ਇੰਡੋ ਕੈਨੇਡੀਅਨ ਸੀਨੀਅਰ ਸੈਂਟਰ ਸਰੀ ਨੇ ਕਰਵਾਇਆ ਕਵੀ ਦਰਬਾਰ
ਹਰਦਮ ਮਾਨ
ਸਰੀ: ਇੰਡੋ ਕੈਨੇਡੀਅਨ ਸੀਨੀਅਰ ਸੈਂਟਰ ਸਰੀ-ਡੈਲਟਾ ਦਾ ਮਹੀਨਾਵਾਰ ਕਵੀ ਦਰਬਾਰ ਸੈਂਟਰ ਦੇ ਪ੍ਰਧਾਨ ਹਰਪਾਲ ਸਿੰਘ ਬਰਾੜ ਦੀ ਪ੍ਰਧਾਨਗੀ ਹੇਠ ਹੋਇਆ। ਇਸ ਵਿੱਚ ਦਰਸ਼ਨ ਸਿੰਘ ਅਟਵਾਲ, ਗੁਰਮੀਤ ਸਿੰਘ ਕਾਲਕਟ, ਗੁਰਚਰਨ ਸਿੰਘ ਬਰਾੜ, ਅਵਤਾਰ ਸਿੰਘ ਬਰਾੜ, ਮਨਜੀਤ ਸਿੰਘ ਮੱਲ੍ਹਾ, ਬਲਬੀਰ ਸਿੰਘ ਸੰਘਾ, ਦਵਿੰਦਰ ਕੌਰ ਜੌਹਲ, ਜੀਤ ਮਹਿਰਾ, ਮਲੂਕ ਚੰਦ ਕਲੇਰ, ਗੁਰਬਚਨ ਸਿੰਘ ਬਰਾੜ, ਸਵਰਨ ਸਿੰਘ ਚਾਹਲ, ਗੁਰਦਿਆਲ ਸਿੰਘ ਜੌਹਲ, ਭਜਨ ਸਿੰਘ ਅਟਵਾਲ, ਗੁਰਮੀਤ ਸਿੰਘ ਸੇਖੋਂ, ਸੁਰਜੀਤ ਸਿੰਘ ਗਿੱਲ, ਗੁਰਦਰਸ਼ਨ ਸਿੰਘ ਤਤਲਾ ਅਤੇ ਮਨਜੀਤ ਸਿੰਘ ਭੁੱਲਰ (ਵਿਨੀਪੈੱਗ) ਨੇ ਕਵਿਤਾਵਾਂ ਅਤੇ ਗੀਤਾਂ ਦੀ ਪੇਸ਼ਕਾਰੀ ਨਾਲ ਖ਼ੂਬ ਰੰਗ ਬੰਨ੍ਹਿਆ।
ਸੈਂਟਰ ਦੇ ਸਕੱਤਰ ਹਰਚੰਦ ਸਿੰਘ ਗਿੱਲ ਨੇ ਕਵੀ ਦਰਬਾਰ ਦਾ ਸੰਚਾਲਨ ਬਾਖੂਬੀ ਕੀਤਾ। ਅੰਤ ਵਿੱਚ ਪ੍ਰਧਾਨ ਹਰਪਾਲ ਸਿੰਘ ਬਰਾੜ ਨੇ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਬਲਬੀਰ ਸਿੰਘ ਸੰਘਾ ਵੱਲੋਂ ਆਪਣੀ ਨਵ-ਪ੍ਰਕਾਸ਼ਿਤ ਪੁਸਤਕ ‘ਜ਼ਿਪ-ਲਾਕ’ ਸੈਂਟਰ ਦੇ ਪ੍ਰਧਾਨ ਅਤੇ ਸਕੱਤਰ ਨੂੰ ਭੇਟ ਕੀਤੀ ਗਈ।
ਸਾਹਿਤਕਾਰ ਹਰਜੀਤ ਦੌਧਰੀਆ ਨਾਲ ਵਿਸ਼ੇਸ਼ ਮਿਲਣੀ
ਸਰੀ: ਵੈਨਕੁਵਰ ਵਿਚਾਰ ਮੰਚ ਵੱਲੋਂ ਬੀਤੇ ਦਿਨ ਬਜ਼ੁਰਗ ਸਾਹਿਤਕਾਰ ਹਰਜੀਤ ਦੌਧਰੀਆ ਨਾਲ ਵਿਸ਼ੇਸ਼ ਮਿਲਣੀ ਕੀਤੀ ਗਈ। ਇਸ ਮਿਲਣੀ ਦੀ ਵਿਸ਼ੇਸ਼ਤਾ ਇਹ ਰਹੀ ਕਿ ਹਰਜੀਤ ਦੌਧਰੀਆ ਦੀ ਸਰੀਰਕ ਸਮੱਸਿਆ ਨੂੰ ਧਿਆਨ ਵਿੱਚ ਰੱਖਦਿਆਂ ਮੰਚ ਦੇ ਮੈਂਬਰ ਉਸ ਦੇ ਨਿਵਾਸ ਸਥਾਨ ’ਤੇ ਗਏ। ਰਸਮੀ ਮੇਲਜੋਲ ਤੋਂ ਬਾਅਦ ਨਾਵਲਕਾਰ ਜਰਨੈਲ ਸਿੰਘ ਸੇਖਾ ਨੇ ਕਿਹਾ ਕਿ ਦੌਧਰੀਆ ਸਾਹਿਤ ਅਤੇ ਰਾਜਨੀਤੀ ਨਾਲ ਪੂਰਨ ਤੌਰ ’ਤੇ ਪ੍ਰਤੀਬੱਧ ਇਨਸਾਨ ਹੈ। ਅਡੋਲਤਾ, ਸਪੱਸ਼ਟਤਾ ਅਤੇ ਬੇਬਾਕੀ ਇਸ ਦੇ ਵਿਸ਼ੇਸ਼ ਗੁਣ ਹਨ।
ਹਰਜੀਤ ਦੌਧਰੀਆ ਨੇ ਮੰਚ ਮੈਂਬਰਾਂ ਦੀ ਆਮਦ ’ਤੇ ਖ਼ੁਸ਼ੀ ਜ਼ਾਹਰ ਕੀਤੀ ਅਤੇ ਫਿਰ ਆਪਣੇ ਬਾਰੇ ਸੰਖੇਪ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਲੁਧਿਆਣਾ ਤੋਂ ਐਗਰੀਕਲਚਰ ਵਿੱਚ ਬੀਐੱਸ.ਸੀ. ਕਰਨ ਤੋਂ ਬਾਅਦ ਉਨ੍ਹਾਂ ਖੇਤੀਬਾੜੀ ਐਕਸਟੈਨਸ਼ਨ ਅਧਿਕਾਰੀ ਵਜੋਂ ਸਰਵਿਸ ਕੀਤੀ।
ਫਿਰ ਨੌਕਰੀ ਛੱਡ ਕੇ ਉਹ ਗੁਰਬਖਸ਼ ਸਿੰਘ ਪ੍ਰੀਤਲੜੀ ਕੋਲ ਪ੍ਰੀਤ ਨਗਰ ਚਲੇ ਗਏ ਅਤੇ ਪ੍ਰੀਤ ਨਗਰ ਦੇ ਫਾਰਮ ਵਿੱਚ ਖੇਤੀ ਕਰਨ ਲੱਗੇ। ਉੱਥੇ ਉਨ੍ਹਾਂ ਤਿੰਨ ਕੁ ਸਾਲ ਕੰਮ ਕੀਤਾ। ਆਪਣੇ ਸਾਹਿਤਕ ਕਾਰਜ ਬਾਰੇ ਉਸ ਨੇ ਦੱਸਿਆ ਕਿ ਇੰਗਲੈਂਡ ਆਉਣ ਤੋਂ ਬਾਅਦ ਉਸ ਨੇ ਲਿਖਣਾ ਸ਼ੁਰੂ ਕੀਤਾ ਅਤੇ ਉਸ ਦੀਆਂ ਕਵਿਤਾਵਾਂ ਦੀ ਪਹਿਲੀ ਕਿਤਾਬ ‘ਸੱਚੇ ਮਾਰਗ ਚਲਦਿਆਂ’ 1977 ਵਿੱਚ ਛਪੀ। ਇੰਗਲੈਂਡ ਵਿੱਚ ਲਿਖਣ ਦੇ ਨਾਲ ਨਾਲ ਉਹ ਸਾਹਿਤਕ, ਸਿਆਸੀ ਅਤੇ ਟਰੇਡ ਯੂਨੀਅਨ ਨਾਲ ਸਬੰਧਤ ਜਥੇਬੰਦੀਆਂ ਵਿੱਚ ਵੀ ਹਿੱਸਾ ਲੈਂਦਾ ਸੀ। ਬਾਅਦ ਵਿੱਚ ਉਹ ਕੈਨੇਡਾ ਆ ਗਿਆ ਅਤੇ ਇੱਥੇ ਆ ਕੇ ਸਾਹਿਤਕ ਕਾਰਜਾਂ ਲਈ ਪੂਰੀ ਤਰ੍ਹਾਂ ਸਮਰਪਿਤ ਹੋ ਗਿਆ।
ਇਸ ਮੌਕੇ ਵੈਨਕੁਵਰ ਵਿਚਾਰ ਮੰਚ ਵੱਲੋਂ ਮੋਹਨ ਗਿੱਲ, ਜਰਨੈਲ ਸਿੰਘ ਆਰਟਿਸਟ, ਅੰਗਰੇਜ਼ ਬਰਾੜ, ਗੁਰਮੇਲ ਸਿੰਘ ਰਾਏ, ਜਸਵਿੰਦਰ ਦਿਓਲ ਅਤੇ ਅਮਰਜੀਤ ਦੂਹੜਾ ਨੇ ਹਰਜੀਤ ਦੌਧਰੀਆ ਦੀ ਲੰਮੀ ਅਤੇ ਸਿਹਤਯਾਬ ਜ਼ਿੰਦਗੀ ਦੀ ਕਾਮਨਾ ਕੀਤੀ।
ਸੰਪਰਕ: +1 604 308 6663