ਹਾਊਸਫ਼ੈੱਡ ਕੰਪਲੈਕਸ ਦੀ ਚੋਣ ’ਚ ਕੌਰ ਗਰੁੱਪ ਜੇਤੂ
ਪੱਤਰ ਪ੍ਰੇਰਕ
ਬਨੂੜ, 20 ਸਤੰਬਰ
ਬਨੂੜ ਦੇ ਹਾਊਸਫ਼ੈੱਡ ਕੰਪਲੈਕਸ ਦਾ ਪ੍ਰਬੰਧ ਚਲਾ ਰਹੀ ਬਾਬਾ ਜ਼ੋਰਾਵਰ ਸਿੰਘ ਸਹਿਕਾਰੀ ਮਕਾਨ ਉਸਾਰੀ ਸਭਾ ਦੀ ਅੱਜ ਹਾਊਸਫੈੱਡ ਕੰਪਲੈਕਸ ਵਿੱਚ ਹੋਈ ਚੋਣ ਵਿੱਚ ਸਭਾ ਦੇ ਮੌਜੂਦਾ ਪ੍ਰਧਾਨ ਮਾਸਟਰ ਕੌਰ ਸਿੰਘ ਨੇ ਮੁੜ ਜਿੱਤ ਹਾਸਲ ਕੀਤੀ ਹੈ। ਜਿੱਤੇ 9 ਉਮੀਦਵਾਰਾਂ ਵਿੱਚੋਂ 5 ਜੇਤੂ ਮਾਸਟਰ ਕੌਰ ਸਿੰਘ ਗਰੁੱਪ ਦੇ ਤੇ ਚਾਰ ਰੈਜੀਡੈਂਟਲ ਵੈਲਫ਼ੇਅਰ ਐਸੋਸੀਏਸ਼ਨ ਨਾਲ ਸਬੰਧਿਤ ਹਨ।
ਸਹਿਕਾਰੀ ਸਭਾਵਾਂ ਦੇ ਸਹਾਇਕ ਰਜਿਸਟਰਾਰ ਖਰੜ ਅਕਸ਼ਾਨ ਮਲਹੋਤਰਾ ਦੀ ਦੇਖ-ਰੇਖ ਹੇਠ ਹੋਈ ਚੋਣ ਵਿੱਚ ਦੋਵਾਂ ਗਰੁੱਪਾਂ ਦੇ 7-7 ਅਤੇ ਇੱਕ ਆਜ਼ਾਦ ਉਮੀਦਵਾਰ ਬਲਵਿੰਦਰ ਸਿੰਘ ਮੈਦਾਨ ਵਿੱਚ ਸਨ। ਜੇਤੂਆਂ ਵਿੱਚ ਮਾਸਟਰ ਕੌਰ ਸਿੰਘ ਨੇ ਸਭ ਤੋਂ ਵੱਧ 32 ਵੋਟਾਂ ਹਾਸਲ ਕੀਤੀਆਂ। ਜਨਰਲ ਵਰਗ ਵਿੱਚੋਂ ਦਵਿੰਦਰ ਕੁਮਾਰ ਨੇ 21, ਗਿਆਨ ਚੰਦ ਨੇ 16, ਬਹਾਦਰ ਸਿੰਘ ਨੇ 15, ਅਮਰਜੀਤ ਕੌਰ ਨੇ 13 ਅਤੇ ਨੀਨਾ ਗੋਇਲ ਨੇ 11 ਵੋਟਾਂ ਨਾਲ ਜਿੱਤ ਦਰਜ ਕਰਾਈ। ਮਹਿਲਾਵਾਂ ਲਈ ਰਾਖਵੀਆਂ ਸੀਟਾਂ ਵਿੱਚੋਂ ਰੀਨਾ ਸੈਣੀ ਨੇ 20 ਅਤੇ ਮਨਜੀਤ ਕੌਰ ਨੇ 15 ਵੋਟਾਂ ਲੈ ਕੇ ਜਿੱਤ ਹਾਸਲ ਕੀਤੀ। ਅਨੁਸੂਚਿਤ ਜਾਤੀਆਂ ਵਿੱਚੋਂ ਗੁਰਨਾਮ ਸਿੰਘ 10 ਵੋਟਾਂ ਹਾਸਲ ਕਰ ਕੇ ਮੈਂਬਰ ਚੁਣੇ ਗਏ।