ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕਾਵਿ ਕਿਆਰੀ

06:57 AM Aug 04, 2024 IST

ਗ਼ਜ਼ਲ

ਡਾ. ਹਰਨੇਕ ਸਿੰਘ ਕਲੇਰ
ਸਿਰ ’ਤੇ ਤਪਦਾ ਸੂਰਜ ਹੁੰਦਾ, ਹੇਠਾਂ ਕਾਲੀ ਰਾਤ ਰਹੀ।
ਰੋਟੀ ਦੀ ਥਾਂ ਹੱਥਾਂ ਉੱਤੇ, ਅੱਟਣਾਂ ਵੱਤ ਸੁਗਾਤ ਰਹੀ।

Advertisement

ਸਾਨੂੰ ਵੀ ਤਾਂ ਚੰਗੇ ਲਗਦੇ, ਬੁੱਲ੍ਹੀਆਂ ਉੱਤੇ ਹਾਸੇ,
ਜਦ ਵੀ ਮਿਲਦੇ ਹਰ ਦਮ ਮੁਕਦੀ, ਖ਼ਰਚ ਜਮ੍ਹਾਂ ਤੇ ਬਾਤ ਰਹੀ।

ਮਾਲੀ ਲੋਚੇ ਬਸ ਇੱਕ ਰੰਗ ਖਿੜੇ, ਸਾਰੀ ਫੁਲਵਾੜੀ ਵਿੱਚ,
ਫਿਰ ਵੀ ਨਿੱਤ ਨਵੇਂ ਰੰਗ ਸਦਾ, ਵੰਡਦੀ ਹੈ ਕਾਇਨਾਤ ਰਹੀ।

Advertisement

ਇਸ ਯੁੱਗ ’ਚ ਪੁਸਤਕ ਬਾਝੋਂ, ਕੈਸੀ ਕਰਨ ਪੜ੍ਹਾਈ ਪਾੜ੍ਹੇ,
ਨਾ ਫੱਟੀ, ਨਾ ਕੈਦਾ ਹੱਥ ’ਚ, ਨਾ ਹੀ ਕਲਮ, ਦਵਾਤ ਰਹੀ।

ਜਿਉਂਦੇ ਜੀਅ ਰਿਹਾ ਜੋ ਸੜਦਾ, ਛਾਵਾਂ ਵੰਡਣ ਵਾਲਾ ਸੀ,
ਉਸਦੀ ਲੱਕੜ ਸਦਕਾ ਸਜਦੀ, ਹੈ ਹੁਣ ਤੱਕ ਸਬ੍ਹਾਤ ਰਹੀ।
* * *

ਬਹੁਤਾ ਬਰਸਿਆ ਨਾ ਕਰ

ਜਸਵੰਤ ਕੜਿਆਲ
ਤੂੰ ਭੰਡਾਰਿਆਂ
ਖੀਰ-ਪੂੜਿਆਂ ਦੇ
ਐਵੇਂ ਮਗਰ ਨਾ ਲੱਗਿਆ ਕਰ
ਬਹੁਤਾ ਬਰਸਿਆ ਨਾ ਕਰ

ਸੋਚਿਆ ਕਰ
ਸਾਰੇ ਘਰਾਂ ਦੀਆਂ ਛੱਤਾਂ
ਪੱਕੀਆਂ ਨਹੀਂ ਹੁੰਦੀਆਂ
ਪੁੱਤਾਂ ਵਾਂਗ
ਪਾਲੀਆ ਫ਼ਸਲਾਂ
ਹਾਲੇ ਕੱਟੀਆਂ ਨਹੀਂ ਹੁੰਦੀਆਂ

ਤੂੰ ਜਦ ਬਰਸਦਾ
ਮਾਂ ਦਾ ਬਾਲਣ ਗਿੱਲਾ ਕਰ ਜਾਨਾਂ
ਬਾਪੂ ਦੀ ਦਿਹਾੜੀ ਮਾਰ ਦਿੰਨਾਂ
ਤੇ ਕੱਚੇ ਕੋਠਿਆਂ ’ਚੋਂ ਪਾਣੀ ਕੱਢਦਿਆਂ
ਭੈਣਾਂ ਦੇ ਲੱਕ ਦੁਖਣ ਲਾ ਦਿੰਨਾਂ

ਡੱਡੂਆਂ ਦੀ ਗੜੈਂ-ਗੜੈਂ
ਮੋਰਾਂ ਦੀਆਂ ਕੂਕਾਂ ਸੁਣ
ਮਹਿਲ ਤਾਂ ਜਸ਼ਨ ਮਨਾਉਂਦੇ ਹੋਣਗੇ
ਪਰ
ਸਾਡੀਆਂ ਤਾਂ ਧਾਹਾਂ ਨਿਕਲ ਜਾਂਦੀਆਂ ਨੇ

ਰਹਿਮ ਕਰਿਆ ਕਰ
ਹਰ ਥਾਂ ਇੱਕੋ ਜਿਹਾ ਨਾ ਵਰ੍ਹਿਆ ਕਰ
ਜਲ ਥਲ ਨੂੰ ਮੌਤ ਮੰਜ਼ਰ ਨਾ ਕਰਿਆ ਕਰ
ਤੈਨੂੰ ਪਤਾ?
ਪਥਰੇਲ ’ਤੇ ਪੱਥੀਆਂ ਇੱਟਾਂ
ਜਦ ਖੁਰਦੀਆਂ ਨੇ
ਅੰਦਰੋਂ ਬੜਾ ਕੁਝ ਖੋਰ ਦਿੰਦੀਆਂ ਨੇ
ਤੇ ਉਸੇ ਦਿਨ
ਸਾਡੇ ਵਿਹੜੇ ਸ਼ੁਰੂ ਹੋ ਜਾਂਦਾ
ਭੁੱਖ ਨੰਗ ਦਾ ਗਿੱਧਾ
ਜਦ ਕਦੇ
ਚਾਵਾਂ ਦੀ ਸਤਰੰਗੀ ਪੀਂਘ
ਅੰਬਰੀਂ ਪਈ
ਤਾਂ ਜ਼ਰੂਰ ਦੱਸਾਂਗੇ
ਬਸ ਤੂੰ ਹਾਲੇ
ਬਹੁਤਾ ਬਰਸਿਆ ਨਾ ਕਰ
ਬਹੁਤਾ ਵਰ੍ਹਿਆ ਨਾ ਕਰ
ਖ਼ਿਆਲ ਰੱਖਿਆ ਕਰ।
ਸੰਪਰਕ: 98766-77387
* * *

ਤਹਿਜ਼ੀਬ

ਜਸਵੰਤ ਗਿੱਲ ਸਮਾਲਸਰ
ਵੱਡੇ ਘਰਾਂ ਦੇ ਕੁੱਤੇ
ਕਿੰਨੇ ਸਿਆਣੇ
ਮਾਲਕ ਦੇ ਕਹੇ ਚੱਲਦੇ
ਮਾਲਕ ਹੁਕਮ ਕਰੇ
ਝੱਟ ਖੜ੍ਹੇ ਹੋ ਜਾਂਦੇ
ਬੈਠ ਜਾਂਦੇ
ਮਾਲਕ ਜੋ ਪਾਉਂਦਾ
ਜਦੋਂ ਖੁਆਉਂਦਾ
ਉਦੋਂ ਖਾਂਦੇ

ਮਾਲਕ ਨੇ
ਇਨ੍ਹਾਂ ਨੂੰ ਇਨਸਾਨਾਂ
ਵਾਲੀ ਤਹਿਜ਼ੀਬ
ਸਿਖਾ ਦਿੱਤੀ
ਹੁਣ ਉਹ ਬਣ ਗਏ
ਅੱਧੋਂ ਵੱਧ ਇਨਸਾਨ
ਜਾਂ ਫਿਰ
ਪੂਰੇ ਹੀ ਇਨਸਾਨ...

ਪਰ ਇਹ ਕੀ
ਉਨ੍ਹਾਂ ਦਾ ਮਾਲਕ
ਆਏ ਦਿਨ ਥਾਣੇ ਕਚਹਿਰੀ
ਗੇੜੇ ਕਿਉਂ ਲਾਉਂਦਾ ...?

ਸੁਣਿਆ ਉਸ ਦੇ ਮੁੰਡੇ
ਨਸ਼ੇ ਦੀ ਪੂਰਤੀ ਲਈ
ਕਦੇ ਚੋਰੀ ਕਰਦੇ,
ਲੁੱਟਾਂ ਕਰਦੇ
ਨਸ਼ੇ ਨਾਲ ਰੱਜੇ
ਕਿਸੇ ਕੁੜੀ ਨੂੰ
ਹੱਥ ਪਾਉਂਦੇ
ਕਦੇ-ਕਦੇ ਤਾਂ ਉਹ
ਆਪਣੇ ਪਾਲਣਹਾਰੇ
ਨੂੰ ਵੀ ਵੱਢਣ ਲੱਗਦੇ
ਮਾਰਨ ਲੱਗਦੇ ਨੇ...

ਮਾਲਕ ਰਿਸ਼ਤੇਦਾਰਾਂ ਕੋਲ
ਕੁੱਤਿਆਂ ਦੀਆਂ
ਬਹੁਤ ਗੱਲਾਂ ਕਰਦਾ
ਉਨ੍ਹਾਂ ਦੀ ਸਿਆਣਪ
ਦੇ ਗੁਣ ਗਾਉਂਦਾ
ਸੁਣਨ ਵਾਲਾ
ਵਾਹ ਵਾਹ! ਕਰ ਉੱਠਦਾ
ਮਾਲਕ ਖ਼ੁਸ਼ ਹੈ
ਤੇ ਡਾਹਢਾ ਉਦਾਸ ਵੀ
ਕਿ ਉਸ ਦੇ ਪਾਲ਼ੇ ਹੋਏ ਕੁੱਤੇ
ਕਿੰਨੀ ਤਹਿਜ਼ੀਬ ’ਚ ਰਹਿੰਦੇ ਨੇ
ਤੇ ਉਸਦੇ ਪੁੱਤ...?
ਸੰਪਰਕ: 97804-51878
* * *

ਗੁਆਚਿਆ ਆਪਾ

ਸਰਿਤਾ ਤੇਜੀ
ਬੜੇ ਚਿਰ ਦਾ ਗੁਆਚਿਆ ਸੀ ਜਿਹੜਾ
ਮੈਂ ਉਸ ‘ਆਪੇ’ ਨੂੰ ਚਾਹੁੰਦੀ ਹਾਂ ਮਿਲਣਾ
ਉਮਰ ਦੀਆਂ ਤੰਗ ਗਲੀਆਂ ’ਚ
ਚੱਕੇ ਨੂੰ ਸੀਖ਼ ਲਾ ਭਜਾਉਂਦਾ
ਨਿੱਕੀ ਜੇਹੀ ਫਰਾਕ ਦੇ
ਗੋਲ ਘੇਰੇ ਵਾਂਗ
ਗੋਲ ਗੋਲ ਘੁਮਾਉਂਦਾ
ਉਲਝ ਗਿਆ
ਵਕ਼ਤ ਦੇ ਵਲਾਂ ਵਿੱਚ
ਕਾਲੇ ਸਿਆਹ ਵਾਲਾਂ ਦੇ
ਲਟਕਦੇ ਘੁੰਗਰੂਆਂ ਨਾਲ
ਘਿਰਿਆ ਇੱਕ ਚਿਹਰਾ
ਅਣਭੋਲ
ਜਿਉਂ ਸੁਨਹਿਰੀ ਜ਼ਮੀਨ ’ਤੇ
ਖੇਡਣ ਰੁਣਝੁਣ ਫੁਹਾਰਾਂ
ਕਾਲੀ ਰਾਤ ’ਚ
ਚਾਂਦੀ ਭਰੇ
ਤਾਰਿਆਂ ਦੀਆਂ ਕਤਾਰਾਂ
ਤਲਿਸਮੀ ਸੁਫ਼ਨੇ ਤੇ
ਲੋਹੜੇ ਦੀਆਂ ਬਹਾਰਾਂ
ਵਕ਼ਤ ਦੇ ਫੇਰ ’ਚ
ਐਸਾ ਖੁੱਸਿਆ ਨਜ਼ਾਰਾ
ਲੱਭੇ ਨਾ ਕਿੱਧਰੇ
ਥਿਆਵੇ ਨਾ ਕਿੱਧਰੋਂ
ਗੁੰਮ ਹੈ ‘ਆਪਾ’
ਮੈਂ ਪਈ ਪੁਕਾਰਾਂ
ਸੰਪਰਕ: 96468-48766
* * *

ਗ਼ਜ਼ਲ

ਮਨਿੰਦਰ ਕੌਰ ਬਸੀ
ਹਰ ਰਿਸ਼ਤੇ ਦੀ ਆਪਣੀ ਮਜਬੂਰੀ ਹੁੰਦੀ ਹੈ
ਪਰ ਅਕਸਰ ਹੀ ਕੋਈ ਹੱਦ ਜ਼ਰੂਰੀ ਹੁੰਦੀ ਹੈ

ਉਂਝ ਆਖੀਆਂ ਹੁੰਦੀਆਂ ਨੇ ਲੱਖਾਂ ਹੀ ਗੱਲਾਂ
ਪਰ ਕੋਈ ਗੱਲ ਕਹਿਆਂ ਵੀ ਅਧੂਰੀ ਹੁੰਦੀ ਹੈ

ਅੱਖਾਂ ਅੰਦਰ ਕਿੰਨੇ ਸੁਪਨੇ ਆਣ ਕੇ ਛੁਪ ਜਾਂਦੇ
ਇਸ਼ਕ ’ਚ ਜਾਪੇ ਹਰ ਇੱਕ ਸ਼ਾਮ ਸੰਧੂਰੀ ਹੁੰਦੀ ਹੈ

ਦਿਲ ਵਿੱਚ ਰੱਖਦੇ ਨੇ ਉਲ਼ਫ਼ਤ ਪਰ ਮੂੰਹੋਂ ਕਹਿੰਦੇ ਨਾ
ਹੁਸਨ ਦੇ ਪੱਲੇ ਆਈ ਬਸ ਮਗ਼ਰੂਰੀ ਹੁੰਦੀ ਹੈ

ਫਿੱਕੇ ਰੰਗ ਵੀ ਗੂੜ੍ਹੇ ਗੂੜ੍ਹੇ ਜਾਪਣ ਲਗਦੇ ਨੇ
ਸੱਚ ਜਾਣੀਂ ਇਹ ਇਸ਼ਕੇ ਦੀ ਸਰੂਰੀ ਹੁੰਦੀ ਹੈ

ਹੁੰਦੀ ਏ ਪਿਆਰੇ ਦੇ ਹੱਥ ਵਿੱਚ ਜੀਵਨ ਦੀ ਡੋਰੀ
ਉਸ ਦੇ ਹੀ ਹੱਥ ਸੱਧਰਾਂ ਦੀ ਕਸਤੂਰੀ ਹੁੰਦੀ ਹੈ
ਸੰਪਰਕ: 98784-38722

Advertisement
Advertisement