ਕੈਟਰੀਨਾ ਕੈਫ਼ ਨੇ ਮਹਾਂਕੁੰਭ ’ਚ ਲਵਾਈ ਹਾਜ਼ਰੀ
ਪ੍ਰਯਾਗਰਾਜ:
ਬੌਲੀਵੁੱਡ ਅਦਾਕਾਰਾ ਕੈਟਰੀਨਾ ਕੈਫ਼ ਨੇ ਅੱਜ ਪ੍ਰਯਾਗਰਾਜ ਦਾ ਦੌਰਾ ਕੀਤਾ ਤੇ ਮਹਾਂਕੁੰਭ ਮੇਲੇ ’ਚ ਹਾਜ਼ਰੀ ਲਵਾਈ। ਇਸ ਮੌਕੇ ਕੈਟਰੀਨਾ ਦੀ ਸੱਸ ਵੀਨਾ ਕੌਸ਼ਲ ਵੀ ਉਸ ਦੇ ਨਾਲ ਸੀ। ਦੋਵਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਕੈਟਰੀਨਾ ਨੇ ਗੁਲਾਬੀ ਸੂਟ ਪਾਇਆ ਹੋਇਆ ਸੀ ਤੇ ਉਸ ਨੂੰ ਸਵਾਮੀ ਚਿਦਾਨੰਦ ਸਰਸਵਤੀ ਅਤੇ ਸਾਧਵੀ ਭਗਵਤੀ ਸਰਸਵਤੀ ਨਾਲ ਗੱਲਬਾਤ ਕਰਦੇ ਦੇਖਿਆ ਜਾ ਸਕਦਾ ਹੈ। ਇਸ ਸਬੰਧੀ ਸਵਾਮੀ ਚਿਦਾਨੰਦ ਦੀ ਅਗਵਾਈ ਹੇਠ ਅਧਿਆਤਮਕ ਆਸ਼ਰਮ, ਪਰਮਾਰਥ ਨਿਕੇਤਨ ਦੇ ‘ਐਕਸ’ ਖਾਤੇ ’ਤੇ ਵੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਇਨ੍ਹਾਂ ਤਸਵੀਰਾਂ ਦੀ ਕੈਪਸ਼ਨ ’ਚ ਉਨ੍ਹਾਂ ਲਿਖਿਆ,‘‘ਕੈਟਰੀਨਾ ਕੈਫ਼ ਮਹਾਂਕੁੰਭ ’ਚ... ਕੈਟਰੀਨਾ ਨੇ ਪ੍ਰਯਾਗਰਾਜ ਦੇ ਪਰਮਾਰਥ ਨਿਕੇਤਨ ਦਾ ਦੌਰਾ ਕੀਤਾ।’’ ਕੈਟਰੀਨਾ ਨੇ ਪਰਮਾਰਥ ਨਿਕੇਤਨ ਆਸ਼ਰਮ ਦੇ ਪ੍ਰਧਾਨ ਸਵਾਮੀ ਚਿਦਾਨੰਦ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਦਾ ਆਸ਼ੀਰਵਾਦ ਲਿਆ। ਕੈਟਰੀਨਾ ਨੇ ਕਿਹਾ ਕਿ ਉਸ ਨੂੰ ਇਥੇ ਪਹੁੰਚ ਕੇ ਬਹੁਤ ਖੁਸ਼ੀ ਹੋਈ ਹੈ। ਇਸ ਤੋਂ ਪਹਿਲਾਂ ਕੈਟਰੀਨਾ ਦੇ ਪਤੀ ਵਿੱਕੀ ਕੌਸ਼ਲ ਨੇ ਮਹਾਂਕੁੰਭ ਮੇਲੇ ’ਚ ਹਾਜ਼ਰੀ ਲਵਾਈ ਸੀ। ਅਦਾਕਾਰ ਅਕਸ਼ੈ ਕੁਮਾਰ ਨੇ ਮਹਾਂਕੁੰਭ ’ਚ ਪਹੁੰਚ ਕੇ ਪੂਜਾ ਕੀਤੀ ਸੀ। ਅਕਸ਼ੈ ਨੇ ਮਹਾਂਕੁੰਭ ਦੇ ਪ੍ਰਬੰਧਾਂ ਦੀ ਸ਼ਲਾਘਾ ਕਰਦਿਆਂ ਯੂਪੀ ਦੇ ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥ ਦਾ ਧੰਨਵਾਦ ਕੀਤਾ ਸੀ। -ਏਐੱਨਆਈ/ਆਈਏਐੱਨਐੱਸ
