ਕਠੂਆ ਹਮਲਾ: ਅਤਿਵਾਦੀਆਂ ਖ਼ਿਲਾਫ਼ ਤਲਾਸ਼ੀ ਮੁਹਿੰਮ ਤੇਜ਼
ਕਠੂਆ/ਜੰਮੂ/ਮਛੇਦੀ (ਜੰਮੂ ਕਸ਼ਮੀਰ), 9 ਜੁਲਾਈ
ਜੰਮੂ ਕਸ਼ਮੀਰ ਦੇ ਕਠੂਆ ਜ਼ਿਲ੍ਹੇ ਵਿੱਚ ਬੀਤੇ ਦਿਨ ਫੌਜੀ ਕਾਫ਼ਲੇ ’ਤੇ ਘਾਤ ਲਾ ਕੇ ਕੀਤੇ ਹਮਲੇ ਮਗਰੋਂ ਅਤਿਵਾਦੀਆਂ ਦੀ ਭਾਲ ਲਈ ਅੱਜ ਤਲਾਸ਼ੀ ਮੁਹਿੰਮ ਤੇਜ਼ ਕਰ ਦਿੱਤੀ ਗਈ ਹੈ। ਕੇਂਦਰੀ ਸ਼ਾਸਿਤ ਪ੍ਰਦੇਸ਼ ਦੇ ਡੀਜੀਪੀ ਆਰਆਰ ਸਵੈਨ ਨਿੱਜੀ ਤੌਰ ’ਤੇ ਊਧਮਪੁਰ ਜ਼ਿਲ੍ਹੇ ਦੇ ਬਸੰਤਗੜ੍ਹ ਨਾਲ ਲਗਦੇ ਸੰਘਣੇ ਜੰਗਲਾਂ ਵਿੱਚ ਚੱਲ ਰਹੀ ਅਤਿਵਾਦ ਵਿਰੋਧੀ ਮੁਹਿੰਮ ਦੀ ਨਿਗਰਾਨੀ ਕਰ ਰਹੇ ਹਨ। ਇਸ ਇਲਾਕੇ ਵਿੱਚ ਪਹਿਲਾਂ ਵੀ ਕਈ ਮੁਕਾਬਲੇ ਹੋ ਚੁੱਕੇ ਹਨ। ਇਸ ਤੋਂ ਪਹਿਲਾਂ ਡੀਜੀਪੀ ਨੇ ਅਤਿਵਾਦੀਆਂ ਦਾ ਪਤਾ ਲਾਉਣ ਅਤੇ ਉਨ੍ਹਾਂ ਨੂੰ ਖ਼ਤਮ ਕਰਨ ਲਈ ਚੱਲ ਰਹੀ ਮੁਹਿੰਮ ਦੀ ਸਮੀਖਿਆ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਹਮਲੇ ਵਿੱਚ ਮਾਰੇ ਗਏ ਪੰਜ ਫੌਜੀਆਂ ਦੀਆਂ ਲਾਸ਼ਾਂ ਪੋਸਟਮਾਰਟਮ ਮਗਰੋਂ ਫੌਜ ਨੂੰ ਸੌਂਪ ਦਿੱਤੀਆਂ ਗਈਆਂ ਹਨ ਅਤੇ ਅੰਤਿਮ ਸੰਸਕਾਰ ਲਈ ਉਨ੍ਹਾਂ ਨੂੰ ਹਵਾਈ ਰਸਤੇ ਉਨ੍ਹਾਂ ਦੇ ਵਾਰਸਾਂ ਤੱਕ ਪਹੁੰਚਾਇਆ ਗਿਆ ਹੈ।
ਆਧੁਨਿਕ ਹਥਿਆਰਾਂ ਨਾਲ ਲੈਸ ਅਤਿਵਾਦੀਆਂ ਵੱਲੋਂ ਸੋਮਵਾਰ ਨੂੰ ਕਠੂਆ ਤੋਂ ਲਗਪਗ 150 ਕਿਲੋਮੀਟਰ ਦੂਰ ਬਦਨੋਟਾ ਪਿੰਡ ਨੇੜੇ ਮਛੇਦੀ-ਕਿੰਡਲੀ-ਮਲਹਾਰ ਪਹਾੜੀ ਰਸਤੇ ’ਤੇ ਬਾਅਦ ਦੁਪਹਿਰ ਲਗਪਗ ਸਾਢੇ ਤਿੰਨ ਵਜੇ ਫੌਜੀ ਕਾਫ਼ਲੇ ਨੂੰ ਨਿਸ਼ਾਨਾ ਬਣਾਇਆ ਗਿਆ। ਇਸ ਹਮਲੇ ਵਿੱਚ ਪੰਜ ਜਵਾਨ ਸ਼ਹੀਦ ਹੋ ਗਏ ਅਤੇ ਪੰਜ ਹੋਰ ਜ਼ਖ਼ਮੀ ਹੋ ਗਏ।
ਅਧਿਕਾਰੀਆਂ ਨੇ ਦੱਸਿਆ ਕਿ ਜ਼ੋਰਦਾਰ ਮੀਂਹ ਕਾਰਨ ਸੋਮਵਾਰ ਦੇਰ ਰਾਤ ਅਤਿਵਾਦੀਆਂ ਖ਼ਿਲਾਫ਼ ਤਲਾਸ਼ੀ ਮੁਹਿੰਮ ਰੋਕ ਦਿੱਤੀ ਸੀ ਜੋ ਅੱਜ ਮੁੜ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਫੌਜ, ਪੁਲੀਸ ਅਤੇ ਸੀਆਰਪੀਐੱਫ ਦੀਆਂ ਸਾਂਝੀਆਂ ਤਲਾਸ਼ੀ ਟੀਮਾਂ ਵੱਲੋਂ ਕਠੂਆ, ਊਧਮਪੁਰ ਅਤੇ ਡੋਡਾ ਸਮੇਤ ਵੱਖ-ਵੱਖ ਦਿਸ਼ਾਵਾਂ ਵਿੱਚ ਅਪਰੇਸ਼ਨ ਚਲਾਇਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਫੌਜ ਦੇ ਖਾਸ ਪੈਰਾ-ਕਮਾਂਡੋ ਅਤੇ ਖੋਜੀ ਕੁੱਤੇ ਤਲਾਸ਼ੀ ਮੁਹਿੰਮ ਵਿੱਚ ਸ਼ਾਮਲ ਹਨ ਜਦਕਿ ਡਰੋਨ ਤੇ ਹੈਲੀਕਾਪਟਰ ਦੀ ਮਦਦ ਨਾਲ ਅਸਮਾਨ ਰਾਹੀਂ ਨਜ਼ਰ ਰੱਖੀ ਜਾ ਰਹੀ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਪਿੰਡ ਵਾਸੀਆਂ ਨੇ ਵੀ ਮੁਹਿੰਮ ਵਿੱਚ ਅਹਿਮ ਭੂਮਿਕਾ ਨਿਭਾਈ ਅਤੇ ਜਵਾਨਾਂ ਨੂੰ ਬਚਾਉਣ ਵਿੱਚ ਮਦਦ ਕੀਤੀ। ਕਈ ਇਲਾਕਿਆਂ ਵਿੱਚ ਪਾਕਿਸਤਾਨ ਖ਼ਿਲਾਫ਼ ਪ੍ਰਦਰਸ਼ਨ ਹੋ ਰਹੇ ਹਨ ਅਤੇ ਲੋਕ ਅਤਿਵਾਦੀ ਹਮਲੇ ਦੀ ਨਿਖੇਧੀ ਕਰਦਿਆਂ ਸੜਕਾਂ ’ਤੇ ਨਿੱਤਰ ਰਹੇ ਹਨ। -ਪੀਟੀਆਈ
ਅਤਿਵਾਦੀ ਸਰਗਰਮੀਆਂ ਦਾ ਕੇਂਦਰ ਬਣਿਆ ਜੰਮੂ ਖੇਤਰ: ਕਾਂਗਰਸ
ਨਵੀਂ ਦਿੱਲੀ: ਕਾਂਗਰਸ ਨੇ ਕਠੂਆ ਅਤਿਵਾਦੀ ਹਮਲੇ ਸਬੰਧੀ ਅੱਜ ਕਿਹਾ ਕਿ ਕਸ਼ਮੀਰ ਵਾਦੀ ਮਗਰੋਂ ਹੁਣ ਜੰਮੂ ਖੇਤਰ ਅਤਿਵਾਦੀ ਸਰਗਰਮੀਆਂ ਦਾ ਨਵਾਂ ਕੇਂਦਰ ਬਣ ਗਿਆ ਹੈ ਅਤੇ ਸਰਕਾਰ ਨੂੰ ਇਸ ਨੂੰ ਗੰਭੀਰਤਾ ਨਾਲ ਲੈਂਦਿਆਂ ਢੁਕਵਾਂ ਕਦਮ ਚੁੱਕਣਾ ਚਾਹੀਦਾ ਹੈ। ਕਾਂਗਰਸ ਸੰਸਦ ਮੈਂਬਰ ਦੀਪੇਂਦਰ ਸਿੰਘ ਹੁੱਡਾ ਨੇ ਕਿਹਾ ਕਿ ਇਸ ਮਾਮਲੇ ’ਤੇ ਸਰਕਾਰ ਨੂੰ ਦੇਸ਼ ਨੂੰ ਭਰੋਸੇ ਵਿੱਚ ਲੈਣਾ ਚਾਹੀਦਾ ਹੈ ਕਿ ਉਹ ਅੰਦਰੂਨੀ ਸੁਰੱਖਿਆ ਯਕੀਨੀ ਬਣਾਉਣ ਲਈ ਕੀ ਕਦਮ ਚੁੱਕ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਹੁਣ ਪਾਕਿਸਤਾਨ ਨੂੰ ਇਸ ਕਾਰਵਾਈ ਦਾ ਜਵਾਬ ਦੇਣ ਦਾ ਸਮਾਂ ਆ ਗਿਆ ਹੈ। -ਪੀਟੀਆਈ
ਭਗਵੰਤ ਮਾਨ ਵੱਲੋਂ ਪੰਜ ਜਵਾਨਾਂ ਦੀ ਮੌਤ ’ਤੇ ਦੁੱਖ ਪ੍ਰਗਟ
ਅੰਮ੍ਰਿਤਸਰ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜੰਮੂ ਕਸ਼ਮੀਰ ਦੇ ਕਠੂਆ ਵਿੱਚ ਅਤਿਵਾਦੀ ਹਮਲੇ ਵਿੱਚ ਜਾਨਾਂ ਗੁਆਉਣ ਵਾਲੇ ਪੰਜ ਜਵਾਨਾਂ ਦੇ ਪਰਿਵਾਰਾਂ ਨਾਲ ਡੂੰਘੀ ਹਮਦਰਦੀ ਪ੍ਰਗਟ ਕੀਤੀ ਹੈ। ਭਗਵੰਤ ਮਾਨ ਨੇ ਸੋਸ਼ਲ ਮੀਡੀਆ ਪਲੈਟਫਾਰਮ ‘ਐਕਸ’ ’ਤੇ ਲਿਖਿਆ, ‘‘ਜੰਮੂ ਕਸ਼ਮੀਰ ਦੇ ਕਠੂਆ ਵਿੱਚ ਅਤਿਵਾਦੀ ਹਮਲੇ ਦੌਰਾਨ ਪੰਜ ਜਵਾਨਾਂ ਦੇ ਸ਼ਹੀਦ ਹੋਣ ਅਤੇ ਕੁੱਝ ਹੋਰਾਂ ਦੇ ਜ਼ਖ਼ਮੀ ਹੋਣ ਦੀ ਉਦਾਸ ਕਰਨ ਵਾਲੀ ਖ਼ਬਰ ਮਿਲੀ ਹੈ। ਮੈਂ ਦੇਸ਼ ਦੀ ਸੁਰੱਖਿਆ ਲਈ ਜਾਨਾਂ ਵਾਰਨ ਵਾਲੇ ਜਵਾਨਾਂ ਦੇ ਜਜ਼ਬੇ ਤੇ ਬਹਾਦਰੀ ਨੂੰ ਸਲਾਮ ਕਰਦਾ ਹਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਮੇਰੀ ਡੂੰਘੀ ਹਮਦਰਦੀ ਹੈ। ਜ਼ਖ਼ਮੀ ਜਵਾਨਾਂ ਦੇ ਛੇਤੀ ਸਿਹਤਯਾਬ ਹੋਣ ਲਈ ਮੈਂ ਅਰਦਾਸ ਕਰਦਾ ਹਾਂ।’’ -ਏਐੱਨਆਈ
ਕਠੂਆ ਅਤਿਵਾਦੀ ਹਮਲਾ ਕਾਇਰਾਨਾ ਕਾਰਵਾਈ: ਮੁਰਮੂ
ਨਵੀਂ ਦਿੱਲੀ: ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਜੰਮੂ ਕਸ਼ਮੀਰ ਦੇ ਕਠੂਆ ਜ਼ਿਲ੍ਹੇ ਵਿੱਚ ਅਤਿਵਾਦੀ ਹਮਲੇ ਨੂੰ ਕਾਇਰਾਨਾ ਕਾਰਵਾਈ ਕਰਾਰ ਦਿੰਦਿਆਂ ਇਸ ਦੀ ਨਿਖੇਧੀ ਕੀਤੀ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਸ ਹਮਲੇ ਵਿੱਚ ਮਾਰੇ ਗਏ ਪੰਜ ਫੌਜੀ ਜਵਾਨਾਂ ਦੀ ਮੌਤ ’ਤੇ ਅੱਜ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਸੁਰੱਖਿਆ ਬਲ ਇਸ ਖੇਤਰ ਵਿੱਚ ਸ਼ਾਂਤੀ ਬਹਾਲ ਕਰਨ ਲਈ ਦ੍ਰਿੜ੍ਹ ਹਨ। ਉਧਰ, ਰੱਖਿਆ ਸਕੱਤਰ ਗਿਰੀਧਰ ਅਰਮਾਨੇ ਨੇ ਕਿਹਾ ਕਿ ਇਸ ਹਮਲੇ ਦਾ ਬਦਲਾ ਜ਼ਰੂਰ ਲਿਆ ਜਾਵੇਗਾ ਅਤੇ ਭਾਰਤ ਇਸ ਹਮਲੇ ਪਿੱਛਲੀਆਂ ਬੁਰੀਆਂ ਤਾਕਤਾਂ ਨੂੰ ਹਰਾ ਦੇਵੇਗਾ।