ਕਟਾਰੂਚੱਕ ਨੇ ਸ਼ੁਰੂ ਕਰਵਾਈ ਮਲਿਕਪੁਰ-ਕਥਲੌਰ ਸੜਕ ਦੀ ਮੁਰੰਮਤ
ਪੱਤਰ ਪ੍ਰੇਰਕ
ਪਠਾਨਕੋਟ, 9 ਦਸੰਬਰ
ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਅੱਜ ਵਿਧਾਨ ਸਭਾ ਹਲਕਾ ਭੋਆ ਅਧੀਨ ਪੈਂਦੇ ਮਲਿਕਪੁਰ ਤੋਂ ਕਥਲੌਰ ਵਾਇਆ ਸੁੰਦਰਚੱਕ-ਕੀੜੀ ਸੜਕ ਦੇ ਨਿਰਮਾਣ ਕਾਰਜ ਅਧੀਨ ਪ੍ਰੀਮਿਕਸ ਪਾਉਣ ਦੀ ਸ਼ੁਰੂਆਤ ਕਰਵਾਈ। ਇਸ ਮੌਕੇ ਬਲਾਕ ਪ੍ਰਧਾਨ ਰਜਿੰਦਰ ਸਿੰਘ ਭਿੱਲਾ, ਸਾਬਕਾ ਸਰਪੰਚ ਨੰਗਲ ਕੋਠੇ ਸੁਖਦੇਵ ਸਿੰਘ, ਬਲਾਕ ਪ੍ਰਧਾਨ ਸੋਹਣ ਲਾਲ, ਵਿਕਾਸ ਕੁਮਾਰ, ਰੌਬਿਨ, ਸਰਪੰਚ ਸੁੰਦਰ ਚੱਕ ਅਭਿਸ਼ੇਕ (ਨੰਦੂ), ਦੇਵ ਰਾਜ ਮੁਰਾਦਪੁਰ, ਸੁਨੀਲ ਕੁਮਾਰ ਭੋਆ, ਮੁੰਨਾ ਠਾਕੁਰ, ਸਿਹੋੜਾ ਦੇ ਬਲਾਕ ਪ੍ਰਧਾਨ ਸੁਰਿੰਦਰ ਸ਼ਾਹ ਆਦਿ ਹਾਜ਼ਰ ਸਨ। ਇਸ ਸੜਕ ਦੇ ਬਣਨ ਨਾਲ 50 ਤੋਂ ਵੱਧ ਪਿੰਡਾਂ ਦੇ ਲੋਕਾਂ ਨੂੰ ਰਾਹਤ ਮਿਲੇਗੀ। ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਹਲਕਾ ਭੋਆ ਦੇ ਮਲਿਕਪੁਰ ਤੋਂ ਕਥਲੌਰ ਵਾਇਆ ਸੁੰਦਰਚੱਕ-ਕੀੜੀ ਸੜਕ ਦੀ ਹਾਲਤ ਬਹੁਤ ਖਰਾਬ ਸੀ ਅਤੇ ਲੋਕਾਂ ਨੂੰ ਆਏ ਦਿਨ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ। ਇਹ ਸੜਕ ਮਾਈਨਿੰਗ ਦੇ ਓਵਰਲੋਡਿਡ ਹੈਵੀ ਟਰੱਕ, ਟਰਾਲੇ ਲੰਘਣ ਕਾਰਨ ਪਿਛਲੀ ਸਰਕਾਰ ਵੇਲੇ ਦੀ ਖਰਾਬ ਸੀ ਤੇ ਇਹ ਸੜਕ ਨੂੰ ਉਨ੍ਹਾਂ ਨੂੰ ਵਿਰਾਸਤ ਵਿੱਚ ਮਿਲੀ। ਇਸ ਸੜਕ ਤੇ ਪ੍ਰੀਮਿਕਸ ਪਾਉਣ ਦੇ ਕਾਰਜ ਦਾ ਆਰੰਭ ਕੀਤਾ ਗਿਆ ਹੈ। ਉਨ੍ਹਾਂ ਉਥੇ ਮੌਜੂਦ ਠੇਕੇਦਾਰ ਨੂੰ ਨਿਰਦੇਸ਼ ਦਿੱਤੇ ਕਿ ਇਸ ਦਾ ਨਿਰਮਾਣ ਮਿਆਰੀ ਪੱਧਰ ’ਤੇ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਇਸ ਮਾਰਗ ਤੇ ਕਰੀਬ 15 ਕਰੋੜ ਰੁਪਏ ਖਰਚਾ ਆਵੇਗਾ ਅਤੇ ਇਸ ਦੀ ਲੰਬਾਈ ਕਰੀਬ 17 ਕਿਲੋਮੀਟਰ ਹੈ। ਇਹ ਬੜੀ ਪੁਰਾਣੀ ਸੜਕ ਹੈ ਅਤੇ ਇਸ ਨੂੰ ਲਾਹੌਰ ਰੋਡ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਉਨ੍ਹਾਂ ਐਲਾਨ ਕੀਤਾ ਕਿ ਬਾਕੀ ਟੁੱਟੀਆਂ ਸੜਕਾਂ ਵੀ ਬਣਾਈਆਂ ਜਾਣਗੀਆਂ ਅਤੇ ਵਿਧਾਨ ਸਭਾ ਹਲਕਾ ਭੋਆ ਦੇ ਲੋਕਾਂ ਨੂੰ ਵਧੀਆ ਕਵਾਲਿਟੀ ਦੀਆਂ ਸੜਕਾਂ ਦਿੱਤੀਆਂ ਜਾਣਗੀਆਂ।