ਕਾਵਿ ਕਿਆਰੀ
ਨਗੀਨੇ
ਪ੍ਰੋ. ਸਾਧੂ ਸਿੰਘ
ਜੁਗਨੂੰ ਏਧਰ ਬੁਝਦੇ, ਔਧਰ ਜਗਦੇ ਰਹੇ।
ਅਸੀਂ ਨਿਆਣੇ ਬਾਲਕ, ਪਿੱਛੇ ਭੱਜਦੇ ਰਹੇ।
ਆਈ ਪੱਤਝੜ ਪੱਤਾ ਪੱਤਾ ਸੂਤ ਗਈ
ਬੂਟੇ ਸਿਰ ਤੋਂ ਪੈਰਾਂ ਤੀਕਰ ਸਜਦੇ ਰਹੇ।
ਮੁੰਦਰੀ ਦੇ ਵਿੱਚ ਭਾਵੇਂ ਕਿਸੇ ਜੜਾਇਆ ਨਾ
ਅਸੀਂ ਨਗੀਨੇ ਰੇਤੇ ਵਿੱਚ ਵੀ ਦਗ਼ਦੇ ਰਹੇ।
ਗਿੱਲੇ ਗੋਹੇ ਵਾਕਣ ਧੁਖ਼ ਧੁਖ਼ ਮੱਚੇ ਸੀ
ਐਵੇਂ ਨਹੀਂ ਅੰਗਿਆਰਾਂ ਵਾਂਗੂੰ ਮਘਦੇ ਰਹੇ।
ਡੋਲੀ ਅੰਦਰ ਕੂਕਾਂ ਚੀਕਾਂ ਫਰਿਆਦਾਂ
ਬੈਂਡ ਬੰਸਰੀ ਵਾਜੇ ਢੋਲਕ ਵਜਦੇ ਰਹੇ।
ਵਾਛੜ ਦਾ ਮੀਂਹ ਅਗਲੇ ਵਿਹੜੇ ਵਰ੍ਹੀ ਗਿਆ
ਬੱਦਲ ਸਾਡੇ ਕੋਠੇ ਉੱਤੇ ਗੱਜਦੇ ਰਹੇ।
ਹਾਥੀ ਆਪਣੀ ਮਸਤ ਚਾਲ ਹੀ ਤੁਰੀ ਗਿਆ
ਕੁੱਤੇ ਬਿੱਲੇ ਲੱਤਾਂ ਦੇ ਵਿੱਚ ਵਜਦੇ ਰਹੇ।
ਹੋ ਕੇ ਸੱਤ-ਬੇਗਾਨੇ ਤੁਰਦੇ ਮੀਤ ਗਏ
ਐਵੇਂ ਸਾਨੂੰ ਆਪਣੇ ਆਪਣੇ ਲਗਦੇ ਰਹੇ।
ਲੰਮੀਆਂ ਉਡਾਰੀਆਂ
ਸੁਹਿੰਦਰ ਬੀਰ
ਤੁਰ ਗਏ ਪਾਰ ਸਮੁੰਦਰੋਂ ਜਿਹੜੇ
ਲੰਮੀਆਂ ਮਾਰ ਉਡਾਰੀਆਂ ਨੇ।
ਮਾਰੀਆਂ ਜਿਨ੍ਹਾਂ ਉਡਾਰੀਆਂ ਉਨ੍ਹਾਂ
ਝੱਲੀਆਂ ਬਹੁਤ ਖੁਆਰੀਆਂ ਨੇ।
ਧਰਤੀ ਦੇ ਮੋਹ ਦੀਆਂ ਤੰਦਾਂ
ਸਾਹਾਂ ਦੇ ਵਿੱਚ ਰਚਦੀਆਂ ਨੇ।
ਵਤਨੋਂ ਦੂਰ ਵਸੇਂਦੀਆਂ ਜਿੰਦਾਂ
ਘਰ ਲਈ ਹਾਉਕੇ ਭਰਦੀਆਂ ਨੇ।
ਵੇਦਨ ਬਣਕੇ ਧੁਖਦੀ ਦੇਹੀ ਬੀਤੀਆਂ ਜਦੋਂ ਚਿਤਾਰੀਆਂ ਨੇ...
ਰੋਟੀ-ਰੋਜ਼ੀ ਲੱਭਦੇ ਲੱਭਦੇ
ਮਾਂ-ਧਰਤੀ ਤੋਂ ਦੂਰ ਗਏ।
ਐਸਾ ਕਹਿਰ ਪਿਆ ਧਰਤੀ ’ਤੇ
ਲੱਖ ਪੂਰਾਂ ਦੇ ਪੂਰ ਗਏ।
ਮੱਥਿਆਂ ਦੇ ਵਿੱਚ ਰਹਿ ਗਈਆਂ ਕੁਝ ਯਾਦਾਂ ਪਿਆਰੀਆਂ ਪਿਆਰੀਆਂ ਨੇ...
ਅੱਜਕੱਲ੍ਹ ਦੇ ਤਾਂ ਸਾਰੇ ਰਹਿਬਰ ਮਾਇਆ ਦੇ ਵਿੱਚ ਗਰਕੇ ਨੇ।
ਭਗਤ ਸਿੰਘ, ਸੁਖਦੇਵ, ਗੁਰੂ ਦੇ ਪੰਧ ਤੋਂ ਵੇਖੇ ਥਿੜਕੇ ਨੇ।
ਸੋਨ-ਸੁਨਹਿਰੀ ਧਰਤੀ ’ਤੇ ਕਿਸ ਕਾਲੀਆਂ ਲੀਕਾਂ ਮਾਰੀਆਂ ਨੇ?
ਕੈਸਾ ਵਤਨ ਤੇ ਕੈਸੀ ਉਲਝਣ
ਕੀ ਦੱਸ ਇਸ ’ਤੇ ਮਾਣ ਕਰਾਂ?
ਕਾਲੇ ਪੰਨੇ ਕਾਲੀ ਉਕਤੀ
ਕੀਕਣ ਮੈਂ ਪਰਵਾਨ ਕਰਾਂ?
ਜਾਗ ਪਉ ਹੁਣ ਸੁੱਤਿਓ ਲੋਕੋ!
ਸੱਧਰਾਂ ਕਿਉਂ ਵਿਸਾਰੀਆਂ ਨੇ?
ਸੰਪਰਕ: 9855204102, 001-623-273-7795
* * *
ਕ੍ਰਾਂਤੀ ਦੇ ਅਰਥ
ਅੰਮ੍ਰਿਤ ਪਾਲ ਸਿੰਘ
ਮੌਕਾਪ੍ਰਸਤੀ ਦਾ ਨਾਚ
ਲਾਲਚ ਦੀ ਤਾਲ ਉੱਤੇ
ਹੁੰਦਾ ਦੇਖਿਆ ਤੁਸੀਂ?
ਪੈਰਾਂ ਹੇਠਾਂ ਲਿਤਾੜੇ ਜਾ ਰਹੇ ਜਜ਼ਬੇ
ਪੁਕਾਰ ਰਹੇ ਤੁਹਾਨੂੰ
ਸੁਣੇ ਜਾਂ ਫਿਰ ਅਣਸੁਣੇ ਕਰ ਦਿੱਤੇ?
ਜਿਨ੍ਹਾਂ ਮਗਰ ਤੁਰੇ ਉਹ ਕਹਿੰਦੇ ਸੀ
‘ਦੂਰ ਤੱਕ ਚੱਲਾਂਗੇ’
ਵਧੀਆ ਹੈ ਲੰਮੇਰਾ ਸਾਥ ਤੁਸੀਂ ਸੋਚਿਆ
ਪੈੜਾਂ ’ਚ ਪੈਰ ਧਰ ਪਾਲ਼ੋ-ਪਾਲ਼ ਤੁਰ ਪਏ
ਪਰ ਅੱਗਿਓਂ ਉਹ ਗਾਇਬ ਸੀ
ਦੂਰ ਤੱਕ ਚੱਲਣ ਵਾਲੇ
ਲੋਕ-ਸ਼ਕਤੀ ਜਮਹੂਰੀਅਤ ਹਥਿਆਰ ਤੁਹਾਡਾ
ਨਿਰਬਲ ਕਮਜ਼ੋਰ ਹੱਥੋਂ ਡਿੱਗ ਪਿਆ
ਜਿਨ੍ਹਾਂ ਨਾਲ ਤੰਦ ਜੁੜੀ
ਉਨ੍ਹਾਂ ਦੀ ਲਗਾਮ ਹੋਰ ਹੱਥਾਂ ਵਿੱਚ ਦੇਖ ਹੈਰਾਨ ਕਿਉਂ
ਅੱਜ ਇਹ ਪਹਿਲੀ ਵਾਰ ਤਾਂ ਨਹੀਂ ਹੋਇਆ
ਨਾ ਹੀ ਕੱਲ੍ਹ ਹੋਣੈ ਦੂਸਰੀ ਵਾਰ
ਹੋਣੀ ਹੈ ਵਾਪਰਦੀ ਰਹੇਗੀ ਰੂਪ ਵਟਾ ਹਮੇਸ਼ਾ
ਹਰ ਵਾਰ ਬੇਵੱਸ ਕਸ਼ਮਕਸ਼ ਵਿੱਚ ਕੌਣ ਹੁੰਦਾ?
ਹੁਣ ਇਹਤਿਆਤ ਨਾਲ ਚੱਲਣ ਦੀ ਲੋੜ ਹੈ
ਜੇ ਨਾ ਚੱਲੋੋ ਤਾਂ ਜ਼ਿਆਦਾ ਵਧੀਆ
ਜਿੰਨੀ ਦੇਰ ਕ੍ਰਾਂਤੀ ਦੇ ਅਰਥ
ਨਾ ਕਰ ਸਕੋ।
ਸੰਪਰਕ: 94649-29718