For the best experience, open
https://m.punjabitribuneonline.com
on your mobile browser.
Advertisement

ਕਾਵਿ ਕਿਆਰੀ

07:33 AM May 12, 2024 IST
ਕਾਵਿ ਕਿਆਰੀ
Advertisement

ਜਾਦੂਗਰੀ...

ਤ੍ਰੈਲੋਚਨ ਲੋਚੀ 

Advertisement

ਘੂਕ ਸੁੱਤੇ ਬੱਚੇ ਨੂੰ
ਨਿਹਾਰਦੀ ਮਾਂ...
ਨਿੰਮਾ ਨਿੰਮਾ ਮੁਸਕਾਉਂਦੀ
ਅਜਬ ਖ਼ੁਮਾਰੀ ਨਾਲ ਭਰ ਗਈ...
ਬੱਚਾ ਨੀਂਦ ’ਚ ਤ੍ਰਭਕਿਆ
ਮਾਂ ਦੀਆਂ ਆਂਦਰਾਂ ਦਾ
ਰੁੱਗ ਭਰਿਆ ਗਿਆ ਜਿਵੇਂ...
ਗਿੱਲੇ ਬਿਸਤਰੇ ’ਤੇ
ਬੱਚਾ ਰੋਇਆ
ਤਾਂ ਮਾਂ ਪੋਤੜਾ ਬਣ ਗਈ
ਬੱਚਾ ਰਿਹਾੜ ਕਰਨ ਲੱਗਾ
ਮਾਂ ਲਾਡ ਬਣ ਗਈ...
ਬੱਚੇ ਨੂੰ ਭੁੱਖ ਲੱਗੀ
ਮਾਂ ਚੋਗ ਬਣ ਗਈ
ਕਿਲਕਾਰੀਆਂ ਮਾਰਦਾ ਬੱਚਾ
ਮਾਂ ਦੀ ਗੋਦ ’ਚ ਖੇਡਣ ਲੱਗਾ...
ਮਾਂ ਦੀ
ਇਹ ਜਾਦੂਗਰੀ ਦੇਖ ਕੇ
ਰੱਬ ਵੀ
ਹੈਰਾਨ ਹੁੰਦਾ ਹੋਵੇਗਾ ਜ਼ਰੂਰ
ਰੱਬ ਵੀ
ਹੈਰਾਨ ਹੁੰਦਾ ਹੋਵੇਗਾ ਜ਼ਰੂਰ...।
ਸੰਪਰਕ: 98142-53315
* * *

ਮਾਂ ਮੇਰੀ ਦਾ ਏਡਾ ਜੇਰਾ

ਗੁਰਦੀਸ਼ ਕੌਰ ਗਰੇਵਾਲ

ਮਾਂ ਮੇਰੀ ਦਾ ਏਡਾ ਜੇਰਾ, ਮੈਨੂੰ ਕੁਝ ਸਮਝਾਉਂਦਾ ਨੀ।
ਰੁੱਖਾਂ ਜਿਹੀ ਜੀਰਾਂਦ ਦਾ ਜੀਣਾ, ਮੈਨੂੰ ਆਖ ਸੁਣਾਉਂਦਾ ਨੀ।
ਪਰਬਤ ਵਰਗਾ ਜੇਰਾ ਮਾਂ ਦਾ, ਜ਼ਖ਼ਮ ਅਸਾਡੇ ਸੀ ਲੈਂਦੀ।
ਆਪਣੇ ਗ਼ਮ ਨੂੰ ਅੰਦਰੇ ਸਾਂਭੇ, ਸਾਡੇ ਗ਼ਮ ਨੂੰ ਪੀ ਲੈਂਦੀ।
ਕੋਈ ਨਾ ਸਾਡੇ ਅੱਥਰੂ ਪੂੰਝੇ, ਕੋਈ ਨਾ ਹੋਰ ਵਰਾਉਂਦਾ ਨੀ
ਮਾਂ ਮੇਰੀ...
ਉਹਦੇ ਬੋਲਾਂ ਦੇ ਵਿੱਚ ਮਿਸ਼ਰੀ, ਕਦੇ ਨਾ ਕੌੜਾ ਬੋਲੇ ਨੀ।
ਜਣੇ ਖਣੇ ਦੇ ਕੋਲ ਕਦੇ ਨਾ, ਦਿਲ ਦੀ ਘੁੰਡੀ ਖੋਲ੍ਹੇ ਨੀ।
ਜ਼ਿੰਦਗੀ ਦਾ ਹਰ ਪਲ ਉਹਦਾ, ਸਤਿ ਸੰਤੋਖ ਸਿਖਾਉਂਦਾ ਨੀ।
ਮਾਂ ਮੇਰੀ...
ਦੁੱਖਾਂ ਵਾਲੇ ਸਮੇਂ ਬਥੇਰੇ, ਸਿਰ ਉਹਦੇ ਤੋਂ ਲੰਘੇ ਨੀ।
ਭਲਾ ਬੁਰਾ ਨਾ ਕਿਸੇ ਨੂੰ ਆਖੇ, ਖ਼ੈਰਾਂ ਸਭ ਦੀਆਂ ਮੰਗੇ ਨੀ।
‘ਨਾ ਕੋ ਬੈਰੀ ਨਹੀ ਬਿਗਾਨਾ’, ਇਹੀ ਪਾਠ ਪੜ੍ਹਾਉਂਦਾ ਨੀ
ਮਾਂ ਮੇਰੀ...
ਮਾਂ ਤਾਂ ਸੰਘਣੀ ਛਾਂ ਦਾ ਰੁੱਖੜਾ, ਦੇਵੇ ਠੰਢੀਆਂ ਛਾਵਾਂ ਨੀ।
ਬਿਨ ਮੰਗੇ ਹੀ ਸਭ ਨੂੰ ਦੇਵੇ, ਸੱਚੇ ਦਿਲੋਂ ਦੁਆਵਾਂ ਨੀ।
ਦਰੀਆਂ, ਖੇਸ ਤੇ ਸਾਲੂ ਦਾ ਫੁੱਲ, ਉਹਦੀ ਯਾਦ ਕਰਾਉਂਦਾ ਨੀ।
ਮਾਂ ਮੇਰੀ...
ਪਿੰਡ ਆਪਣੇ ਦੇ ਵਿੱਚ ਉਸ ਤਾਂ, ਇੱਜ਼ਤ ਬੜੀ ਕਮਾਈ ਨੀ।
ਅੱਜ ਉਹਦੀ ਫੁਲਵਾੜੀ ਉੱਤੇ, ਮਿਹਨਤ ਰੰਗ ਲਿਆਈ ਨੀ।
ਸ਼ੀਸ਼ੇ ਵਰਗੇ ਨਿਰਮਲ ਮਨ ਦਾ, ‘ਦੀਸ਼’ ਨੂੰ ਮੋਹ ਸਤਾਉਂਦਾ ਨੀ।
ਮਾਂ ਮੇਰੀ...
ਸੰਪਰਕ: +91-98728-60488 (ਵੱਟਸਐਪ)
* * *

ਇਹ ਨਿੱਕੀਆਂ ਗੁੱਤਾਂ

ਜੋਧ ਸਿੰਘ ਮੋਗਾ

ਬਾਲਕੋਨੀ ’ਚੋਂ ਮੈਂ ਰੋਜ਼ ਹੀ ਦੇਖਾਂ,
ਨਿੱਕੀਆਂ ਗੁੱਤਾਂ ਤੇ ਨਿੱਕੀਆਂ ਕੁੜੀਆਂ,
ਨਿੱਕੇ ਬਸਤੇ, ਇਹ ਕਿਸਮਤ ਪੁੜੀਆਂ,
ਸੁੱਚੇ ਹਿਰਦੇ, ਸੁੱਚਾਂ ਨਾਲ ਜੁੜੀਆਂ,
ਮਿੱਡ-ਡੇ-ਮੀਲ ਖਾ ਛੇਤੀ ਮੁੜੀਆਂ,
ਪਰ ਮੈਨੂੰ ਦਿਸਣ ਥੁੜੀਆਂ ਥੁੜੀਆਂ।
ਅੱਜ ਮਾਪੇ ਸੋਚਣ ਉੱਚ ਹਵਾਵਾਂ,
ਪੜ੍ਹ ਲਿਖ ਕੇ ਹੋਵਣ ਸਾਡੀਆਂ ਬਾਹਵਾਂ,
ਉੱਡਣ ਅਕਾਸ਼ੀਂ ਤੇ ਠੰਢੀਆਂ ਛਾਵਾਂ,
ਕੋਈ ਟੀਸੀ ਮੱਲਣ ਤੇ ਉੱਚੀਆਂ ਥਾਵਾਂ,
ਜਿੱਥੇ ਅੱਪੜੇ, ਕੋਈ ਟਾਵਾਂ ਟਾਵਾਂ।
ਅੱਜ ਵਗੇ ਵਰੋਲਾ ਤੇ ਪੰਧ ਲੰਮੇਰੇ,
ਫਸ ਨਾ ਜਾਵਣ, ਕਿਸੇ ਘੁੰਮਣਘੇਰੇ,
ਕਿਤੇ ਰੁਲ ਨਾ ਜਾਵਣ ਵਿੱਚ ਘੁੱਪ ਹਨੇਰੇ,
ਅਣਹੋਣੀ ਫਿਰਦੀ ਪਈ ਚਾਰ ਚੁਫ਼ੇਰੇ।
ਪਰ ਮੈਂ
ਨਾ ਸਿਖਰਾਂ ਲੋਚਾਂ, ਨਾ ਦਿਲ ਪਰਚਾਵਾਂ,
ਐਵੇਂ ਨਾ ਬਸ, ਵਾ-ਕਿਲੇ ਬਣਾਵਾਂ।
ਜੋ ਵੀ ਲੱਭੇ ਬਸ ਹਾਣੀ ਹੋਵੇ,
ਨਸ਼ਾ-ਮੁਕਤ ਉਹਦੀ ਢਾਣੀ ਹੋਵੇ,
ਕੌੜ ਬਿਨਾਂ, ਮਿੱਠ ਬਾਣੀ ਹੋਵੇ,
ਰੱਜਵੀਂ ਪਰ ਸੁੱਚੀ ਖਾਣੀ ਹੋਵੇ।
ਇਧਰ-ਉਧਰ ਸਭ ਨੈਣ ਵਿਛਾਵਣ,
ਉਧਰ ਹੋਵਣ, ਸਭ ਸ਼ਗਨ ਮਨਾਵਣ,
ਇਧਰ ਆਵਣ ਤਾਂ ਫੁੱਲ ਖਿੜਾਵਣ,
ਦੋਵੇਂ ਪਾਸੇ ਸੁਖ ਖ਼ੈਰ ਮਨਾਵਣ।
ਮੈਂ ਤਾਂ ਬਸ, ਐਨਾ ਹੀ ਸੋਚਾਂ,
ਇਹ ਹੀ ਸਵਰਗ ਇਨ੍ਹਾਂ ਲਈ ਲੋਚਾਂ,
ਇਹ ਨਿੱਕੀਆਂ ਗੁੱਤਾਂ, ਇਹ ਨਿੱਕੀਆਂ ਕੁੜੀਆਂ।
ਸੰਪਰਕ: 62802-58057 (ਵੱਟਸਐਪ)

Advertisement
Author Image

Advertisement
Advertisement
×