ਕਾਵੜ ਯਾਤਰਾ: ਨਿਗਮ ਨੇ ਨਾਜਾਇਜ਼ ਕਬਜ਼ੇ ਹਟਵਾਏ
ਪੱਤਰ ਪ੍ਰੇਰਕ
ਯਮੁਨਾਨਗਰ, 4 ਜੁਲਾਈ
ਕਾਵੜ ਯਾਤਰਾ ਦੇ ਮੱਦੇਨਜ਼ਰ ਨਗਰ ਨਿਗਮ ਦੀ ਟੀਮ ਨੇ ਮੰਗਲਵਾਰ ਨੂੰ ਜਗਾਧਰੀ ਅੰਬਾਲਾ ਰੋਡ ’ਤੇ ਸੜਕ ਕਿਨਾਰੇ ਕੀਤੇ ਨਾਜਾਇਜ਼ ਕਬਜ਼ਿਆਂ ਨੂੰ ਹਟਵਾਇਆ ਹੈ। ਕੁਝ ਲੋਕਾਂ ਵੱਲੋਂ ਮਿਲਟਰੀ ਗਰਾਊਂਡ ਨੇੜੇ ਝੁੱਗੀਆਂ-ਝੌਪੜੀਆਂ ਬਣਾ ਕੇ ਨਾਜਾਇਜ਼ ਕਬਜ਼ਾ ਕੀਤਾ ਗਿਆ ਅਤੇ ਕਈ ਥਾਵਾਂ ’ਤੇ ਦੁਕਾਨਦਾਰਾਂ ਨੇ ਆਪਣਾ ਸਾਮਾਨ ਰੱਖ ਕੇ ਕਬਜ਼ਾ ਕੀਤਾ ਹੋਇਆ ਸੀ।
ਨਗਰ ਨਿਗਮ ਕਮਿਸ਼ਨਰ ਆਯੂਸ਼ ਸਿਨਹਾ ਦੀਆਂ ਹਦਾਇਤਾਂ ’ਤੇ ਏਟੀਪੀ ਲਖਮੀ ਸਿੰਘ ਤਿਵਾਤੀਆ ਅਤੇ ਵਰੁਣ ਸ਼ਰਮਾ ਦੀ ਅਗਵਾਈ ਹੇਠ ਨਿਗਮ ਦੀ ਟੀਮ ਵੱਲੋਂ ਇਨ੍ਹਾਂ ਨਾਜਾਇਜ਼ ਕਬਜ਼ਿਆਂ ਨੂੰ ਹਟਾਇਆ ਗਿਆ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਾਵੜ ਯਾਤਰਾ ਦੌਰਾਨ ਸੜਕਾਂ ’ਤੇ ਨਾਜਾਇਜ਼ ਕਬਜ਼ੇ ਕਰ ਕੇ ਆਵਾਜਾਈ ਵਿੱਚ ਰੁਕਾਵਟ ਨਾ ਪਾਉਣ। ਏਟੀਪੀ ਲਖਮੀ ਸਿੰਘ ਤਿਓਤੀਆ ਨੇ ਦੱਸਿਆ ਕਿ ਕੁਝ ਲੋਕਾਂ ਵੱਲੋਂ ਸੜਕ ਕਿਨਾਰੇ ਹਰੇ ਨਾਰੀਅਲ ਦੀਆਂ ਦੁਕਾਨਾਂ ਪਾ ਕੇ ਕਬਜ਼ਾ ਕੀਤਾ ਹੋਇਆ ਸੀ ਅਤੇ ਕੁੱਝ ਲੋਕਾਂ ਨੇ ਪੱਕੇ ਕਬਜ਼ੇ ਕੀਤੇ ਹੋਏ ਸਨ। ਅਜਿਹੇ ਕਬਜ਼ਿਆਂ ਨੂੰ ਜੇਸੀਬੀ ਦੀ ਮਦਦ ਨਾਲ ਸਾਫ ਕੀਤਾ ਗਿਆ ਹੈ। ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਕਿਸੇ ਦਾ ਸਾਮਾਨ ਕਾਵੜ ਯਾਤਰਾ ਰੂਟ ’ਤੇ ਸੜਕ ਕਿਨਾਰੇ ਰੱਖਿਆ ਹੋਇਆ ਪਾਇਆ ਗਿਆ ਤਾਂ ਉਸ ਨੂੰ ਜ਼ਬਤ ਕਰ ਲਿਆ ਜਾਵੇਗਾ।