ਕਟਾਰੂਚੱਕ ਨੇ ਬੀਐੱਸਐੱਫ ਤੇ ਪੁਲੀਸ ਜਵਾਨਾਂ ਨਾਲ ਲੋਹੜੀ ਮਨਾਈ
ਐੱਨਪੀ ਧਵਨ
ਪਠਾਨਕੋਟ, 13 ਜਨਵਰੀ
ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਹਿੰਦ-ਪਾਕਿ ਦੀ ਕੌਮਾਂਤਰੀ ਸਰਹੱਦ ’ਤੇ ਪੁੱਜ ਕੇ ਸਿੰਬਲ ਸਕੋਲ ਪੋਸਟ ਉਪਰ ਤਾਇਨਾਤ ਬੀਐੱਸਐੱਫ ਅਤੇ ਪੁਲੀਸ ਦੇ ਜਵਾਨਾਂ ਨਾਲ ਲੋਹੜੀ ਮਨਾਈ। ਉਨ੍ਹਾਂ ਪੋਸਟ ਉਪਰ ਬਣੇ 1971 ਦੀ ਜੰਗ ਦੇ ਸ਼ਹੀਦ ਕਮਲਜੀਤ ਸਿੰਘ ਦੇ ਸਮਾਰਕ ਉਪਰ ਫੁੱਲ ਭੇਟ ਕਰਕੇ ਸ਼ਰਧਾਂਜਲੀ ਦਿੱਤੀ ਅਤੇ ਫਿਰ ਜਵਾਨਾਂ ਨੂੰ ਫਲ, ਤਿਲ, ਗੁੜ, ਰਿਉੜੀਆਂ ਤੇ ਮੂੰਗਫਲੀ ਭੇਟ ਕੀਤੀ। ਇਸ ਮੌਕੇ ਡਿਪਟੀ ਕਮਿਸ਼ਨਰ ਆਦਿੱਤਿਆ ਉੱਪਲ, ਐੱਸਐੱਸਪੀ ਦਲਜਿੰਦਰ ਸਿੰਘ ਢਿੱਲੋਂ, ਜ਼ਿਲ੍ਹਾ ਪ੍ਰਧਾਨ ਬੀਸੀ ਵਿੰਗ ਨਰੇਸ਼ ਸੈਣੀ, ਬਲਾਕ ਪ੍ਰਧਾਨ ਪਵਨ ਕੁਮਾਰ ਫੌਜੀ, ਸੰਦੀਪ ਕੁਮਾਰ ਅਤੇ ਬੀਐਸਐਫ ਦੇ ਅਧਿਕਾਰੀ ਮੌਜੂਦ ਸਨ।
ਕੈਬਨਿਟ ਮੰਤਰੀ ਨੇ ਬੀਐਸਐਫ ਦੇ ਜਵਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਉਨ੍ਹਾਂ ਨੂੰ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰ ਰਹੇ ਜਵਾਨਾਂ ਨਾਲ ਲੋਹੜੀ ਦਾ ਤਿਉਹਾਰ ਮਨਾ ਕੇ ਬਹੁਤ ਖੁਸ਼ੀ ਹੋ ਰਹੀ ਹੈ। ਇਹ ਤਿਉਹਾਰ ਸਾਡੇ ਸੱਭਿਆਚਾਰ ਨਾਲ ਜੋੜਦੇ ਹਨ ਅਤੇ ਆਪਸੀ ਪਿਆਰ, ਸਾਂਝੀਵਾਲਤਾ ਅਤੇ ਮਿਲਜੁਲ ਕੇ ਰਹਿਣ ਦਾ ਸੁਨੇਹਾ ਦਿੰਦੇ ਹਨ। ਉਨ੍ਹਾਂ ਕਿਹਾ ਕਿ ਇਹ ਸੁਰੱਖਿਆ ਦੇ ਪੱਖ ਤੋਂ ਸੰਵੇਦਨਸ਼ੀਲ ਇਲਾਕਾ ਹੈ ਅਤੇ ਦੁਸ਼ਮਣ ਦੇਸ਼ ਇੱਧਰ ਡਰੋਨ ਰਾਹੀਂ ਨਸ਼ਾ ਤੇ ਹਥਿਆਰ ਭੇਜਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਚੁਣੌਤੀ ਭਰੇ ਕਾਰਜ ਨੂੰ ਬੀਐੱਸਐੱਫ ਅਤੇ ਪੰਜਾਬ ਪੁਲੀਸ ਵੱਲੋਂ ਸਾਂਝੀਆਂ ਕਾਰਵਾਈਆਂ ਕਰਕੇ ਉਨ੍ਹਾਂ ਨੂੰ ਵਾਪਸ ਆਪਣੇ ਦੇਸ਼ ਪਰਤਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਬਾਅਦ ਵਿੱਚ ਉਨ੍ਹਾਂ ਇਸ ਖੇਤਰ ਅੰਦਰ ਉਝ ਦਰਿਆ ਦੇ ਪੁਲ ਵਾਲੇ ਇਲਾਕੇ ਦਾ ਜਾਇਜ਼ਾ ਲਿਆ ਤੇ ਜਵਾਨਾਂ ਦੀ ਪ੍ਰਸ਼ੰਸਾ ਕੀਤੀ।
ਮੰਤਰੀਆਂ ਤੇ ਡੀਸੀ ਨੇ ਪਿੰਗਲਵਾੜਾ ਦੇ ਬੱਚਿਆਂ ਨਾਲ ਮਨਾਈ ਲੋਹੜੀ
ਅੰਮ੍ਰਿਤਸਰ (ਜਸਬੀਰ ਸਿੰਘ ਸੱਗੂ): ਪਿੰਗਲਵਾੜਾ ਵਾਲਾ ਵਿਖੇ ਅੱਜ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਅਤੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਮਾਨਾਂਵਾਲਾ ਬਰਾਂਚ ਪਿੰਗਲਵਾੜਾ ਵਿੱਚ ਬੱਚਿਆਂ ਨਾਲ ਮਿਲ ਕੇ ਲੋਹੜੀ ਮਨਾਈ। ਕੈਬਨਿਟ ਮੰਤਰੀ ਧਾਲੀਵਾਲ ਨੇ ਪਿੰਗਲਵਾੜਾ ਸੁਸਾਇਟੀ ਨੂੰ ਆਪਣੇ ਅਖਤਿਆਰੀ ਫੰਡ ਵਿੱਚੋਂ 5 ਲੱਖ ਰੁਪਏ ਦਾ ਚੈੱਕ ਭੇਟ ਕਰਦਿਆਂ ਕਿਹਾ ਕਿ ਇਹ ਬੱਚੇ ਵੀ ਸਮਾਜ ਦਾ ਇੱਕ ਅਜਿਹਾ ਹਿੱਸਾ ਹਨ, ਜੋ ਸਾਡੇ ਸਮਾਜ ਦੀ ਤਰੱਕੀ ਵਿੱਚ ਆਪਣਾ ਅਹਿਮ ਯੋਗਦਾਨ ਪਾ ਸਕਦੇ ਹਨ। ਉਨ੍ਹਾਂ ਕਿਹਾ ਕਿ ਅੱਜ ਇਨ੍ਹਾਂ ਬੱਚਿਆਂ ਨਾਲ ਮਿਲ ਕੇ ਲੋਹੜੀ ਮਨਾ ਕੇ ਉਹ ਖੁਸ਼ੀ ਮਹਿਸੂਸ ਕਰ ਰਿਹਾ ਹਨ। ਧਾਲੀਵਾਲ ਨੇ ਵਾਅਦਾ ਮੁਤਾਬਿਕ ਪਿੰਗਲਵਾੜਾ ਚੈਰੀਟੇਬਲ ਟਰੱਸਟ ਨੂੰ ਬੱਚਿਆਂ ਦੀ ਭਲਾਈ ਲਈ 5 ਲੱਖ ਰੁਪਏ ਦਿੱਤੇ। ਕੈਪਟਨ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਪਿੰਗਲਵਾੜਾ ਬੱਚਿਆਂ ਨਾਲ ਲੋਹੜੀ ਮਨਾਉਂਦੇ ਹੋਏ ਕਿਹਾ ਕਿ ਅੱਜ ਉਹ ਬਹੁਤ ਖੁਸ਼ੀ ਮਹਿਸੂਸ ਕਰ ਰਹੇ ਹਨ। ਇਸ ਮੌਕੇ ਪਿੰਗਲਵਾੜਾ ਚੈਰੀਟੇਬਲ ਟਰੱਸਟ ਦੇ ਡਾ: ਇੰਦਰਜੀਤ ਕੌਰ, ਸਕੱਤਰ ਰੈਡ ਕਰਾਸ ਸੈਮਸਨ ਮਸੀਹ ਤੋਂ ਇਲਾਵਾ ਵੱਡੀ ਗਿਣਤੀ ‘ਚ ਪਿੰਗਲਵਾੜਾ ਸੁਸਾਇਟੀ ਦੇ ਬੱਚੇ ਅਤੇ ਸਟਾਫ ਹਾਜ਼ਰ ਸੀ।