ਕਾਵਿ ਕਿਆਰੀ
ਗੰਨਾ ਨਹੀਂ, ਰੋੜੀ
ਅਤੈ ਸਿੰਘ
ਕਮਾਦ ਦੇ ਖੇਤ ਦਾ
ਹਰ ਬੂਝਾ
ਹਰ ਗੰਨਾ
ਮੁੱਢੋਂ ਆਗ ਤੱਕ
ਥੋੜ੍ਹੇ ਬਹੁਤ ਫ਼ਰਕ ਨਾਲ
ਮਿੱਠਾ ਈ ਹੁੰਦਾ ਏ-
ਕਿਸਾਨ ਵਾਂਗ!
ਉਂਜ ਆਂਹਦੇ ਆ
ਕਿਸਾਨ ਗੰਨਾ ਨਹੀਂ ਦੇਂਦਾ-
ਗੁੜ ਦੀ ਰੋੜੀ ਦੇ ਦੇਂਦਾ ਏ!
ਤੁਸੀਂ ਐਵੇਂ ਗੰਨਾ ਭੰਨਣ ਨਾ ਜਾਇਓ
ਕਮਾਦ ਦੇ ਪੱਛ ਡਾਢੇ ਹੁੰਦੇ ਨੇ-
ਪੂਰੇ ਦਾ ਪੂਰਾ ਪੱਛ ਦੇਂਦੇ ਨੇ!
ਸਬਰ ਕਰੋ
ਓਹਨੇ ਆਪ ਈ ਆਪਣੇ ਵਾਂਗ
ਆਪਣਾ ਗੰਨਾ ਪੀੜ ਕੇ
ਤੁਹਾਨੂੰ ਗੁੜ ਦੀ ਰੋੜੀ ਆਪ ਖੁਆਉਣੀ ਏ!...
ਗ਼ਜ਼ਲ
ਅਜੈ ਤਨਵੀਰ
ਨਗਰ ਵਿੱਚ ਹੈ ਬੜਾ ਚਰਚਾ ਅਜੇ ਵੀ ਇਸ ਕਿਆਮਤ ਦਾ,
ਨਦੀ ਨੂੰ ਵਹਿਮ ਲੈ ਡੁੱਬਾ ਸਮੁੰਦਰ ਦੀ ਮੁਹੱਬਤ ਦਾ।
ਕਲਮ ਸੀ ਹੱਥ ਵਿੱਚ ਕਿਸ ਦੇ ਤੇ ਕਿਸ ਦੇ ਹੱਥ ਵਿੱਚ ਖ਼ੰਜਰ,
ਨਿਤਾਰਾ ਕਰਨਗੇ ਲੋਕੀਂ ਕਦੇ ਸਾਡੀ ਇਬਾਰਤ ਦਾ।
ਤੁਸੀਂ ਇਤਰਾਜ਼ ਕਰਦੇ ਹੋ ਹਵਾ ਕਿਉਂ ਬਣ ਗਈ ਨ੍ਹੇਰੀ,
ਅਸਰ ਆਖਿਰ ਤਾਂ ਹੋਣਾ ਸੀ ਇਹ ਰੁੱਖਾਂ ਦੀ ਸ਼ਹਾਦਤ ਦਾ।
ਬਨੇਰੇ ਦੱਸ ਦਿੰਦੇ ਨੇ ਘਰਾਂ ਦੀ ਦਾਸਤਾਂ ਸਾਰੀ,
ਤੁਹਾਨੂੰ ਕੀ ਦਿਆਂ ਪ੍ਰਮਾਣ ਮੈਂ ਆਪਣੀ ਸ਼ਨਾਖ਼ਤ ਦਾ।
ਦਰਾਂ ਨੂੰ ਹੈ ਅਜੇ ਵੀ ਆਸ ਇੱਕ ਦਿਨ ਦੇਣਗੇ ਦਸਤਕ,
ਉਨ੍ਹਾਂ ਨੂੰ ਫ਼ਿਕਰ ਜੇ ਹੋਇਆ ਕਦੇ ਆਪਣੀ ਵਿਰਾਸਤ ਦਾ।
ਹਨੇਰਾ ਚੀਰਨੇ ਦਾ ਵੱਲ ਅਸੀਂ ਸਿੱਖਿਆ ਟਟਹਿਣੇ ਤੋਂ,
ਤੁਸੀਂ ਕਿਉਂ ਫ਼ਿਕਰ ਕਰਦੇ ਹੋ ਭਲਾ ਸਾਡੀ ਹਿਫ਼ਾਜ਼ਤ ਦਾ।
ਉਪੇਂਦਰ ਨਾਥ, ਮੰਟੋ, ਕਾਸਮੀ, ਦੁਸ਼ਮਣ ਰਹੇ ਭਾਵੇਂ,
ਅਜੇ ਵੀ ਝੂਲਦਾ ਪਰਚਮ ਹੈ ਤਿੰਨਾਂ ਦੀ ਮੁਹੱਬਤ ਦਾ।
ਦਿਲਾਂ ਤੇ ਰਾਜ ਕਰਦਾ ਹੈ ਅਜੇ ਵੀ ਇਸ ਲਈ ਪੋਰਸ,
ਜ਼ਮਾਨੇ ਨੂੰ ਪਤਾ ਸਾਰਾ ਸਿਕੰਦਰ ਦੀ ਸਿਆਸਤ ਦਾ।
ਬੋਦੇ ਖੱਦਰ ਦੀਆਂ ਲੀਰਾਂ ’ਚ ਠਰਦੇ ਬਾਲ ਸੜਕਾਂ ਤੇ,
ਦੁਸ਼ਾਲੇ ਮੰਦਰਾਂ ਵਿੱਚ ਵੰਡਦਾ ਮਾਲਕ ਰਿਆਸਤ ਦਾ।
* * *
ਵਿਸਾਖ ਜਿਹਾ ਰੰਗ
ਗੁਰਦਿੱਤ ਸਿੰਘ ਸੇਖੋਂ
ਵਿਸਾਖ ਜਿਹਾ ਰੰਗ ਜਿਵੇਂ ਕਣਕਾਂ ਨੇ ਪੱਕੀਆਂ।
ਜੇਠ ਦੇ ਵਿਹੜੇ ’ਚ ਆ ਗਈਆਂ ਧੁੱਪਾਂ ਤੱਤੀਆਂ।
ਹਾੜ ਨੇ ਚੋਅ ਲਿਆ ਸੂਹਾ ਰੰਗ ਮੁਟਿਆਰ ਦਾ।
ਰੂਪ ਬਿਜਲੀ ਸਾਉਣ ਦੀ ਲਿਸ਼ਕਾਂ ਹੈ ਮਾਰਦਾ।
ਦੰਦ ਚਿੱਟੇ ਭਾਦੋਂ ’ਚ ਖਿੜੀ ਹੋਈ ਕਪਾਹ ਵਰਗੇ।
ਦਰਸ਼ਨ ਉਹਦੇ ਅੱਸੂ ਵਿੱਚ ਲਏ ਸਾਹ ਵਰਗੇ।
ਚਮਕੇ ਮੁਖੜਾ ਕੱਤਕ ਦੀ ਦੀਵਾਲੀ ਹੋ ਗਿਆ।
ਕੱਢ ਲੈ ਘੁੰਡ ਮੱਘਰ ਵੀ ਕਾਹਲੀ ਹੋ ਗਿਆ।
ਠੰਢਾ ਤੇਰੇ ਜਿਹਾ ਸੁਭਾਅ ਜਮਾ ਹੀ ਪੋਹ ਰੱਖਦਾ।
ਗੱਲ ਮਾਘ ਦੀ ਕਰੇਂ ਦਿਲਾਂ ਵਿੱਚ ਮੋਹ ਰੱਖਦਾ।
ਸੇਖੋਂ ਮਾਰੀਏ ਆਵਾਜ਼ਾਂ ਛੇਤੀ ਛੇਤੀ ਆ ਫੱਗਣਾ।
ਚੇਤ ’ਚ ਆਉਣੀ ਏ ਬਹਾਰ ਸੱਜਣਾਂ ਨੇ ਫੱਬਣਾ।
ਸੰਪਰਕ: 97811-72781