For the best experience, open
https://m.punjabitribuneonline.com
on your mobile browser.
Advertisement

ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਕਵੀ ਦਰਬਾਰ

07:58 AM Sep 18, 2024 IST
ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਕਵੀ ਦਰਬਾਰ
ਆਨਲਾਈਨ ਕਵੀ ਦਰਬਾਰ ਵਿੱਚ ਹਿੱਸਾ ਲੈ ਰਹੇ ਕਵੀ
Advertisement

ਜਸਵਿੰਦਰ ਸਿੰਘ ਰੁਪਾਲ
ਕੈਲਗਰੀ: ਈ ਦੀਵਾਨ ਸੁਸਾਇਟੀ, ਕੈਲਗਰੀ ਵੱਲੋਂ ਆਪਣੇ ਹਫ਼ਤਾਵਾਰੀ ਪ੍ਰੋਗਰਾਮ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਅੰਤਰਰਾਸ਼ਟਰੀ ਕਵੀ ਦਰਬਾਰ ਕਰਵਾਇਆ ਗਿਆ। ਇਸ ਵਿੱਚ ਵੱਖ ਵੱਖ ਦੇਸ਼ਾਂ ਤੋਂ ਕਵੀ ਜਨਾਂ ਨੇ ਆਪਣੀਆਂ ਰਚਨਾਵਾਂ ਸਾਂਝੀਆਂ ਕੀਤੀਆਂ।
ਡਾਕਟਰ ਬਲਰਾਜ ਸਿੰਘ ਨੇ ਕਵੀ ਦਰਬਾਰ ਦੇ ਮਕਸਦ ’ਤੇ ਚਾਨਣਾ ਪਾਇਆ। ਟੋਰਾਂਟੋ ਤੋਂ ਆਈਆਂ ਬੱਚੀਆਂ ਅਨੁਰੀਤ ਕੌਰ, ਅਮਿਤੋਜ਼ ਕੌਰ ਅਤੇ ਮਨਰੀਤ ਕੌਰ ਨੇ ਗੁਰਬਾਣੀ ਸ਼ਬਦ ਗਾਇਨ ਨਾਲ ਹਰੀ-ਜਸ ਕਰਦੇ ਹੋਏ ਕਵੀ ਦਰਬਾਰ ਦੀ ਆਰੰਭਤਾ ਕੀਤੀ। ਜੈਪੁਰ ਤੋਂ ਬ੍ਰਿਜਮਿੰਦਰ ਕੌਰ ਨੇ ਸ਼ਬਦ ‘ਮੈਂ ਅੰਧਲੇ ਕੀ ਟੇਕ ਤੇਰਾ ਨਾਮ ਖੁੰਦਕਾਰਾ’ ਸੁਣਾਇਆ। ਬਰੈਂਪਟਨ ਤੋਂ ਬੱਚੀਆਂ ਸਿਮਰਲੀਨ ਕੌਰ, ਪਰਮੀਤ ਕੌਰ ਅਤੇ ਪਰਮਜੀਤ ਸਿੰਘ ਨੇ ਕਰਮਜੀਤ ਸਿੰਘ ਨੂਰ ਦਾ ਲਿਖਿਆ ਧਾਰਮਿਕ ਗੀਤ ‘ਗੁਰਸਿੱਖ ਦੇ ਪ੍ਰਾਣ ਗੁਰਬਾਣੀ ਗੁਰਬਾਣੀ’ ਗਾ ਕੇ ਕਵੀ ਦਰਬਾਰ ਦੇ ਵਿਸ਼ੇ ਵੱਲ ਧਿਆਨ ਖਿੱਚਿਆ। ਸਰਬਜੀਤ ਕੌਰ ਸਰਬ, ਉੱਤਰਾਖੰਡ ਨੇ ਆਪਣੀ ਕਵਿਤਾ ‘ਸਰਬ ਸਾਂਝਾ ਗਿਆਨ ਦਾ ਨੂਰ ਬਾਣੀ’ ਸਟੇਜੀ ਕਵਿਤਾ ਦੇ ਅੰਦਾਜ਼ ਵਿੱਚ ਸੁਣਾਈ। ਪਟਿਆਲੇ ਤੋਂ ਕਵੀ ਕੁਲਵੰਤ ਸਿੰਘ ਸੇਦੋਕੇ ਨੇ ਦਵਈਆ ਛੰਦ ਵਿੱਚ ਲਿਖੀ ਕਵਿਤਾ ‘ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਬਾਣੀ ਧੁਰ ਤੋਂ ਆਈ’ ਗਾ ਕੇ ਕਵੀਸ਼ਰੀ ਰੰਗ ਸੁਰਜੀਤ ਕਰ ਦਿੱਤਾ।
ਜਲੰਧਰ ਤੋਂ ਉਸਤਾਦ ਕਵੀ ਇੰਜਨੀਅਰ ਕਰਮਜੀਤ ਸਿੰਘ ਨੂਰ ਨੇ ਆਪਣੀ ਕਵਿਤਾ ਵਿੱਚ ਜਿੱਥੇ ਸ਼ਬਦ-ਗੁਰੂ ਦੀ ਵਡਿਆਈ ਕੀਤੀ, ਉੱਥੇ ਆਧੁਨਿਕ ਸਮੇਂ ਵਿੱਚ ਗੁਰਬਾਣੀ ਤੋਂ ਟੁੱਟਿਆਂ ਨੂੰ ਵੀ ਜਗਾਇਆ। ਮਸਕਟ ਤੋਂ ਸ਼ਾਮਲ ਹੋਏ ਬਲਕਾਰ ਸਿੰਘ ਬੱਲ ਨੇ ਗੁਰਦੀਸ਼ ਕੌਰ ਗਰੇਵਾਲ ਦਾ ਲਿਖਿਆ ਗੀਤ ‘ਬਾਣੀ ਹੈ ਇਹ ਧੁਰ ਕੀ ਬਾਣੀ, ਬਾਣੀ ਜਨਮ ਸਵਾਰੇ’ ਆਪਣੀ ਦਿਲਕਸ਼ ਆਵਾਜ਼ ਵਿੱਚ ਗਾ ਕੇ ਸੁਣਾਇਆ। ਟੋਰਾਂਟੋ ਤੋਂ ਸੁੰਦਰਪਾਲ ਕੌਰ ਰਾਜਾਸਾਂਸੀ ਨੇ ਕੋਰੜਾ ਛੰਦ ਵਿੱਚ ਲਿਖੀ ਆਪਣੀ ਕਵਿਤਾ ‘ਗੁਰੂ ਗ੍ਰੰਥ ਜੀ ਤੋਂ ਜਾਵਾਂ ਬਲਿਹਾਰ ਜੀ’ ਗਾ ਕੇ ਸੁਣਾਈ। ਗੁਰੂ ਪ੍ਰੇਮ ਵਿੱਚ ਰੱਤੀ ਬੀਬੀ ਸੁਰਜੀਤ ਕੌਰ ਸੈਕਰਾਮੈਂਟੋ ਨੇ ਆਪਣਾ ਲਿਖਿਆ ਗੀਤ ‘ਮੇਰੇ ਤਨ ਮਨ ਅੰਮ੍ਰਿਤ ਘੋਲਿਆ, ਗੁਰੂ ਦੀ ਬਾਣੀ ਨੇ’ ਗਾ ਕੇ ਸੁਣਾਇਆ। ਸਿਆਟਲ ਤੋਂ ਅਵਤਾਰ ਸਿੰਘ ਆਦਮਪੁਰੀ ਨੇ ਆਪਣੀ ਕਵਿਤਾ ‘ਪੜ੍ਹਿਆ ਕਰ ਸਤਿਗੁਰ ਦੀ ਬਾਣੀ’ ਰਾਹੀਂ ਸਰੋਤਿਆਂ ਨੂੰ ਗੁਰਬਾਣੀ ਨਾਲ ਜੁੜਨ ਦੀ ਪ੍ਰੇਰਨਾ ਦਿੱਤੀ।
ਕੈਲਗਰੀ ਤੋਂ ਗੁਰਚਰਨ ਸਿੰਘ ਹੇਅਰਾਂ ਨੇ ਗੁਰੂ ਅਰਜਨ ਜੀ ਵੱਲੋਂ ਗੁਰੂ ਗ੍ਰੰਥ ਦੀ ਸੰਪਾਦਨਾ ਕਰਦੇ ਸਮੇਂ ਕਾਹਨਾ ਭਗਤ ਦੀ ਬਾਣੀ ਯੋਗ ਨਾ ਸਮਝ ਕੇ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਲ ਨਾ ਕਰਨ ਦੇ ਪ੍ਰਸੰਗ ਨੂੰ ਆਪਣੀ ਕਵਿਤਾ ‘ਕਾਹਨਾ ਤੇਰੀ ਬਾਣੀ ਨਾ ਢੁਕੇ ਕਸਵੱਟੀ ’ਤੇ’ ਰਾਹੀਂ ਪੇਸ਼ ਕਰਕੇ ਵਾਹ ਵਾਹ ਖੱਟੀ। ਕੈਲਗਰੀ ਤੋਂ ਗੁਰਦੀਸ਼ ਕੌਰ ਗਰੇਵਾਲ ਨੇ ਕਬਿੱਤ ਛੰਦ ਵਿੱਚ ਲਿਖੀ ਕਵਿਤਾ ਸੁਣਾ ਕੇ ਇੱਕ ਵੱਖਰਾ ਰੰਗ ਪੇਸ਼ ਕੀਤਾ। ਕੈਲਗਰੀ ਤੋਂ ਹੀ ਬੀਬੀ ਸੰਦੀਪ ਕੌਰ ਨੇ ਕਵਿਤਾ ‘ਨਿਰੰਕਾਰ ਹੀ ਗੋਬਿੰਦ ਹੈ, ਗੋਬਿੰਦ ਹੀ ਅਕਾਲ ਹੈ’ ਪੇਸ਼ ਕੀਤੀ। ਕੈਲਗਰੀ ਦੇ ਹੀ ਨੌਜਵਾਨ ਲੇਖਕ ਅਮਨਪ੍ਰੀਤ ਸਿੰਘ ਦੁਲਟ ਨੇ ਗੁਰੂ ਗ੍ਰੰਥ ਸਾਹਿਬ ਬਾਰੇ ਕਵਿਤਾ ਛੋਟੀ ਬਹਿਰ ਵਿੱਚ ਪੇਸ਼ ਕਰ ਕੇ ਸਰੋਤਿਆਂ ਨੂੰ ਹਲੂਣਿਆ। ਅਖੀਰ ਵਿੱਚ ਟੋਰਾਂਟੋ ਤੋਂ ਸੁਜਾਨ ਸਿੰਘ ਸੁਜਾਨ ਨੇ ਗੁਰੂ ਰਾਮਦਾਸ ਜੀ ਨੂੰ ਗੁਰਗੱਦੀ ਮਿਲਣ ਸਮੇਂ ਦਾ ਬਿਰਤਾਂਤ ‘ਅੰਬਰ ਝੁਕ ਕੇ ਓਸ ਨੂੰ, ਦੇਖਣ ਲਈ ਆਇਆ’ ਗੀਤ ਰਾਹੀਂ ਅੱਖਾਂ ਅੱਗੇ ਦ੍ਰਿਸ਼ਟੀਗੋਚਰ ਕਰ ਦਿੱਤਾ। ਡਾ. ਸੁਰਜੀਤ ਸਿੰਘ ਭੱਟੀ ਨੇ ਹਾਜ਼ਰ ਕਵੀਆਂ ਦਾ ਧੰਨਵਾਦ ਕੀਤਾ।
ਸੰਪਰਕ: +1 403 465 1586

Advertisement

Advertisement
Advertisement
Author Image

Advertisement