਹੈ

Advertisement

ਹਰ ਇੱਕ ਦਾ ਆਪਣਾ ਆਪਣਾ
ਕਹਿਣ ਨੂੰ ਇੱਕ ਜਹਾਨ ਹੈ

ਕਿੱਦਾਂ ਚੁੱਕੀਏ ਕਿੱਥੇ ਰੱਖੀਏ
ਸਿਰ ਵਿੱਚ ਬੜਾ ਸਮਾਨ ਹੈ

ਤੀਰ-ਪੁੱਤ ਨੂੰ ਘੱਲ ਨਿਸ਼ਾਨੇ
ਕੰਬਦੀ ਮਗਰ ਕਮਾਨ ਹੈ

ਕਾਫ਼ਿਰ

ਸੁਲੇਮਾਨ ਹੈਦਰ
ਮੈਂ ਵੀ ਕਾਫ਼ਿਰ, ਤੂੰ ਵੀ ਕਾਫ਼ਿਰ, ਤੂੰ ਵੀ ਕਾਫ਼ਿਰ ਮੈਂ ਵੀ ਕਾਫ਼ਿਰ
ਫੁੱਲਾਂ ਦੀ ਖੁਸ਼ਬੂ ਵੀ ਕਾਫ਼ਿਰ, ਸ਼ਬਦਾਂ ਦਾ ਜਾਦੂ ਵੀ ਕਾਫ਼ਿਰ

ਇਹ ਵੀ ਕਾਫ਼ਿਰ, ਉਹ ਵੀ ਕਾਫ਼ਿਰ, ਫ਼ੈਜ਼ ਅਤੇ ਮੰਟੋ ਵੀ ਕਾਫ਼ਿਰ
ਨੂਰਜਹਾਂ ਦਾ ਗਾਣਾ ਕਾਫ਼ਿਰ, ਮੈਕਡੋਨਲਡ ਦਾ ਖਾਣਾ ਕਾਫ਼ਿਰ

ਬਰਗਰ ਕਾਫ਼ਿਰ, ਕੋਕ ਵੀ ਕਾਫ਼ਿਰ, ਹਾਸਾ ਖੇਡਾ, ਜੋਕ ਵੀ ਕਾਫ਼ਿਰ
ਤਬਲਾ ਕਾਫ਼ਿਰ, ਢੋਲ ਵੀ ਕਾਫ਼ਿਰ, ਪਿਆਰ ਭਰੇ ਦੋ ਬੋਲ ਵੀ ਕਾਫ਼ਿਰ

ਸੁਰ ਵੀ ਕਾਫ਼ਿਰ, ਤਾਲ ਵੀ ਕਾਫ਼ਿਰ, ਭੰਗੜਾ, ਨਾਚ, ਧਮਾਲ ਵੀ ਕਾਫ਼ਿਰ
ਦਾਦਰਾ ਕਾਫ਼ਿਰ, ਠੁਮਰੀ ਕਾਫ਼ਿਰ, ਕਾਫ਼ੀ ਅਤੇ ਖ਼ਿਆਲ ਵੀ ਕਾਫ਼ਿਰ

ਵਰਿਸ ਸ਼ਾਹ ਦੀ ਹੀਰ ਵੀ ਕਾਫ਼ਿਰ, ਚਾਹਤ ਦੀ ਜ਼ੰਜੀਰ ਵੀ ਕਾਫ਼ਿਰ
ਜ਼ਿੰਦਾ ਮੁਰਦਾ ਪੀਰ ਵੀ ਕਾਫ਼ਿਰ, ਭੇਟ ਨਿਆਜ਼ ਦੀ ਖੀਰ ਵੀ ਕਾਫ਼ਿਰ

ਬੇਟੇ ਦਾ ਬਸਤਾ ਵੀ ਕਾਫ਼ਿਰ, ਬੇਟੀ ਦੀ ਗੁੜੀਆ ਵੀ ਕਾਫ਼ਿਰ
ਹੱਸਣਾ ਰੋਣਾ ਕੁਫ਼ਰ ਦਾ ਸੌਦਾ, ਗ਼ਮ ਵੀ ਕਾਫ਼ਿਰ, ਖ਼ੁਸ਼ੀ ਵੀ ਕਾਫ਼ਿਰ

ਜੀਨਜ਼ ਅਤੇ ਗਿਟਾਰ ਵੀ ਕਾਫ਼ਿਰ, ਕਲਾ ਅਤੇ ਕਲਾਕਾਰ ਵੀ ਕਾਫ਼ਿਰ
ਜੋ ਮੇਰੀ ਧਮਕੀ ਨਾ ਛਾਪੇ, ਉਹ ਸਾਰੇ ਅਖ਼ਬਾਰ ਵੀ ਕਾਫ਼ਿਰ

ਯੂਨੀਵਰਸਿਟੀ ਦੇ ਅੰਦਰ ਕਾਫ਼ਿਰ, ਡਾਰਵਿਨ ਦਾ ਬਾਂਦਰ ਕਾਫ਼ਿਰ
ਫਰਾਇਡ ਪੜ੍ਹਾਵਣ ਵਾਲੇ ਕਾਫ਼ਿਰ, ਮਾਰਕਸ ਦੇ ਮਤਵਾਲੇ ਕਾਫ਼ਿਰ

ਮੰਦਰ ਵਿੱਚ ਤਾਂ ਬੁੱਤ ਹੁੰਦਾ ਹੈ, ਮਸਜਿਦ ਦਾ ਵੀ ਹਾਲ ਬੁਰਾ ਹੈ
ਕੁਝ ਮਸਜਿਦ ਦੇ ਬਾਹਰ ਕਾਫ਼ਿਰ, ਕੁਝ ਮਸਜਿਦ ਦੇ ਅੰਦਰ ਕਾਫ਼ਿਰ

ਮੁਸਲਿਮ ਦੇਸ਼ ’ਚ ਮੁਸਲਿਮ ਕਾਫ਼ਿਰ, ਗ਼ੈਰ ਮੁਸਲਿਮ ਤਾਂ ਹੈ ਹੀ ਕਾਫ਼ਿਰ
ਕਾਫ਼ਿਰ ਕਾਫ਼ਿਰ ਮੈਂ ਵੀ ਕਾਫ਼ਿਰ, ਕਾਫ਼ਿਰ ਕਾਫ਼ਿਰ ਤੂੰ ਵੀ ਕਾਫ਼ਿਰ
ਕਾਫ਼ਿਰ ਕਾਫ਼ਿਰ ਇਹ ਵੀ ਕਾਫ਼ਿਰ, ਕਾਫ਼ਿਰ ਕਾਫ਼ਿਰ ਉਹ ਕਾਫ਼ਿਰ
ਲਗਦੈ ਸਾਰੀ ਦੁਨੀਆ ਕਾਫ਼ਿਰ...
- ਅਨੁਵਾਦ: ਤ੍ਰੈਲੋਚਨ ਲੋਚੀ
ਸੰਪਰਕ: 98142-53315
* * *

ਕੋਰੇ ਕਾਗਜ਼

ਗਗਨਦੀਪ ਕੌਰ
ਖ਼ੁਦ ਨੂੰ ਖ਼ੁਦਾ ਆਖ ਦੇਣਾ ’ਗਰ ਕਸੂਰ ਨਾ ਹੁੰਦਾ,
ਤਾਂ ਇਤਿਹਾਸ ਦੇ ਪੰਨਿਆਂ ’ਤੇ ਕੋਈ ਮਨਸੂਰ ਨਾ ਹੁੰਦਾ।
ਹਜ਼ਾਰਾਂ ਪੱਥਰਾਂ ਦੀ ਚੋਟ ਖਾ, ਕਸੀਸ ਨਾ ਵੱਟੀ,
ਜੇ ਫੁੱਲ ਦਾ ਦਰਦ ਨਾ ਮੰਨਦਾ, ਕਦੀ ਮਸ਼ਹੂਰ ਨਾ ਹੁੰਦਾ।

ਹਾਲੇ ਵੀ ਸੂਰਤ ਵਾਲੇ ਸੀਰਤਾਂ ਤੋਂ ਇੱਕ ਕਦਮ ਅੱਗੇ,
ਪਰਵਾਨਾ ਨਾ ਕਦੀ ਮਰਦਾ, ਸ਼ਮਾ ’ਤੇ ਨੂਰ ਨਾ ਹੁੰਦਾ।
ਉਹ ਤਾਂ ਮਰਦ ਬਣ ਬੈਠਾ ਤੇ ਪੈਰੀਂ ਪਾ ਤੁਰਿਆ ਮੈਨੂੰ,
ਜੇ ਹਿਰਦਾ ਟੋਹ ਲਿਆ ਹੁੰਦਾ, ਏਨਾ ਮਗਰੂਰ ਨਾ ਹੁੰਦਾ।
ਮੇਰੀ ਤਾਸੀਰ ਜਣਨੀ ਹੈ, ਮੈਂ ਸੂਰੇ, ਰਾਖ਼ਸ਼ ਨਈ ਵੇਂਹਦੀ,
ਮੇਰੀ ਪਰਛਾਈ ਜੇ ਲੈਂਦਾ ਕਦੀ ਕਰੂਰ ਨਾ ਹੁੰਦਾ।

ਕਿ ਸੱਸੀ-ਸੋਹਣੀ ਵਰਗੇ ਨਾਂ ਕੀਹਨੂੰ ਫਿਰ ਯਾਦ ਰਹਿਣੇ ਸੀ,
ਤਪਸ਼ ਜੇ ਠੰਢਕ ਨਾ ਦਿੰਦੀ, ਝਨਾਂ ’ਚ ਸਰੂਰ ਨਾ ਹੁੰਦਾ।
ਕਿ ਬਣ ‘ਗੁੰਮਨਾਮ’ ਬਸ ਕਾਗਜ਼ ਕਾਲੇ ਕਰ ਰਿਹੈ ‘ਗਗਨ’,
ਕਿਰਤੀ ਦੀ ਪੀੜ ’ਗਰ ਲਿਖਦਾ ਤੇਰਾ ਵੀ ਜ਼ਰੂਰ ਨਾਂ ਹੁੰਦਾ।
ਈਮੇਲ: gaganpup2020@gmail.com

Advertisement
Author Image

Advertisement