For the best experience, open
https://m.punjabitribuneonline.com
on your mobile browser.
Advertisement

ਕਾਵਿ ਕਿਆਰੀ

07:52 AM Jun 23, 2024 IST
ਕਾਵਿ ਕਿਆਰੀ
Advertisement

ਗ਼ਜ਼ਲ

ਹਰਮਿੰਦਰ ਸਿੰਘ ਕੋਹਾਰਵਾਲਾ
ਹੁੰਦਾ ਨਾ ਨਾਮ ਵੱਡਾ, ਪੱਥਰ ’ਤੇ ਨਾਮ ਖੁਣ ਕੇ।
ਫਿਰਦਾ ਹੈਂ ਪੈਰ ਛੱਡੀ, ਅਕਲਾਂ ਨੂੰ ਮਾਰ ਤੁਣਕੇ।

Advertisement

ਰੱਟਣ ’ਤੇ ਜ਼ੋਰ ਲਾਈਏ, ਅਮਲਾਂ ਦੀ ਲੋੜ ਐਪਰ
ਬਾਬੇ ਜੋ ਸ਼ਬਦ ਉਚਰੇ, ਵਜਦੀ ਰਬਾਬ ਸੁਣ ਕੇ।

Advertisement

ਰਖਦੇ ਨੇ ਸੀਤ ਚੁੱਲ੍ਹੇ, ਉਲਟਾ ਉਹ ਹੱਡ ਸੇਕਣ,
ਮਲ਼ਦੀ ਹੈ ਹੱਥ ਖਲਕਤ, ਝੁਰਦੀ ਹੈ ਚੋਰ ਚੁਣ ਕੇ।

ਆਪਾਂ ਜੋ ਤਖਤ ਚਾੜ੍ਹੇ, ਭੁੰਜੇ ਉਹ ਲਾਹੁਣ ਸਾਨੂੰ,
ਜਿਸਮਾਂ ਤੋਂ ਛਿੱਲ ਲਾਹੁੰਦੇ, ਪੀਂਦੇ ਨੇ ਖ਼ੂਨ ਪੁਣ ਕੇ।

ਕਿਸਮਤ ਨਾ ਝੋਲ਼ ਭਰਦੀ, ਸਿੱਧੇ ਨਾ ਦਿਨ ਇਹ ਕਰਦੀ,
ਕਰਦਾ ਹੈ ਉਹ ਤਰੱਕੀ, ਰਖਦਾ ਜੋ ਖ਼ਾਬ ਬੁਣ ਕੇ।

ਗਾਉਂਦੇ ਨੇ ਗਾਇਕ ਗ਼ਜ਼ਲਾਂ, ਬਣਦੀ ਹੈ ਪੈਂਠ ਉਸ ਦੀ,
ਗ਼ਜ਼ਲਾਂ ’ਚ ਸ਼ਾਇਰ ਜਿਹੜਾ, ਚਿਣਦਾ ਹੈ ਸ਼ਬਦ ਚੁਣ ਕੇ।

ਕਰਦੇ ਨੇ ਛਾਂ ਸਿਰਾਂ ’ਤੇ, ਆਉਂਦੀ ਸੌ ਕੰਮ ਲੱਕੜ
ਰੁੱਖਾਂ ਦੇ ਪੈਰ ਪੂਜੋ, ਦਿੰਦੇ ਜੋ ਪੌਣ ਪੁਣ ਕੇ।
ਸੰਪਰਕ: 98768-73735
* * *

ਗਾਜ਼ਾ ਦੇ ਨਾਂ

ਹਰਮਨ ਕੌਰ
ਢਲਦੇ ਪਰਛਾਵੇਂ,
ਉੱਜੜੀਆਂ ਨਜ਼ਰਾਂ,
ਕੋਹਾਂ ਪਿਛਾਂਹ ਰਹਿ ਗਈ ਹੋਂਦ।
ਲੰਘੇ ਪਲਾਂ ਨੂੰ
ਜ਼ਿਹਨ ’ਚ ਉੱਕਰਿਆ‌ਂ
ਮੁੱਦਤਾਂ ਬੀਤ ਗਈਆਂ।
ਹਰ ਜ਼ੁਬਾਨ ’ਤੇ ਜ਼ਿਕਰ ਏ
ਚਾਨਣ ਦੀ ਲੀਕ ਦਾ,
ਘੁਲਦੇ ਜਾ ਰਹੇ ਰੰਗਾਂ ਦਾ,
ਤੇ ਮੈਂ
ਪਿਛਾਂਹ ਰਹਿ ਗਈ
ਆਪਣੀ ਹੋਂਦ ਨੂੰ
ਵਾਰ-ਵਾਰ ਆਵਾਜ਼ਾਂ ਮਾਰ
ਪੁੱਛਦਾ ਹਾਂ
ਚਾਨਣ ਦੇ ਕੀ ਮਾਅਨੇ ਹੁੰਦੇ ਨੇ?
ਰੰਗ ਕਿਸ ਸ਼ੈਅ ਦਾ ਨਾਮ ਏ?
ਹਨੇਰੇ ਵਿੱਚ
ਲੁਪਤ ਹੋਈ ਨਜ਼ਰ,
ਬੀਤੇ ਪਰਛਾਵਿਆਂ ਤੋਂ
ਪੱਲਾ ਛੁਡਾ,
ਮੇਰੇ ਜ਼ਿਹਨ ਦੇ
ਬਿਖ਼ਰੇ ਟੁਕੜਿਆਂ ਨੂੰ
ਇਕੱਠਾ ਕਰਦੀ ਏ
ਤੇ
ਜਿਨ੍ਹਾਂ ਜ਼ਖ਼ਮਾਂ ਨੂੰ
ਮੈਂ ਭਰ ਚੁੱਕੇ ਸਮਝਿਆ ਸੀ
ਫਿਰ ਤੋਂ ਸਾਹਮਣੇ ਆ
ਪੁੱਛਦੇ ਨੇ
ਉਨ੍ਹਾਂ ਜਿਸਮਾਂ ਦਾ ਸਿਰਨਾਵਾਂ
ਜੋ
ਨਫ਼ਰਤ ਦੀ ਅੱਗ ਵਿੱਚ
ਸੁਲਗ਼ਦੇ ਰਹੇ।
ਉਹ ਪੁੱਛਦੇ ਨੇ
ਕਿੱਥੇ ਜਾ ਦਫ਼ਨ ਹੋਈਆਂ
ਉਹ ਕੁਰਲਾਹਟਾਂ
ਜਿਨ੍ਹਾਂ ਨੇ
ਨਫ਼ਰਤ ਦੀ ਅੱਗ ਸੇਕਣ ਤੋਂ
ਇਨਕਾਰ ਕਰ ਦਿੱਤਾ ਸੀ।
ਉਨ੍ਹਾਂ ਨੂੰ ਇਤਰਾਜ਼ ਹੈ
ਮੇਰੀ ਚੁੱਪ ’ਤੇ
ਪਰ ਉਹ ਨਹੀਂ ਜਾਣਦੇ
ਕਿ ਹਰ ਚੁੱਪ
ਜ਼ੁਲਮਾਂ ਦੀ ਦਾਸਤਾਂ ਨੂੰ
ਠੰਢੇ ਬਸਤੇ ਨਹੀਂ ਪਾ ਦਿੰਦੀ।
ਹਰ ਚੁੱਪ ਵਿੱਚ
ਦਫ਼ਨ ਹੁੰਦੀਆਂ ਨੇ
ਕਈ ਆਵਾਜ਼ਾਂ,
ਜੋ
ਇਨਸਾਨ ਦੇ
ਖ਼ੁਦ ਨਾਲੋਂ ਟੁੱਟਦੇ ਵਕਤ
ਆਸਮਾਨ ਦਾ ਸੀਨਾ ਵੀ
ਚੀਰ ਜਾਂਦੀਆਂ ਨੇ
ਤੇ
ਜ਼ਾਲਮ ਦੇ ਕੰਨਾਂ ਨੂੰ
ਸੁਣਾਈ ਵੀ ਨਹੀਂ ਦਿੰਦੀਆਂ।

ਉਹ ਸਮਝਦੇ ਕਿਉਂ ਨਹੀਂ
ਕਿ ਜਿਸਮ ਸਮਾ ਜਾਂਦੇ ਨੇ
ਧਰਤ ਵਿੱਚ
ਪਰ
ਕੁਰਲਾਹਟਾਂ, ਪੀੜਾਂ, ਦਰਦਾਂ ਦੀ
ਕੋਈ ਕਬਰ ਨਹੀਂ ਹੁੰਦੀ।

ਇਹ ਜਿਉਂਦੇ ਰਹਿੰਦੇ ਨੇ
ਨਫ਼ਰਤਾਂ ਦੇ ਸਾਏ ਹੇਠ
ਸਹਿਕਦੀ ਜ਼ਿੰਦਗੀ ਦਾ
ਪਰਛਾਵਾਂ ਬਣਕੇ।
* * *

ਗ਼ਜ਼ਲ

ਜਸਵੰਤ ਧਾਪ
ਚਲੋ ਇੱਕ ਖ਼ਾਬਾਂ ਖਿਆਲਾਂ ਨੂੰ ਕਰੀਏ
ਫਿਰ ਹੱਲ ਸਾਰੇ ਸਵਾਲਾਂ ਨੂੰ ਕਰੀਏ

ਕਰਨਾ ਹੈ ਜੇਕਰ ਸਾਹਵਾਂ ਨੂੰ ਸੌਖੇ
ਦਫ਼ਨ ਸੀਨਿਆਂ ਦੇ ਉਬਾਲਾਂ ਨੂੰ ਕਰੀਏ

ਸਮਾਂ ਚਾਲ ਹੌਲੀ ਨਹੀਂ ਕਰਨ ਵਾਲਾ
ਮਨਫ਼ੀ ਜ਼ਰਾ ਕਦਮਤਾਲਾਂ ਨੂੰ ਕਰੀਏ

ਗੁਜ਼ਰ ਜਾਣ ਜਿਨ੍ਹਾਂ ’ਚੋਂ ਨੇਜ਼ੇ ਤੇ ਭਾਲੇ
ਦਸ ਫੇਰ ਕੀ ਉਨ੍ਹਾਂ ਢਾਲਾਂ ਨੂੰ ਕਰੀਏ

ਉੱਜੜੇ ਨੇ ਸਾਡੇ ਤਾਂ ਤਖ਼ਤ ਹਜ਼ਾਰੇ
ਹੀਰੇ ਕੀ ਤੇਰੇ ਸਿਆਲਾਂ ਨੂੰ ਕਰੀਏ

ਜ਼ਿੱਦਾਂ ਨਫ਼ਰਤਾਂ ਦੂਰ ਕੀਤੇ ਨੇ ਜਿਹੜੇ
ਰਜ਼ਾਮੰਦ ਉਨ੍ਹਾਂ ਭਿਆਲਾਂ ਨੂੰ ਕਰੀਏ

ਅਜੇ ਸਾਥੋਂ ਸਾਡੇ ਹੀ ਸਾਂਭੇ ਗਏ ਨਾ
ਕੀ ਧਾਪ ਤੇਰੇ ਮਲਾਲਾਂ ਨੂੰ ਕਰੀਏ
ਸੰਪਰਕ: 98551-45330
* * *

ਚੁੱਪ

ਕੁਲਵਿੰਦਰ ਵਿਰਕ
ਜਦੋਂ
ਵਕਤ ਦੇ ਵਗਦੇ ਪਾਣੀਆਂ ’ਚ
ਸੁਪਨਿਆਂ ਦੀ ਸੁਆਹ ਘੁਲ ਜਾਵੇ...
ਜਦੋਂ
ਚਾਹ ਕੇ ਵੀ ਹਿੱਕ ’ਚੋਂ ਚੀਕ ਨਾ ਨਿਕਲੇ

ਓਦੋਂ
ਜਦੋਂ ਪੱਕੀਆਂ ਕੰਧਾਂ ’ਚ
ਪਿੱਪਲ ਉੱਗਣ ਲੱਗ ਪੈਣ
ਉਦੋਂ
ਚੁੱਪ ਵੀ ਨਾਲ ਹੀ ਉੱਗ ਆਉਂਦੀ ਹੈ...!

ਉਦੋਂ
ਜਦੋਂ ਹੱਸਦੇ-ਵਸਦੇ ਵਿਹੜਿਆਂ ’ਚ
ਸੁੰਨ ਪਸਰ ਜਾਵੇ
ਚੁੱਲ੍ਹਿਆਂ ਦੀਆਂ ਤ੍ਰੇੜਾਂ ’ਚ
ਘਾਹ ਉੱਗ ਆਵੇ
ਜੰਗਾਲੇ ਜਿੰਦਰਿਆਂ ਨੂੰ ਖੋਲ੍ਹਣੋਂ
ਚਾਬੀਆਂ ਵੀ ਜਵਾਬ ਦੇ ਜਾਣ...
ਹਿੱਕੜੀ ’ਚੋਂ ਨਿਕਲਦੇ ਹਾਉਕਿਆਂ ਦੀ ਉਮਰ
ਉਦੋਂ
ਲੰਮੀ ਹੋ ਜਾਇਆ ਕਰਦੀ ਹੈ...!
ਕੁਆਰੀਆਂ ਸੱਧਰਾਂ ਜਦ
ਅਗਵਾ ਹੋ ਜਾਣ,
ਨੈਣਾ ’ਚੋਂ ਉਡੀਕ ਵੀ
ਮੁੱਕਣ ਲੱਗੇ,
ਲੱਪ ਕੁ ਸੰਧੂਰ ’ਚ ਵੀ
ਕੋਈ ਸੁਰਮਾ ਖਿਲਾਰ ਜਾਵੇ,
ਜਦੋਂ ਸਾਹਾਂ ’ਚੋਂ ਸੇਕ ਨਹੀਂ
ਸਰਦ ਆਹਾਂ ਨਿਕਲਣ...
ਉਦੋਂ ਕਈ ਵਾਰ-
ਨੈਣਾਂ ’ਚ ਮਾਰੂਥਲ ਦੀ ਰੇਤ ਸਮਾ ਜਾਇਆ ਕਰਦੀ ਹੈ...
ਚੁੱਲ੍ਹਿਆਂ,
ਵਿਹੜਿਆਂ,
ਨੈਣਾਂ,
ਤੇ ਹਿੱਕਾਂ ਅੰਦਰ
ਚੁੱਪ ਅਕਸਰ ਇੰਝ ਹੀ ਤਾਂ ਉੱਗਦੀ ਹੈ...!!
ਸੰਪਰਕ: 78146-54133
* * *

ਮੰਨਿਆ ਵੀ ਕਰ

ਹਰਦੀਪ ਬਿਰਦੀ
ਪੀਣੇ ਪੈਂਦੇ ਹੰਝੂ ਖਾਰੇ ਮੰਨਿਆ ਵੀ ਕਰ।
ਬੰਦਾ ਕਿਸਮਤ ਤੋਂ ਜਦ ਹਾਰੇ ਮੰਨਿਆ ਵੀ ਕਰ।

ਜਿੰਨਾ ਮਰਜ਼ੀ ਧਨ ਕਮਾ ਲਉ ਨਾਲ ਨਾ ਜਾਣਾ
ਖਾਲੀ ਹੱਥ ਹੀ ਜਾਂਦੇ ਸਾਰੇ ਮੰਨਿਆ ਵੀ ਕਰ।

ਮਿਹਨਤ ਕਰਿਆਂ ਤੈਨੂੰ ਜਦ ਹੈ ਸਭ ਕੁਝ ਮਿਲਦਾ
ਕਾਹਤੋਂ ਕਰਨੇ ਪੁੱਠੇ ਕਾਰੇ ਮੰਨਿਆ ਵੀ ਕਰ।

ਕੁਦਰਤ ਦੇ ਜੋ ਸਿਰਜੇ ਹੋਏ ਸੱਜਣਾ ਵਧੀਆ
ਅਪਣੀ ਥਾਂ ’ਤੇ ਮੌਸਮ ਚਾਰੇ ਮੰਨਿਆ ਵੀ ਕਰ।

ਪਰਦੇਸਾਂ ਤੋਂ ਵਾਪਸ ਆ ਕੇ ਸੀਨੇ ਲੱਗ ਕੇ
ਪੁੱਤ ਕਲੇਜਾ ਮਾਂ ਦਾ ਠਾਰੇ ਮੰਨਿਆ ਵੀ ਕਰ।

ਨੇਤਾਵਾਂ ਨੇ ਪੱਲੇ ਕੁਝ ਨਹੀਂ ਪਾਉਣਾ ਹੁੰਦਾ
ਇਨ੍ਹਾਂ ਪੱਲੇ ਸਿਰਫ਼ ਲਾਰੇ ਮੰਨਿਆ ਵੀ ਕਰ।

ਗੱਲੀਂ ਬਾਤੀਂ ਆਸ਼ਕ ਤਾਰੇ ਤੋੜ ਲਿਆਉਂਦੇ
ਕਿਹੜਾ ਤੋੜਨ ਜਾਂਦਾ ਤਾਰੇ ਮੰਨਿਆ ਵੀ ਕਰ।

ਇਹ ਜੋ ਲੁੱਟਾਂ ਖੋਹਾਂ ਖ਼ੂਨ ਖਰਾਬਾ ਜੱਗ ’ਤੇ
ਦੌਲਤ ਸ਼ੋਹਰਤ ਦੇ ਸਭ ਕਾਰੇ ਮੰਨਿਆ ਵੀ ਕਰ।

ਰੋਟੀ ਤਾਂ ਮਿਲ ਸਕਦੀ ਸਭ ਨੂੰ ਥੋੜ੍ਹੇ ਨਾਲ ਹੀ
ਦੌਲਤ ਸ਼ੋਹਰਤ ਪਿੱਛੇ ਸਾਰੇ ਮੰਨਿਆ ਵੀ ਕਰ।
ਸੰਪਰਕ: 90416-00900

Advertisement
Author Image

Advertisement