For the best experience, open
https://m.punjabitribuneonline.com
on your mobile browser.
Advertisement

ਕਾਵਿ ਕਿਆਰੀ

07:08 AM Oct 13, 2024 IST
ਕਾਵਿ ਕਿਆਰੀ
Advertisement

ਗ਼ਜ਼ਲ

ਬਲਵਿੰਦਰ ਬਾਲਮ ਗੁਰਦਾਸਪੁਰ
ਉਸੇ ਧਰਤੀ ਵਿੱਚੋਂ ਫੇਰ ਜਵਾਲੇ ਫੁੱਟਦੇ ਨੇ।
ਜਿੱਥੇ ਹਾਕਮ ਕੁੱਟਕੇ, ਪੁੱਟਦੇ, ਲੁੱਟਦੇ, ਸੁੱਟਦੇ ਨੇ।
ਫੇਰ ਕਰਾਂਤੀ ਕਿਰਸਾਨਾਂ ਸਿਰ ਚੜ੍ਹ ਕੇ ਆਉਂਦੀ ਏ,
ਕੱਚੀਆਂ ਫ਼ਸਲਾਂ ਧਰਤੀ ਵਿੱਚੋਂ ਜਦ ਵੀ ਪੁੱਟਦੇ ਨੇ।
ਐਸੇ ਪ੍ਰਸ਼ਾਸਨ ਦੇ ਸਿਰ ’ਤੇ ਲਾਹਨਤ ਆਉਂਦੀ ਹੈ,
ਬੱਚੇ ਜਿਸ ਨਗਰੀ ਦੇ ਸੜਕੀਂ ਰੋੜੀ ਕੁੱਟਦੇ ਨੇ।
ਮੁਮਕਿਨ ਹੈ ਕਿ ਉਪਰ ਤੀਕਰ ਹਿੱਸਾ ਜਾਂਦਾ ਹੈ,
ਦਸਤਾਵੇਜ਼ ’ਚ ਉੱਚੇ-ਉੱਚੇ ਪੁਲ ਜਦ ਟੁੱਟਦੇ ਨੇ।
ਢਿੱਲੀ ਕਾਨੂੰਨ ਅਵਸਥਾ ਵਿੱਚ ਇੰਝ ਹੀ ਹੁੰਦਾ ਹੈ,
ਗੰਧਲੇ ਧੂੰਏਂ ਦੇ ਵਿੱਚ ਸਭ ਦੇ ਸਾਹ ਪਏ ਘੁੱਟਦੇ ਨੇ।
ਇਸ ਵਿੱਚ ਕਿਸ ਦਾ ਦੋਸ਼ ਸਰਾਸਰ ਮੰਨਦੇ ਹੋ ਦੱਸੋ,
ਜੋ ਅਪਰਾਧੀ ਸਾਬਿਤ ਹੋ ਕੇ ਜੇਲ੍ਹੋਂ ਛੁੱਟਦੇ ਨੇ।
ਠੇਕੇਦਾਰੀ ਵਿੱਚ ਵੀ ਠੇਕਾ ਉਸ ਨੂੰ ਮਿਲਦਾ ਹੈ,
ਪਹਿਲਾਂ ਮਾਲਕ ਵੇਖਣ ਬੰਦੇ ਕਿਹੜੇ ਗੁੱਟਦੇ ਨੇ।
ਤੈਨੂੰ ਸਰਵੋਤਮ ਇਨਾਮ ਪ੍ਰਾਪਤ ਹੋਇਆ ਹੈ,
ਬਾਲਮ ਤੇਰੇ ਬੰਦੇ ਲੱਗਦਾ ਤਕੜੇ ਜੁੱਟਦੇ ਨੇ।
ਸੰਪਰਕ: 98156-25409

Advertisement

ਗ਼ਜ਼ਲ

ਸਰਿਤਾ ਤੇਜੀ
ਨਾ ਹੰਝੂਆਂ ਨਾਲ ਵਹਿੰਦੇ ਨੇ ਤੇ ਨਾ ਹਰਫ਼ਾਂ ’ਚ ਲਹਿੰਦੇ ਨੇ
ਇਹ ਤੇਰੇ ਗ਼ਮ ਮੇਰੇ ਆੜੀ ਮੇਰੇ ਦਿਲ ਵਿੱਚ ਹੀ ਰਹਿੰਦੇ ਨੇ।
ਤੇਰੀ ਹਸਤੀ ਨੇ ਗਲਬਾ ਪਾ ਲਿਆ ਈਕਣ ਮੇਰੇ ਉੱਤੇ
ਜਿਉਂ ਚੰਦਨ ਦੁਆਲੇ ਫਨੀਅਰ ਅਕਸਰ ਲਿਪਟੇ ਰਹਿੰਦੇ ਨੇ।
ਅਵੱਲੀ ਇੱਕ ਲਗਨ ਖ਼ਾਤਰ ਵਿਹੁ ਮੀਰਾਂ ਨੇ ਪੀਤਾ ਸੀ
ਜੋ ਧੁਰ ਤੋਂ ਗ਼ਮ ਲਿਖਾ ਆਏ ਉਹ ਝੱਲੇ ਹੀ ਸਦੀਂਦੇ ਨੇ।
ਮਿਲੇ ਜੋ ਜ਼ਖ਼ਮ ਸੀਨੇ ਤੇ ਸਜਾ ਲਏ ਤਗ਼ਮਿਆਂ ਵਾਂਗੂ
ਅਹਿਦ ਕੀਤਾ ਜਿਨ੍ਹਾਂ ਜਿੱਤਣਾ ਪਹਾੜਾਂ ਨਾਲ ਖਹਿੰਦੇ ਨੇ।
ਅਸਾਂ ਨੇ ਥਾਪ ਕੇ ਮੱਕਾ ਤੇਰੇ ਤੋਂ ਵਾਰ ਜਿੰਦ ਦਿੱਤੀ
ਹੁਣ ਇਸ ਦਾ ਰੰਜ ਨਹੀਂ ਭੋਰਾ ਜੋ ਕਾਫ਼ਰ ਲੋਕ ਕਹਿੰਦੇ ਨੇ।
ਕਿਸੇ ਤਿਣਕੇ ਨੂੰ ਕਦ ਮਿਲਿਆ ਸਿਰਾ ਆਕਾਸ਼ ਦਾ ਹੁਣ ਤੱਕ
ਖ਼ਿਜ਼ਾਂ ਅੰਦਰ ਅਨੇਕਾਂ ਪੱਤ ’ਵਾ ਦੇ ਨਾਲ ਵਹਿੰਦੇ ਨੇ
ਭੁਲਾਇਆ ਨਾ ਗਿਆ ਮੈਥੋਂ ਬੜੇ ਹੀਲੇ ਯਤਨ ਕੀਤੇ
ਜਲਾਏ ਸੀ ਜਿਹੜੇ ਖ਼ਤ ਮੈਂ ਧੂੰਆਂ ਬਣ ਰੜਕ ਪੈਂਦੇ ਨੇ
ਜ਼ਰੂਰੀ ਹੈ ਸਰੇ ਮਹਿਫ਼ਲ ਸ਼ਮਾ ਹੋਵੇ ਕਿਤੇ ਰੋਸ਼ਨ
ਪਤੰਗੇ ਆਪਣਾ ਆਪਾ ਉਸੇ ਲਈ ਸਾੜ ਬਹਿੰਦੇ ਨੇ।
ਸੰਪਰਕ: 96468-48766

Advertisement

ਗੀਤ

ਹਰੀ ਕ੍ਰਿਸ਼ਨ ਮਾਇਰ
ਇੱਕ ਗੀਤ ਨਾ ਦਿੰਦਾ ਸੌਣ
ਗੀਤ ਮੇਰਾ ਜਾਣੂ ਚਿਰ ਦਾ
ਹਿੱਕ ਦੇ ਅੰਦਰ ਇਹ ਵੀ ਕੋਈ
ਕਹਾਣੀ ਚੁੱਕੀ ਫਿਰਦਾ
ਇੱਕ ਗੀਤ ਨਾਂ ਦਿੰਦਾ ਸੌਣ...
ਕਿਸੇ ਟਿਕੀ ਰਾਤ ਨੂੰ
ਦਿਲ ਦੀ ਪੌੜੀ ਉੱਤਰ ਪਵੇ
ਵਕਤ ਖਲੋ ਜਾਏ ਜਦ ਉਹ
ਮਨ ਦੀ ਵਿਥਾ ਕਵ੍ਹੇ
ਭਰ ਭਰ ਡੁੱਲ੍ਹਣ ਟਿੰਡਾਂ
ਜਦ ਨੈਣਾਂ ਦਾ ਖੂਹ ਗਿੜਦਾ...
ਗੱਲ ਗੱਲ ’ਤੇ ਰੋ ਪੈਂਦਾ
ਉਹ ਮੈਨੂੰ ਬੜਾ ਰੁਆਉਂਦਾ
ਮੈਨੂੰ ਵੀ ਮਰ ਮੁੱਕਿਆਂ ਦਾ
ਚੇਤਾ ਬੜਾ ਆਉਂਦਾ
ਘੋਗੇ ਸਿੱਪੀਆਂ ਚੁਗਦਾ ਚੁਗਦਾ
ਆ ਲਹਿਰਾਂ ਵਿੱਚ ਘਿਰਦਾ...
ਜ਼ੋਰਾਵਰ ਹੁੰਦੇ ਨੇ ਜਿਹੜੇ
ਜ਼ੋਰੀਂ ਵਕਤ ਵਿਹਾ ਲੈਂਦੇ
ਦੁਬਿਧਾ ਵਿੱਚ ਕਮਜ਼ੋਰਾਂ ਦੇ
ਸਦਾ ਖ਼ਾਲੀ ਹੱਥ ਰਹਿੰਦੇ
ਬੰਦਾ ਜੋ ਵਕਤੋਂ ਖੁੰਝ ਜਾਂਦਾ
ਆਲ ਪਤਾਲੀਂ ਜਾ ਗਿਰਦਾ...
ਮੋਢੇ ਚੁੱਕ ਅਤੀਤ ਜੋ
ਆਪਣਾ ਵਰਤਮਾਨ ਨੇ ਖੋ ਲੈਂਦੇ
ਖੜ੍ਹ ਜਾਵਣ ਤੁਰਨਾ ਭੁੱਲਦੇ
ਜੋ ਭੂਤਕਾਲ ਦੇ ਹੋ ਬਹਿੰਦੇ
ਅਉਧ ਹੰਢਾ ਕੇ ਪੀਲ਼ਾ ਪੱਤਾ
ਪਾਣੀ ’ਤੇ ਤਿਰਦਾ...
ਜੀਣ ਵਾਲਿਓ ਜੀ ਲਓ
‘ਅੱਜ’ ਨੂੰ ਜੀਅ ਭਰ ਕੇ
ਜੀਅ ਨਹੀਂ ਹੁੰਦਾ ਮਰਿਆਂ ਦੇ ਨਾਲ
ਮਰ ਮਰ ਕੇ
‘ਭੂਤ’ ਪਿਛਾਂਹ ਨੂੰ ਖਿੱਚਦਾ
ਰੋਂਦਾ ਰਹਿੰਦਾ ਨਹੀਂ ਵਿਰਦਾ...।
ਇੱਕ ਗੀਤ ਨਾ ਦਿੰਦਾ ਸੌਣ...
ਈ ਮੇਲ: mayer_hk@yahoo.com

Advertisement
Author Image

Advertisement