ਕੱਤਕ ਦੀ ਸੰਗਰਾਂਦ ਮੌਕੇ ਕਵੀ ਦਰਬਾਰ
ਪੱਤਰ ਪ੍ਰੇਰਕ
ਜਲੰਧਰ, 17 ਅਕਤੂਬਰ
ਪਵਿੱਤਰ ਕਾਲੀ ਵੇਈਂ ਕਿਨਾਰੇ ਗੁਰਦੁਆਰਾ ਗੁਰਪ੍ਰਕਾਸ਼ ਵਿਖੇ ਕੱਤਕ ਦੀ ਸੰਗਰਾਂਦ ਮੌਕੇ ਕਵੀ ਦਰਬਾਰ ਕਰਵਾਇਆ ਗਿਆ। ਇਸ ਕਵੀ ਦਰਬਾਰ ਦੀ ਵਿਸ਼ੇਸ਼ਤਾ ਇਹ ਰਹੀ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਰੁੱਖਾਂ ਦਰਿਆਵਾਂ ਅਤੇ ਜੰਗਲਾਂ ਬਾਰੇ ਕੀਤੇ ਵਿਆਖਿਆਨ ਦੁਆਲੇ ਹੀ ਕਵਿਤਾਵਾਂ ਕੇਂਦਰਿਤ ਰਹੀਆਂ। ਇਸ ਕਵੀ ਦਰਬਾਰ ਵਿੱਚ ਕਵੀਆਂ ਵਿੱਚ ਰਾਮ ਸਿੰਘ ਇਨਸਾਫ, ਅਜੀਤ ਸਿੰਘ ਇਟਲੀ, ਸੰਤ ਸਿੰਘ ਸੰਧੂ, ਜਸਬੀਰ ਸਿੰਘ ਸ਼ਾਇਰ, ਕੁਲਵਿੰਦਰ ਕੋਮਲ ਅਤੇ ਮੁਖਤਿਆਰ ਸਿੰਘ ਚੰਦੀ ਨੇ ਰਚਨਾਵਾਂ ਪੇਸ਼ ਕੀਤੀਆਂ। ਜਸਬੀਰ ਸਿੰਘ ਸ਼ਾਇਰ ਦੀ ਕਵਿਤਾ ਸਪਤ ਸਿੰਧੂ ਬਾਰੇ ਸੀ ਜਿਹੜੀ ਸੱਤਾਂ ਦਰਿਆਵਾਂ ਦੀ ਬਾਤ ਪਾਉਂਦੀ ਸੀ। ਮੁਖਤਿਆਰ ਸਿੰਘ ਚੰਦੀ ਨੇ ਗੁਰੂ ਰਾਮਦਾਸ ਅਤੇ ਗੁਰੂ ਅੰਗਦ ਦੇਵ ਜੀ ਦੀਆਂ ਸ਼ਤਾਬਦੀਆਂ ਸਬੰਧੀ ਕਵਿਤਾ ਪੇਸ਼ ਕੀਤੀ ਜਦਕਿ ਪਰਮਿੰਦਰ ਕੌਰ ਨੇ ਵਾਤਾਵਰਣ ਬਾਰੇ ਆਪਣੀ ਨਜ਼ਮ ਪੜ੍ਹੀ।
ਜ਼ਿਕਰਯੋਗ ਹੈ ਕਿ ਇਹ ਕਵੀ ਦਰਬਾਰ ਪਵਿੱਤਰ ਕਾਲੀ ਵੇਈਂ ਦੀ ਮਨਾਈ ਜਾ ਰਹੀ 25ਵੀਂ ਵਰ੍ਹੇਗੰਢ ਨੂੰ ਸਮਰਪਿਤ ਸੀ। ਕਵੀਆਂ ਦਾ ਸਨਮਾਨ ਕਰਨ ਉਪਰੰਤ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਮਹਾਰਿਸ਼ੀ ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਦੀਆਂ ਵਧਾਈਆਂ ਦਿੱਤੀਆਂ।