For the best experience, open
https://m.punjabitribuneonline.com
on your mobile browser.
Advertisement

ਕਾਵਿ ਕਿਆਰੀ

11:55 AM Jul 21, 2024 IST
ਕਾਵਿ ਕਿਆਰੀ
Advertisement

ਗ਼ਜ਼ਲ

ਅੱਖਾਂ ਅੰਦਰ ਸੁਹਣੇ, ਸੁਪਨੇ ਮੋਏ ਲਗਦੇ ਨੇ।
ਦਿਲ ਦੇ ਮਹਿਰਮ ਤਾਹੀਂ, ਖੋਏ ਖੋਏ ਲਗਦੇ ਨੇ।

Advertisement

ਦਿਨ ਵੇਲੇ ਉਹ ਜਦ ਵੀ ਮਿਲਦੇ, ਕੁਝ ਵੀ ਬੋਲਣ ਨਾ,
ਸੁਪਨੇ ਦੇ ਵਿੱਚ ਹੰਝੂ ਹਾਰ, ਪਰੋਏ ਲਗਦੇ ਨੇ।

Advertisement

ਟੇਢੀ ਨਜ਼ਰੇ ਦੇਖ ਕੇ, ਕਾਹਤੋਂ ਨੀਵੀਂ ਪਾਈ ਸੀ,
ਦੀਵੇ ਵਾਂਗੂੰ ਗੱਲ੍ਹਾਂ ਵਾਲੇ, ਟੋਏ ਲਗਦੇ ਨੇ।

ਪੰਜਾਬ ਨਿਆਰਾ ਦੋਖੀ ਨੂੰ, ਕਾਹਤੋਂ ਭਾਵੇ ਨਾ,
ਤਾਹੀਂ ਬੁੱਕਲ ਦੇ ਵਿੱਚ ਨਾਗ, ਲੁਕੋਏ ਲਗਦੇ ਨੇ।

ਹੱਕਾਂ ਖਾਤਰ ਸੜਕਾਂ ਉੱਤੇ, ਬੋਲ ਕਿਸਾਨਾਂ ਦੇ,
ਕੁੱਲ ਜਗਤ ਦਾ ਬਣ ਕੇ ਦੁੱਖ, ਸਮੋਏ ਲਗਦੇ ਨੇ।

ਸਭ ਨੂੰ ਰੋਟੀ ਮਿਲਜੇ, ਸਰਦੀ, ਗਰਮੀ ਸਹਿ ਲਾਂ ਗੇ,
ਖੇਤਾਂ ਦੇ ਵਿੱਚ ਖ਼ੂਨ-ਪਸੀਨੇ ਚੋਏ ਲਗਦੇ ਨੇ।

ਹਿੰਮਤ ਦੇ ਆਸ-ਪਾਸ

ਉਹ ਹਾਰ ਗਿਆ ਸੀ / ਟੁੱਟ ਗਿਆ ਸੀ
ਚਕਨਾਚੂਰ ਹੋ ਕੇ / ਡਿੱਗ ਪਿਆ ਸੀ
ਉਹਦੇ ਸਾਹਮਣੇ / ਦੋ ਰਸਤੇ ਸਨ

ਇੱਕ ਕਿਸਮਤ ਦਾ,
ਮੁਕੱਦਰਾਂ ਦਾ, ਅਰਦਾਸਾਂ ਦਾ
ਦੂਜਾ ਹਿੰਮਤ ਦਾ, ਮੁੜ ਉੱਠਣ ਦਾ/ ਕੁਝ ਕਰਨ ਦਾ

ਉਹਨੇ ਦੂਸਰਾ ਰਸਤਾ ਚੁਣਿਆ
ਡਿਗਦਿਆਂ/ ਢਹਿੰਦਿਆਂ
ਮੁੜ ਉੱਠਣ, ਮੁੜ ਖੜ੍ਹਨ, ਮੁੜ ਤੁਰਨ ਦਾ
ਕਿ ਡਿੱਗ ਹੀ ਪਏ ਹਾਂ
ਖ਼ਤਮ ਤਾਂ ਨਹੀਂ ਹੋ ਗਏ

ਹਾਸਲ

ਜੋ ਮਿਲਿਆ ਲਾਜਵਾਬ ਸੀ
ਅਣਕਿਆਸਿਆ
ਪਰ ਖੁਸ਼ਗਵਾਰ ਸੀ
ਸੰਪਰਕ: 98146-19581
* * *

ਪਤਾ ਹੀ ਨਾ ਲੱਗਾ

ਪਤਾ ਹੀ ਨਾ ਲੱਗਾ
ਕਦੋਂ ਬਚਪਨ ਦੀ ਚੰਚਲਤਾ
ਬਦਲ ਗਈ ਜਵਾਨੀ ਦੀ ਚਮਕਦੀ ਦਮਕਦੀ ਚਕਾਚੌਂਧ ਵਿੱਚ
ਤੇ ਫਿਰ
ਜਵਾਨੀ ਦਾ ਠਾਠਾਂ ਮਾਰਦਾ ਜੋਸ਼
ਕਦੋਂ ਬਦਲ ਗਿਆ
ਬੁਢਾਪੇ ਦੀ ਗਹਿਰ ਗੰਭੀਰਤਾ ਵਿੱਚ
ਪਤਾ ਹੀ ਨਾ ਲੱਗਾ
ਕਦੋਂ
ਮਾਂ ਬਾਪ ਦਾ ਸਾਇਆ ਕਿਰ ਗਿਆ
ਹੱਥਾਂ ਵਿੱਚੋਂ ਕਿਰਦੀ ਰੇਤ ਵਾਂਗੂੰ
ਤੇ ਕੋਹਲੂ ਦੇ ਬੈਲ ਦੇ ਗੇੜਿਆਂ ਵਾਂਗ
ਘੁੰਮਣਾ ਸ਼ੁਰੂ ਕਰ ਦਿੱਤਾ
ਘਰ ਪਰਿਵਾਰ ਦੁਆਲੇ
ਖੋਪੇ ਅੱਖਾਂ ’ਤੇ ਬੰਨ੍ਹ ਕੇ
ਪਤਾ ਹੀ ਨਾ ਲੱਗਾ
ਕਦੋਂ ਬੰਟਿਆਂ ਦੀ ਟੁਣਕਾਰ
ਰਸੋਈ ਦੇ ਭਾਂਡਿਆਂ ਛਣਕਾਰ ਵਿੱਚ ਤਬਦੀਲ ਹੋ ਗਈ
ਤੇ ਘਰਾਂ ਦੀ ਤਾਸੀਰ ਵਰਗੀਕ੍ਰਿਤ ਹੋ ਕੇ ਸਾਂਝੇ ਪਰਿਵਾਰ ਦੀ ਥਾਂ
ਘੁੰਮਣ ਲੱਗੀ ਆਪਣੇ ਆਪਣੇ ਦਾਇਰਿਆਂ ਵਿੱਚ
ਪਤਾ ਹੀ ਲੱਗਾ
ਕਦੋਂ ਮਹਿਫ਼ਲਾਂ ਦੇ ਰੰਗ ਬਦਲ ਗਏ
ਰੁਜ਼ਗਾਰ ਦੀ ਖ਼ਾਤਰ ਯਾਰਾਂ ਨੇ ਉਡਾਰੀ ਵਿਦੇਸ਼ਾਂ ਵੱਲ ਮਾਰ ਦਿੱਤੀ
ਅਤੇ ਰੀਝਾਂ ਦੀ ਪੰਡ ਬੰਨ੍ਹ ਕੇ
ਪਰਦੇਸੀ ਹੋਣ ਦਾ ਸੰਤਾਪ ਹੰਢਾਉਣ ਲੱਗੇ
ਪਤਾ ਹੀ ਨਾ ਲੱਗਾ
ਜਦੋਂ ਸੈੱਲ ਫੋਨ ਦੀ ਪਕੜ ਨੇ
ਫਿੱਕੀ ਕਰ ਦਿੱਤੀ ਰਿਸ਼ਤਿਆਂ ਦੀ ਗਲਵਕੜੀ
ਅਤੇ ਕੋਲ ਬੈਠੇ ਰਿਸ਼ਤੇਦਾਰ ਵੀ
ਅਜਨਬੀ ਸਾਈਟਾਂ ਵਿੱਚੋਂ ਪਿਆਰ ਦੀ ਖੁਸ਼ਬੂ ਮਾਣਨ ਲੱਗੇ
ਪਤਾ ਹੀ ਨਾ ਲੱਗਾ
ਜਦੋਂ ਛਾਬੇ ਦੀ ਥਾਂ ਕੈਸਰੋਲ ਵਿੱਚ
ਰੋਟੀਆਂ ਦੀ ਗਿਣਤੀ ਹੋਣ ਲੱਗੀ
ਅਤੇ ਘਰ ਨਾਲੋਂ ਜ਼ਿਆਦਾ ਰੈਸਤਰਾਂ ਦੀ ਅਹਿਮੀਅਤ ਸਟੇਟਸ ਸਿੰਬਲ ਬਣ ਉੱਭਰੀ
ਘਰ ਦੇ ਜੀਅ ਮਾਂ ਦੀਆਂ ਰੋਟੀਆਂ ਦੀ ਥਾਂ ਬਰਗਰ ਨੂਡਲਜ਼ ਵਿੱਚੋਂ
ਸੁਆਦ ਭਾਲਣ ਲੱਗੇ
ਪਤਾ ਹੀ ਨਾ ਲੱਗਾ
ਕਿਵੇਂ ਸਮਾਜ ਘਰ ਪਰਿਵਾਰ ਡਿਜੀਟਲ ਯੁੱਗ ਦੀ ਤਰੱਕੀ ਵਿੱਚ
ਜਲਾਵਤਨੀ ਭੋਗਣ ਲੱਗਾ
ਪਤਾ ਹੀ ਨਾ ਲੱਗਾ
ਪਤਾ ਹੀ ਨਾ ਲੱਗਾ...

Advertisement
Author Image

sukhwinder singh

View all posts

Advertisement