ਕਾਵਿ ਕਿਆਰੀ
ਖੰਡਰਾਤ ਸੀਨੇ
ਜਤਿੰਦਰ ਔਲਖ
ਪੈਰਾਂ ਹੇਠ ਮਸਲ ਦਿੱਤੇ ਗਏ
ਜ਼ਰਦ ਪੱਤੇ ਵਰਗੀ ਚਾਹਤ ਦਾ
ਕੀ ਮਾਤਮ ਮਨਾਈਏ?
ਸੀਨੇ ’ਚੋਂ ਜੇ ਗਾਇਬ ਧੜਕਣ
ਤਾਂ ਸੁਫ਼ਨਿਆਂ ਦੇ ਨਿਰਤ ਲਈ ਮੰਚ ਨਹੀਂ
ਜ਼ਹਿਰੀਲੇ ਨਾਗ ਸ਼ੂਕਰ ਲਈ
ਵਰਮੀ ਵਾਂਗ ਵੀ ਉਪਯੋਗ ਹੁੰਦਾ ਹੈ ਸੀਨਾ।
ਘੂਕ ਸੁੱਤੀ ਬਸਤੀ ’ਚ
ਰੌਸ਼ਨਦਾਨਾਂ ’ਚੋਂ ਝਾਕਦੀਆਂ ਲੋਆਂ
ਗਲ਼ੀਆਂ ਦੇ ਉਜੱਡ ਹਨੇਰਿਆਂ ਨਾਲ
ਕਰਦੀਆਂ ਯਾਦਗਾਰੀ ਮੁਲਾਕਾਤਾਂ।
ਕਦੋਂ ਅਪਣਾਇਆ ਹੈ ਦੁਬਾਰਾ
ਹਰਿਆਲੇ ਬਿਰਖ ਨੇ
ਘੁਣ ਖਾਧੀ ਟੁੱਟੀ ਸ਼ਾਖ ਨੂੰ
ਕਦੋਂ ਖ਼ਤਮ ਹੋਏ ਨੇ ਧੜਕਣਾਂ ਦੇ ਬਨਵਾਸ
ਕਦੋਂ ਆਬਾਦ ਹੋਏ ਨੇ ਖੰਡਰਾਤ ਸੀਨੇ।
ਸੰਪਰਕ: 98155-34653
* * *
ਬੈਟ ਮੈਨ
ਸਰਿਤਾ ਤੇਜੀ
ਰਬੜ ਦੀ ਨਿੱਕੀ ਜਿਹੀ ਕਾਟੋ
ਸਾਥੀ, ਬਚਪਨ ਦੀਆਂ ਖੇਡਾਂ ਦੀ
ਬਿਰਖਾਂ ’ਤੇ ਨਾ ਦੌੜਦੀ ਹੁਣ
ਬਸ, ਬਾਲਮਨ ਦੀਆਂ ਉਮੰਗਾਂ,
ਭਾਵਨਾਵਾਂ ਨੂੰ ਵੇਂਹਦੀ
ਨਿੱਕੇ ਅਣਭੋਲ ਹੱਥਾਂ ਦੀ ਛੋਹ ਸਮੇਟੀ
ਬੰਦ ਹੈ ਬੈੱਡ ਬਕਸੇ ਅੰਦਰ।
ਟਹਿਕਦੀ ਨਾ ਚਹਿਕਦੀ, ਨਾ ਕੁਝ ਕਹਿੰਦੀ।
ਨਿੱਕੀਆਂ-ਨਿੱਕੀਆਂ ਕਈ ਕਾਰਾਂ
ਜੋ ਨਿੱਤ ਨੰਨ੍ਹੇ ਹੱਥਾਂ ਨਾਲ
ਗਤੀ ਫੜ, ਘਰ ਦੇ ਖ਼ੌਰੇ
ਕਿਸ ਖੂੰਜੇ ਜਾ ਵੜਦੀਆਂ
ਖੜ੍ਹੀਆਂ ਨੇ ਖ਼ਾਮੋਸ਼, ਨਿੰਮੋਝੂਣੀਆਂ ਜਿਹੀਆਂ।
ਸ਼ੋਅਕੇਸ ’ਚ ਸਜਿਆ ਬੈਠਾ
ਉਤੇਜਨਾ, ਆਵੇਗ ਨੂੰ ਸਾਂਭੀ
ਇੱਕ ਰੋਬੋਟ ... ਨਿਰਜਿੰਦ
ਉਸ ਨਾਲ ਖੇਡਣ ਵਾਲੇ ਨੂੰ
ਖਿਡਾ ਰਿਹਾ ਹੈ ਪਰਦੇਸ ’ਚ ਰੁਜ਼ਗਾਰ
ਮਮਟੀ ’ਤੇ ਟੰਗਿਆ
ਉੱਡ ਉੱਡ ਜਾਲੇ ਬੁਣਦਾ ‘ਸਪਾਈਡਰ ਮੈਨ’
ਉਲਝਿਆ ਪਿਆ ਹੈ
ਭਵਿੱਖ ਬਣਾਉਣ ਦੇ ਮੱਕੜਜਾਲ਼ ਅੰਦਰ।
ਨਿੱਤ ਮੋਹ ਨਾਲ ਮਿੱਟੀ ਝਾੜਦੀ
ਪੁੱਤਰਾਂ ਦੇ ਖੇਡ ਖਿਡੌਣਿਆਂ ਤੋਂ
ਅੰਦਰ ਉਦਾਸੀ ਦੀ ਕੁੰਡਲੀ ਮਾਰੇ
ਸਹਿਕ ਉੱਠਦੀ ਹੈ ਮਾਂ ਦੀ ਮਮਤਾ।
ਸੋਚਦੀ ਹਾਂ, ਵਕਤ ਦੇ ਤਕਾਜ਼ੇ
ਕੇਡੇ ਨਿਰਦਈ ਹੁੰਦੇ।
ਝੱਟ ਹੀ ਜ਼ਿੰਦਗੀ ਦੀ ਖਿੱਚੋਤਾਣ
ਖਿੱਚ ਕੇ ਕੰਨੀ, ਲਾਹ ਦੇਂਦੀ ਹੈ ਹੇਠ
ਅੰਬਰੀਂ ਉੱਡਦੀਆਂ ਬੇਖ਼ੌਫ਼ ਪਤੰਗਾਂ
ਜਵਾਨੀ ਦੇ ਵੇਗ ’ਚ ਉੱਡ ਪੁੱਡ ਜਾਂਦੀਆਂ
ਬਾਲਪਨ ਦੀਆਂ ਉਮੰਗਾਂ
ਮਮਤਾ ਤੇ ਅਸੀਸਾਂ ਦੀਆਂ ਬੁੱਕਾਂ ਭਰ
ਘੱਲਦੀ ਹੈ ਮਾਂ ਫੋਨ ਰਾਹੀਂ ਨਿੱਤ
ਫਿਰ ਇੱਕ ਰੋਜ਼ ਜਦ ਉਹ
ਚਾਅ ਨਾਲ ਵਿਖਾਉਂਦੈ
ਆਪਣੇ ਖੇਡ ਖਿਡੌਣਿਆਂ ’ਚ ਹੋਇਆ
ਇੱਕ ਹੋਰ ਇਜ਼ਾਫ਼ਾ।
ਲੰਬੇ ਲਬਾਦੇ ’ਚ ਅੱਖਾਂ ’ਤੇ
ਮਾਸਕ ਲਾਈ, ਉੱਡਣ ਨੂੰ ਤਿਆਰ
ਇੱਕ ‘ਬੈਟ ਮੈਨ’...
ਸਹਿਜ ਹੀ ਉਤਰ ਆਉਂਦੀ ਹੈ
ਮੇਰੇ ਹੋਠਾਂ ’ਤੇ ਵੱਡੀ ਮੁਸਕਾਨ।
‘ਬੈਟ ਮੈਨ’ ਫੜੀ ,ਓਹਦੇ ਨੈਣਾਂ ਦੀ ਲਿਸ਼ਕੋਰ
ਲੱਭ ਲੈਂਦੀ ਹੈ ਫਿਰ ਤੋਂ
ਕਿਸੇ ਖੂੰਜੇ ਵਿੱਚੋਂ ਆਪਣਾ
‘ਗੁਆਚਾ ਬਚਪਨ’।
ਸੰਪਰਕ: 96468-48766
* * *
ਗ਼ਜ਼ਲ
ਦਾਦਰ ਪੰਡੋਰਵੀ
ਹਾਦਸਾ ਅੱਜ ਤਕ ਕਿਸੇ ਖਿੱਤੇ ’ਚ ਇਹ ਹੋਇਆ ਨਹੀਂ।
ਲਾਲਸਾਵਾਂ ਮਰਦੀਆਂ ਨੇ, ਆਦਮੀ ਮਰਦਾ ਨਹੀਂ।
ਕਿਸ ਤਰ੍ਹਾਂ ਦੇ ਜੰਗਲਾਂ ’ਚੋਂ ਪੈ ਗਿਆ ਹੈ ਲੰਘਣਾ,
ਪੱਤੇ ਹੀ ਪੱਤੇ ਨੇ ਰੁੱਖਾਂ ’ਤੇ ਕਿਤੇ ਸਾਇਆ ਨਹੀਂ।
ਮੰਨਿਆ ਮੇਰੇ ਵੀ ਖੰਭਾਂ ਵਿੱਚ ਨਹੀਂ ਹੁਣ ਉਹ ਉਡਾਣ,
ਪਰ ਇਹ ਅੰਬਰ ਵੀ ਤਾਂ ਹੁਣ ਪਹਿਲਾਂ ਜਿਹਾ ਦਿਸਦਾ ਨਹੀਂ।
ਕਿਸ ਮਨੋਂ ਬਿਰਤੀ ਦੇ ਹੱਥੋਂ ਮੋਮ ਪੱਥਰ ਹੋ ਗਿਐ,
ਤਪਸ਼ ਤਾਂ ਲੋਹੜੇ ਦੀ ਹੈ ਪਰ ਫਿਰ ਵੀ ਇਹ ਢਲਦਾ ਨਹੀਂ।
ਜਿਸ ਦੇ ਇੱਕ ਪੱਤੇ ’ਤੇ ਵੀ ਇਤਰਾਜ਼ ਉੱਠਦੇ ਸੀ ਬਹੁਤ,
ਇਸ ਤਰ੍ਹਾਂ ਦਾ ਹੁਣ ਕਦੇ ਜੰਗਲ ਹਰਾ ਹੋਣਾ ਨਹੀਂ।
ਦਿਲ ’ਚੋਂ ਇੱਕੋ ਵਕਤ ਅੱਜਕੱਲ੍ਹ ਦੋ ਆਵਾਜ਼ਾਂ ਆਉਂਦੀਆਂ,
ਇਹ ਨਗਰ ਹੁਣ ਆਪਣਾ ਹੈ ਇਹ ਨਗਰ ਅਪਣਾ ਨਹੀਂ।
ਮੈਂ ਨਿਕਲ ਚੁੱਕਾਂ ਕਦੋਂ ਦਾ ਛਤਰੀਆਂ ਦੀ ਓਟ ’ਚੋਂ,
ਹੁਣ ਕਿਸੇ ਬਾਰਿਸ਼ ’ਚ ਮੇਰੇ ਰੰਗ ਨੇ ਖੁਰਨਾ ਨਹੀਂ।
ਸੰਪਰਕ: 0034602153704
* * *
ਗੁਣਗਾਨ
ਸਿਮਰਜੀਤ ਕੌਰ ਗਰੇਵਾਲ
ਰਾਜੇ ਦਾ ਗੁਣਗਾਨ ਕਰੇਂਦਿਆ,
ਲੋਕਾਂ ਦਾ ਨੁਕਸਾਨ ਕਰੇਂਦਿਆ।
ਕਦੇ ਤਾਂ ਝਾਤੀ ਮਾਰ ਲਿਆ ਕਰ,
ਕਦੇ ਤਾਂ ਕੁਝ, ਵਿਚਾਰ ਲਿਆ ਕਰ।
ਕਾਹਤੋਂ ਐਨੇ ਕੁਫ਼ਰ ਤੂੰ ਤੋਲੇਂ,
ਕਿਹਾ ਜਾਏ ਜੋ, ਉਹੀ ਬੋਲੇਂ।
ਮਰ-ਮਿਟਿਆ ਚੰਦ ਛਿੱਲੜਾਂ ਉੱਤੇ,
ਜਿਉਂ ਰਿਹਾ ਏਂ, ਸੁੱਤੇ-ਸੁੱਤੇ।
ਜਾਗਣ ਦਾ ਨਾ, ਆਹਰ ਕਰਿਆ,
ਸਿਰਫ਼ ਤਿਜੌਰੀ ਨੂੰ ਹੀ ਭਰਿਆ।
ਜਿੱਦਣ ਦਾ ਦਰਬਾਰੀਂ ਵੜਿਆ,
ਲੋਕਾਂ ਨਾਲ ਕਦੇ ਨਾ ਖੜ੍ਹਿਆ।
ਉਨ੍ਹਾਂ ਤੈਨੂੰ ਮਾਫ਼ ਨਾ ਕਰਨਾ,
ਜੋ ਕੀਤੈ, ਉਹ ਪੈਣਾ ਭਰਨਾ।
ਮਾਨਵਤਾ ’ਤੇ ਭਾਰ ਤੂੰ ਬਣਿਆ,
ਦੇਸ਼ ਲਈ ਗ਼ਦਾਰ ਤੂੰ ਬਣਿਆ।
ਹਾਲੇ ਵੀ, ਖ਼ਿਆਲ ਤੂੰ ਕਰ ਲੈ,
ਗੁੰਮਸ਼ੁਦਾ ਦੀ, ਭਾਲ਼ ਤੂੰ ਕਰ ਲੈ।
ਗੁੰਮਸ਼ੁਦਾ ਹੈ ਤੇਰੀ ਜ਼ਮੀਰ,
ਨੈਤਿਕਤਾ ਹੈ ਲੀਰੋ-ਲੀਰ।
ਆਪਾ ਕਦੇ ਜਗਾ ਕੇ ਵੇਖੀਂ,
ਅੱਖਾਂ ਵਿੱਚ ਅੱਖ, ਪਾ ਕੇ ਵੇਖੀਂ।
ਬੌਣਾ ਜਿਹਾ ਕਿਰਦਾਰ ਦਿਸੂਗਾ,
ਝੂਠ ਦਾ ਫੋੜਾ, ਖ਼ੂਬ ਰਿਸੂਗਾ।
ਕਰ ਲੈ ਸਾਫ਼-ਸਫ਼ਾਈ ਦਿਲ ਦੀ,
ਸੁਣ ਲੈ ਹਾਲ-ਦੁਹਾਈ ਦਿਲ ਦੀ।
ਜੱਗ ’ਤੇ ਆਇਓਂ, ਜਿਉਂ ਕੇ ਵੇਖੀਂ,
ਦਿਲ ਜੋ ਪਾੜੇ, ਸਿਉਂ ਕੇ ਵੇਖੀਂ।
ਮਾਨਸ-ਜਾਮਾ ਨਿੱਤ ਮਿਲੇ ਨਾ,
ਜ਼ਿੰਦਗੀ ਦਾ ਫੁੱਲ, ਨਿੱਤ ਖ਼ਿਲੇ ਨਾ।
ਬੰਦਾ ਏਂ, ਰਹਿ ਬਣਕੇ ਬੰਦਾ,
ਛੱਡ ਦੇ, ਕੂੜ-ਕਪਟ ਦਾ ਧੰਦਾ।
ਸਾਂਝਾਂ ਦੀ ਸ਼ਹਿਨਾਈ ਬਣ ਜਾ,
‘ਸਿਮਰ’ ਤੂੰ ’ਵਾਜ਼ ਲੋਕਾਈ ਬਣ ਜਾ।
* * *
ਟਫ ਤੋਂ ‘ਟਫ’ ਤਕ
ਦੀਪਿਕਾ ਅਰੋੜਾ
ਕਦੇ-ਕਦੇ ਸੋਚਦੀ ਹਾਂ
ਕਿ ਕਿੰਨੀ ਟੱਫ ਹੈ ਜ਼ਿੰਦਗੀ
ਅਸ਼ਾਂਤ ਮਨ ਲਗਾਉਣ ਲੱਗਦਾ
ਗਹਿਰੇ ਸਮੁੰਦਰੀਂ ਅਚਨਚੇਤ ਚੁੱਭੀਆਂ
ਪਰਤ ਦਰ ਪਰਤ ਗੁਆਚੀ ਸੋਚ
ਘੜਨ ਲੱਗਦੀ
ਸਹਿਜੇ ਹੀ ਨਵੀਂ ਨਿਵੇਕਲੀਆਂ ਅਨੇਕਾਂ ਪਰਿਭਾਸ਼ਾਵਾਂ
ਕੀ ਹਨ ਅਸਲ ਮਾਅਨੇ
ਇਸ ਛੋਟੇ ਜਿਹੇ ਪ੍ਰਤੀਤ ਹੁੰਦੇ ਲਫ਼ਜ਼ ਟਫ ਦੇ
ਰਾਤ ਸੁਫ਼ਨੇ ਡਿੱਠਾ ਅਕਾਸ਼
ਦਿਨ ਦੇ ਉਜਾਲੇ ਨਾ ਪਾ ਸਕਣਾ
ਜਾਂ ਫਿਰ
ਪਾਗਲ ਮਨ ਦੀਆਂ ਮੋਹ ਭਿੱਜੀਆਂ ਰੀਝਾਂ ਦਾ
ਦੁਨਿਆਬੀ ਤਵੀ ’ਤੇ ਸੜ ਸੁਆਹ ਹੋ ਮੁੱਕਣਾ
ਹਿੰਮਤਾਂ-ਨਿਆਮਤਾਂ ਨੂੰ ਕਦੇ ਵੀ ਬਣਦਾ ਹੱਕ ਨਾ ਮਿਲਣਾ
ਜਾਂ ਫਿਰ
ਆਪਣੇ ਵਜੂਦ ਦੀ ਤਲਾਸ਼ ’ਚ
ਕਸਤੂਰੀ ਮਿਰਗ ਵਾਂਗ ਬੀਆਬਾਨ ਜੰਗਲੀਂ ਭਟਕਦੇ ਫਿਰਨਾ
ਜਬਰਨ ਹੋਈਆਂ ਵਸੂਲੀਆਂ ਮਨ ਦੇ ਕੋਨਿਓਂ ਕਦੇ ਨਾ ਕੱਢ ਸਕਣਾ
ਜਾਂ ਕਿ
ਖਿਲਰਦੇ ਆਲ੍ਹਣੇ ਨੂੰ ਸਮੇਟਣ ਦੀ ਕਵਾਇਦ ’ਚ
ਖ਼ੁਦ ਦੀ ਮਾਸੂਮੀਅਤ ਦਾ ਖੇਰੂੰ-ਖੇਰੂੁੰ ਹੋ ਜਾਣਾ
ਸ਼ਬਦ ਪਰਭਾਸ਼ਿਤ ਕਰਨ ਦੀ ਇਸ ਅੰਤਹੀਣ ਪ੍ਰਕਿਰਿਆ ’ਚ
ਜਿਵੇਂ ਉਲਝ ਕੇ ਰਹਿ ਗਈ ਹੈ ਜ਼ਿੰਦਗੀ
ਟਫ ਦਾ ਮਤਲਬ ਭਾਲਦੀ
ਸ਼ਾਇਦ ਖ਼ੁਦ ਵੀ ਤਾਂ ਕਿੰਨੀ ‘ਟਫ’ ਹੋ ਗਈ ਹਾਂ ਮੈਂ...
ਸੰਪਰਕ: 90411-60739