ਕਟਾਰੂਚੱਕ ਵੱਲੋਂ ਨਾਨਕ ਬਗ਼ੀਚੀ ਦਾ ਉਦਘਾਟਨ
ਪਠਾਨਕੋਟ (ਐੱਨਪੀ ਧਵਨ): ਵਾਤਾਵਰਨ ਦਿਵਸ ਮੌਕੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਅੱਜ ਪਠਾਨਕੋਟ ਵਿੱਚ ਡਲਹੌਜ਼ੀ ਰੋਡ ਤੇ ਇੱਕ ਨਾਨਕ ਬਗ਼ੀਚੀ ਦਾ ਉਦਘਾਟਨ ਕੀਤਾ। ਇਸ ਮੌਕੇ ਵਣ ਮੰਡਲ ਅਫ਼ਸਰ ਪਠਾਨਕੋਟ ਧਰਮਵੀਰ ਦੈੜੂ, ਵਾਈਲਡ ਲਾਈਫ ਡੀਐਫਓ ਪਠਾਨਕੋਟ ਪਰਮਜੀਤ ਸਿੰਘ, ਬਲਾਕ ਪ੍ਰਧਾਨ ਸੰਦੀਪ ਕੁਮਾਰ, ਰੇਂਜ ਅਫਸਰ ਵਰਿੰਦਰਜੀਤ ਸਿੰਘ ਵੀ ਹਾਜ਼ਰ ਸਨ। ਸ੍ਰੀ ਕਟਾਰੂਚੱਕ ਨੇ ਕਿਹਾ ਕਿ ਜੰਗਲਾਤ ਵਿਭਾਗ ਵੱਲੋਂ ਵੱਖੋ-ਵੱਖ ਸਕੀਮਾਂ ਤਹਿਤ ਕਰੀਬ 60 ਲੱਖ ਪੌਦੇ ਲਗਾਏ ਜਾਣੇ ਹਨ। ਇਸ ਤੋਂ ਇਲਾਵਾ ਇਸ ਸਾਲ 382 ਨਾਨਕ ਬਗੀਚੀਆਂ ਤੇ 52 ਵਣ ਲਗਾਏ ਜਾਣੇ ਹਨ ਅਤੇ 331 ਹੈਕਟੇਅਰ ਸੰਸਥਾਗਤ ਖੇਤਰ ਵਿੱਚ ਬੂਟੇ ਲਗਾਏ ਜਾਣਗੇ। ਨਾਨਕ ਬਗ਼ੀਚੀ ਵਿੱਚ 30 ਤਰ੍ਹਾਂ ਦੇ 700 ਬੂਟੇ ਲਗਾਏ ਗਏ ਹਨ।
ਇਸੇ ਦੌਰਾਨ ਮੰਤਰੀ ਕਟਾਰੂਚੱਕ ਨੇ ਧਾਰ, ਦੁਨੇਰਾ ਅਤੇ ਪਠਾਨਕੋਟ ਅਧੀਨ ਵਣ ਹੇਠ ਆਉਂਦੇ ਰਕਬਿਆਂ ਦੇ ਐਂਟਰੀ ਪੁਆਇੰਟਾਂ ’ਤੇ ਸੀਸੀਟੀਵੀ ਕੈਮਰੇ ਲਗਵਾਏ ਤੇ ਅੱਜ ਵਣ ਮੰਡਲ ਦਫ਼ਤਰ ਪਠਾਨਕੋਟ ਵਿੱਚ ਕੰਟਰੋਲ ਰੂਮ ਦਾ ਵੀ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਇਸ ਨਾਲ ਵਿਭਾਗੀ ਅਧਿਕਾਰੀ ਕਿਸੇ ਵੀ ਖੇਤਰ ’ਤੇ ਨਜ਼ਰ ਰੱਖਣਗੇ।