ਕਾਵਿ ਕਿਆਰੀ
ਦੋਹੇ
ਪ੍ਰਿੰ. ਨਵਰਾਹੀ ਘੁਗਿਆਣਵੀ
ਘਟੀਆ ਸਿਆਸਤ ਦੇਸ਼ ਦੀ, ਸਭ ਨੂੰ ਕਰਦੀ ਤੰਗ।
ਉਨ੍ਹਾਂ ਕੋਲੋਂ ਆਸ ਕੀ, ਨੀਤ ਜਿਨ੍ਹਾਂ ਦੀ ਨੰਗ?
ਹਰ ਪਾਸੇ ਬੇਚੈਨੀਆਂ, ਮਨਮਰਜ਼ੀ, ’ਹੰਕਾਰ।
ਹਉਮੈਂ ਵਿੱਚ ਗ੍ਰਸਤ ਹੋ, ਕਰਦੇ ਮਾਰੋ-ਮਾਰ।
ਹੋਈਆਂ ਗਾਇਬ ਮੁਹੱਬਤਾਂ, ਤਲਖ਼ ਦਾ ਮਾਹੌਲ।
ਮੋਢੇ ਧਰਨ ਦੁਨਾਲੀਆਂ, ਡੱਬਾਂ ਵਿੱਚ ਪਸਤੌਲ।
ਗੱਲ ਨਹੀਂ ਸੁਣਦੇ ਕਿਸੇ ਦੀ, ਸਭ ਨੂੰ ਜਾਣਨ ਟਿੱਚ।
ਮੈਅਖ਼ਾਨੇ ਨੂੰ ਦੌੜਦੇ, ਪਤਾ ਨਹੀਂ ਕੀ ਖਿੱਚ!
ਘਰ ਸਭ ਖ਼ਾਲੀ ਹੋ ਗਏ, ਬੱਚੇ ਟੁਰ ਗਏ ਬਾਹਰ।
ਮਾਪੇ ਬੈਠੇ ਝੂਰਦੇ, ਕਰਦੇ ਸੋਚ ਵਿਚਾਰ।
ਨਾ ਹੀ ਰਹੀ ਸਕੂਲ ਵਿੱਚ, ਪਹਿਲਾਂ ਵਾਲੀ ਗੱਲ।
ਗੁੰਮ ਸੁੰਮ ਹੋਈਆਂ ਰੌਣਕਾਂ, ਭਾਰੂ ਹੋਈ ਇਕੱਲ।
‘ਨਵਰਾਹੀ’ ਮਾਯੂਸ ਹੋ, ਕਵਿਤਾ ਲੱਗਾ ਕਹਿਣ।
ਹੋਰ ਜ਼ਿਆਦਾ ਅੱਚਵੀ, ਹੋ ਨਹੀਂ ਸਕਦੀ ਸਹਿਣ।
ਸੰਪਰਕ: 98150-02302
ਹੱਕਾਂ ਦੀ ਪ੍ਰਭਾਤ
ਮਨਮੋਹਨ ਸਿੰਘ ਦਾਊਂ
ਗਿੜਦੇ ਜਾਂਦੇ ਨੇ ਦਿਨ ਤੇ ਰਾਤ -ਮੀਆਂ,
ਹੱਲ ਕਿਉਂ ਨੀਂ ਹੁੰਦੀ ਸਾਡੀ ਬਾਤ - ਮੀਆਂ।
ਸਦੀਆਂ ਲੰਘੀਆਂ ਤੇ ਵਾਦ-ਵਿਵਾਦ ਹੋਏ,
ਖ਼ਤਮ ਅਜੇ ਨਾ ਹੋਈ ਜਾਤ-ਪਾਤ - ਮੀਆਂ।
ਸੁੱਕੇ ਬੰਜਰ ਮਾਰੂਥਲ ਬਣ ਜਾਂਦੇ,
ਖੇਤੀਂ ਵਰ੍ਹੇ ਨਾ ਜੇ ਮੌਕੇ ਬਰਸਾਤ - ਮੀਆਂ।
ਜੀਵਨ ਸੰਘਰਸ਼ਾਂ ਦੇ ਨਾਲ ਹੈ ਜਿੱਤ ਹੁੰਦਾ,
ਪਿਘਲ ਕੇ ਬਣਦੀ ਜਿਉਂ ਹੈ ਧਾਤ - ਮੀਆਂ।
ਉਹੀਓ ਸੂਰਮੇ ਇਤਿਹਾਸ ਨੂੰ ਸਿਰਜਦੇ ਨੇ,
ਲਹੂ ਡੋਲ੍ਹ ਕੇ ਕਰਦੇ ਜੋ ਮਾਤ - ਮੀਆਂ।
ਪੰਨਾ ਪਲਟਦਾ ਤਖ਼ਤਾਂ ਦੇ ਪੌੜ ਹਿੱਲਦੇ,
ਹੱਥੀਂ ਅੱਟਣਾਂ ਵਾਲੇ ਕਾਮੇ-ਕਿਸਾਨ ਪੁੱਛਣ,
ਕਦੋਂ ਚੜ੍ਹੇਗੀ ਹੱਕਾਂ ਦੀ ਪ੍ਰਭਾਤ - ਮੀਆਂ।
ਸੰਪਰਕ: 98151-23900
* * *
ਸਦਾ ਨਾ ਕਾਲੀਆਂ ਰਾਤਾਂ
ਜੋਧ ਸਿੰਘ ਮੋਗਾ
ਸਦਾ ਨਾ ਰਹਿੰਦੇ ਦਿਨ ਚਮਕੀਲੇ, ਸਦਾ ਨਾ ਕਾਲੀਆਂ ਰਾਤਾਂ,
ਤੁਰਦਾ ਸਮਾਂ ਹੈ ਪਾਉਂਦਾ ਰਹਿੰਦਾ, ਪੁੱਠੀਆਂ ਸਿੱਧੀਆਂ ਬਾਤਾਂ।
ਸਮੇਂ ਦਾ ਪਹੀਆ ਘੁੰਮਦਾ ਰਹਿੰਦਾ, ਅੱਜ ਉੱਚਾ ਕੱਲ੍ਹ ਨੀਵਾਂ,
ਅੱਜ ਦੁੱਖ ਦਰਦ ਸੁਨੇਹੇ ਦਿੰਦਾ, ਕੱਲ੍ਹ ਅਨਮੋਲ ਸੁਗਾਤਾਂ।
ਖ਼ੁਸ਼ੀਆਂ ਗ਼ਮੀਆਂ ਭੈਣਾਂ ਸਕੀਆਂ, ਇੱਕ ਆਵੇ ਇੱਕ ਜਾਵੇ,
ਬਾਬਲ ਵਿਹੜੇ ਵਾਰੀ ਵਾਰੀ, ਆ ਆ ਕੱਟਣ ਰਾਤਾਂ।
ਅੱਜ ਕੱਕਰ ਕੱਲ੍ਹ ਧੁੱਪ ਕੜਾਕੇ, ਪੱਤਝੜ ਫੇਰ ਬਹਾਰਾਂ,
ਔੜ ਸਾੜਦੀ ਹਿੱਕ ਧਰਤੀ ਦੀ, ਕੱਲ੍ਹ ਭਿੱਜੀਆਂ ਬਰਸਾਤਾਂ।
ਜਨਮ ਦਿਹਾੜੇ ਖ਼ੁਸ਼ੀ ਖਿਲਾਰਨ, ਨਾਲ਼ੇ ਰੰਗ ਤਮਾਸ਼ੇ,
ਉਹੀ ਘਰ, ਉਹੀ ਦਰਵਾਜ਼ਾ, ਦਰੀਆਂ ਵਿਛਣ ਸਬ੍ਹਾਤਾਂ।
ਭੁੱਖਣ ਭਾਣੇ ਦਿਨ ਕੱਟੀਦੇ, ਰਾਤਾਂ ਸੁੱਤ ਉਨੀਂਦੇ,
ਸਮਾਂ ਲਿਆਵੇ ਦੁੱਧੀਂ ਛੰਨੇ, ਡੁੱਲ੍ਹ ਡੁੱਲ੍ਹ ਪੈਣ ਪਰਾਤਾਂ।
ਇੱਕੋ ਜਿੱਕੀ ਖੇਡ ਨਹੀਂ ਰਹਿੰਦੀ, ਸਮਾਂ ਬਦਲਦਾ ਪਾਲ਼ੇ,
ਜਿੱਤਾਂ ਹਾਰਾਂ ਕਰਨ ਕਲੋਲਾਂ, ਪਾਉਣ ਇੱਕ ਦੂਜੇ ਨੂੰ ਮਾਤਾਂ।
ਸਦਾ ਨਹੀਂ ਸਭ ਮਿੱਠਾ ਮਿੱਠਾ, ਸਦਾ ਨਹੀਂ ਥੂਹ ਕੌੜੀ,
ਕੌੜੀ ਵੀ ਮਿੱਠੀ ਕਰ ਮਾਣੋ, ਦੋਵੇਂ ਰੱਬੀ ਦਾਤਾਂ।
ਸੰਪਰਕ: 62802-58057