For the best experience, open
https://m.punjabitribuneonline.com
on your mobile browser.
Advertisement

ਕਾਸੋ ਮੁਹਿੰਮ: ਪੁਲੀਸ ਨੇ ਵੱਖ ਵੱਖ ਥਾਈਂ ਤਲਾਸ਼ੀ ਲਈ

11:05 AM Oct 10, 2024 IST
ਕਾਸੋ ਮੁਹਿੰਮ  ਪੁਲੀਸ ਨੇ ਵੱਖ ਵੱਖ ਥਾਈਂ ਤਲਾਸ਼ੀ ਲਈ
ਜਲੰਧਰ ਵਿੱਚ ਕਾਸੋ ਮੁਹਿੰਮ ਤਹਿਤ ਬੁੱਧਵਾਰ ਨੂੰ ਪੁਲੀਸ ਕਰਮੀਆਂ ਨੂੰ ਹਦਾਇਤਾਂ ਜਾਰੀ ਕਰਦੇ ਹੋਏ ਸੀਨੀਅਰ ਅਧਿਕਾਰੀ। -ਫੋਟੋ: ਮਲਕੀਅਤ ਸਿੰਘ
Advertisement

ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 9 ਅਕਤੂਬਰ
ਨਸ਼ਾ ਤਸਕਰਾਂ ਤੇ ਮਾੜੇ ਅਨਸਰਾਂ ਨੂੰ ਨੱਥ ਪਾਉਣ ਅਤੇ ਕਾਨੂੰਨ ਵਿਵੱਸਥਾ ਤੇ ਅਮਨ-ਸ਼ਾਂਤੀ ਬਣਾਈ ਰੱਖਣ ਲਈ ਪੁਲੀਸ ਨੇ ਅੱਜ ਕਾਰਡੋਨ ਅਤੇ ਸਰਚ ਅਪਰੇਸ਼ਨ (ਕਾਸੋ) ਚਲਾਇਆ ਗਿਆ। ਇਸ ਤਹਿਤ ਸਵੇਰੇ ਗਿਆਰਾਂ ਵਜੇ ਤੋਂ ਦੁਪਹਿਰ ਤਿੰਨ ਵਜੇ ਤੱਕ ਕਮਿਸ਼ਨਰੇਟ ਪੁਲੀਸ ਨੇ ਗੁਰੂ ਤੇਗ ਬਹਾਦਰ ਨਗਰ ਵਿੱਖੇ ਬਣੇ ਫਲੈਟਾਂ ਅਤੇ ਮਕਬੂਲਪੁਰਾਂ ਦੇ ਇਲਾਕੇ ਵਿਚ , ਬੱਸ ਸਟੈਂਡ ਆਦਿ ਖੇਤਰ ਵਿੱਚ ਤਲਾਸ਼ੀ ਮੁਹਿੰਮ ਚਲਾਈ। ਜਿਸ ਦੀ ਅਗਵਾਈ ਪੁਲੀਸ ਦੇ ਏ.ਡੀ.ਜੀ.ਪੀ ਰਾਮ ਸਿੰਘ ਤੇ ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕੀਤੀ। ਇਸ ਕਾਰਵਾਈ ਵਿੱਚ ਲਗਪਗ 1000 ਪੁਲੀਸ ਜਵਾਨਾਂ ਦੀਅ ਵੱਖ-ਵੱਖ ਟੀਮਾਂ ਨੇ ਹਿੱਸਾ ਲਿਆ। ਥਾਣਾ ਮਕਬੂਲਪੁਰਾ ਖੇਤਰ ਵਿਚ ਸ੍ਰੀ ਗੁਰੂ ਤੇਗ ਬਹਾਦਰ ਨਗਰ ਵਿੱਚ ਬਣੇ ਫਲੈਟਾਂ ਤੇ ਬੱਸ ਅੱਡੇ ਵਿੱਚ ਏਡੀਜੀਪੀ ਅਤੇ ਕਮਿਸ਼ਨਰ ਵੱਲੋਂ ਖੁਦ ਆਪਰੇਸ਼ਨ ਦੀ ਦੇਖ-ਰੇਖ ਕੀਤੀ ਗਈ। ਵੱਖ-ਵੱਖ ਖੇਤਰਾਂ ਵਿੱਖੇ ਪੁਲੀਸ ਵਲੋਂ ਬਾਰੀਕੀ ਨਾਲ ਸਰਚ ਕੀਤੀ ਗਈ ਅਤੇ ਵਹੀਕਲਾਂ ਦੀ ਮਾਲਕੀ ਵੀ ਚੈੱਕ ਕੀਤੀ। ਇਸ ਤੋਂ ਇਲਾਵਾ ਸ਼ਹਿਰ ਵਿਚ ਵੱਖ-ਵੱਖ ਥਾਵਾਂ ਤੇ 24 ਨਾਕਿਆਂ, ਹੋਟਲਾਂ, ਸਰਾਵਾਂ, ਸ਼ਾਪਿੰਗ ਮਾਲਜ਼, ਰੇਲਵੇ ਸਟੇਸ਼ਨ ਤੇ ਭੀੜ-ਭਾੜ ਵਾਲੇ ਇਲਾਕਿਆਂ ਦੀ ਚੈਕਿੰਗ ਕੀਤੀ ਗਈ।

Advertisement

ਅੰਮ੍ਰਿਤਸਰ ਦੇ ਬੱਸ ਅੱਡੇ ਵਿੱਚ ਇੱਕ ਦੁਕਾਨ ’ਤੇ ਪਏ ਸਾਮਾਨ ਦੀ ਤਲਾਸ਼ੀ ਲੈਂਦੇ ਹੋਏ ਪੁਲੀਸ ਮੁਲਾਜ਼ਮ। -ਫੋਟੋ:ਵਿਸ਼ਾਲ ਕੁਮਾਰ

ਜਲੰਧਰ (ਹਤਿੰਦਰ ਮਹਿਤਾ): ਕਮਿਸ਼ਨਰੇਟ ਪੁਲੀਸ ਨੇ ਪੁਲੀਸ ਕਮਿਸ਼ਨਰ ਸਵਪਨ ਸ਼ਰਮਾ ਅਤੇ ਡੀਆਈਜੀ ਐੱਸ ਭੂਪਤੀ ਦੀ ਅਗਵਾਈ ਹੇਠ ਅੱਜ ਕਾਸੋ ਅਪਰੇਸ਼ਨ ਰਾਹੀਂ ਅਪਰਾਧ ਅਤੇ ਨਸ਼ਿਆਂ ਵਿਰੁੱਧ ਸ਼ਿਕੰਜਾ ਕੱਸਿਆ। ਵਧੀਕ ਡਾਇਰੈਕਟਰ ਜਨਰਲ ਆਫ਼ ਪੁਲੀਸ (ਏਡੀਜੀਪੀ) ਪੀਏਪੀ, ਐੱਮਐੱਫ ਫਾਰੂਕੀ ਨੇ ਜਲੰਧਰ ਦਿਹਾਤੀ ਪੁਲੀਸ ਦੇ ਐੱਸਐੱਸਪੀ ਹਰਕਮਲ ਪ੍ਰੀਤ ਸਿੰਘ ਖੱਖ ਨਾਲ ਮੁਹਿੰਮ ਦੌਰਾਨ 22 ਐੱਫਆਈਆਰ ਦਰਜ ਕੀਤੀਆਂ ਤੇ 28 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ।
ਹੁਸ਼ਿਆਰਪੁਰ (ਹਰਪ੍ਰੀਤ ਕੌਰ): ਜ਼ਿਲ੍ਹੇ ਵਿੱਚ ਏਡੀਜੀਪੀ ਪੰਜਾਬ ਅਨੀਤਾ ਪੁੰਜ ਤੇ ਐੱਸਐੱਸਪੀ ਸੁਰੇਂਦਰ ਲਾਂਬਾ ਦੀ ਅਗਵਾਈ ਹੇਠ ਕਾਰਡਨ ਐਂਡ ਸਰਚ (ਕਾਸੋ) ਮੁਹਿੰਮ ਚਲਾਈ ਗਈ। ਇਸ ਵਿੱਚ ਚਾਰ ਐੱਸਪੀ, 13 ਡੀਐੱਸਪੀ ਸਣੇ 879 ਪੁਲੀਸ ਮੁਲਾਜ਼ਮਾਂ ਨੇ ਭਾਗ ਲਿਆ। ਮੁਹਿੰਮ ਦੌਰਾਨ 360 ਗ੍ਰਾਮ ਨਸ਼ੀਲਾ ਪਾਊਡਰ, 20 ਗ੍ਰਾਮ ਹੈਰੋਇਨ, 1420 ਨਸ਼ੀਲੀਆਂ ਗੋਲੀਆਂ, 320 ਨਸ਼ੀਲੇ ਕੈਪਸੂਲ, 48,750 ਮਿਲੀਲੀਟਰ ਗੈਰ-ਕਾਨੂੰਨੀ ਸ਼ਰਾਬ, 32 ਦੇਸੀ ਸ਼ਰਾਬ ਦੀਆਂ ਬੋਤਲਾਂ, 4700 ਰੁਪਏ ਨਕਦ ਅਤੇ ਇੱਕ ਮੋਬਾਈਲ ਫ਼ੋਨ ਬਰਾਮਦ ਕੀਤਾ ਗਿਆ।
ਨਵਾਂਸ਼ਹਿਰ (ਲਾਜਵੰਤ ਸਿੰਘ): ਏਡੀਜੀਪੀ ਨਾਗੇਸ਼ਵਰ ਰਾਓ ਦੀ ਅਗਵਾਈ ਹੇਠ ਕਾਸੋ ਅਪਰੇਸ਼ਨ ਚਲਾਇਆ ਗਿਆ। ਐੱਸਐੱਸਪੀ ਡਾ. ਮਹਿਤਾਬ ਸਿੰਘ ਨੇ ਦੱਸਿਆ ਕਿ ਇਸ ਮੁਹਿੰਮ ਦੌਰਾਨ 343 ਸ਼ੱਕੀ ਵਿਅਕਤੀਆਂ ਦੀ ਪੜਤਾਲ ਕੀਤੀ ਗਈ ਤੇ ਨੌਂ ਦਰਜ ਕਰਕੇ ਨੌਂ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਗੁਰਦਾਸਪੁਰ (ਕੇਪੀ ਸਿੰਘ): ਗੁਰਦਾਸਪੁਰ ਪੁਲੀਸ ਵੱਲੋਂ ਵਿਸ਼ੇਸ਼ ਤਲਾਸ਼ੀ ਮੁਹਿੰਮ ਚਲਾਈ ਗਈ। ਐਸੱਐੱਸਪੀ ਦਾਯਮਾ ਹਰੀਸ਼ ਕੁਮਾਰ ਓਮ ਪ੍ਰਕਾਸ਼ ਅਤੇ ਉੱਚ ਪੁਲੀਸ ਅਧਿਕਾਰੀਆਂ ਨੇ ਛਾਪੇ ਮਾਰ ਕੇ ਸੱਤ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ 110 ਗ੍ਰਾਮ ਹੈਰੋਇਨ, 8860 ਰੁਪਏ ਡਰੱਗ ਮਨੀ, ਇੱਕ ਕੰਪਿਊਟਰ ਕੰਡਾ, 60 ਬੋਤਲਾਂ ਨਾਜਾਇਜ਼ ਸ਼ਰਾਬ, 400 ਲਿਟਰ ਲਾਹਣ ਅਤੇ ਇੱਕ ਚਾਲੂ ਭੱਠੀ ਬਰਾਮਦ ਕਰਕੇ ਮਾਮਲੇ ਦਰਜ ਕੀਤੇ ਗਏ।
ਪਠਾਨਕੋਟ (ਐੱਨਪੀ ਧਵਨ): ਜ਼ਿਲ੍ਹਾ ਪੁਲੀਸ ਪ੍ਰਸ਼ਾਸਨ ਵੱਲੋਂ ਅੱਜ ਇੱਥੇ ਕਾਸੋ ਆਪਰੇਸ਼ਨ ਦੌਰਾਨ ਸਰਚ ਅਭਿਆਨ ਚਲਾਇਆ ਗਿਆ। ਪੰਜਾਬ ਪੁਲੀਸ ਦੇ ਏਡੀਜੀਪੀ ਅੰਦਰੂਨੀ ਸੁਰੱਖਿਆ ਸ਼ਿਵ ਕੁਮਾਰ ਵਰਮਾ ਇਸ ਆਪਰੇਸ਼ਨ ਦਾ ਜਾਇਜ਼ਾ ਲੈਣ ਲਈ ਪੁੱਜੇ। ਇਸ ਦੌਰਾਨ ਐਸਐਸਪੀ ਪਠਾਨਕੋਟ ਦਲਜਿੰਦਰ ਸਿੰਘ ਢਿੱਲੋਂ, ਡੀਐਸਪੀ ਸਿਟੀ ਸੁਮੇਰ ਸਿੰਘ ਮਾਨ, ਤਿੰਨ ਥਾਣਿਆਂ ਦੇ ਐਸਐਚਓਜ਼ ਸਮੇਤ ਕੁੱਲ 400 ਜਵਾਨਾਂ ਨੇ ਨਸ਼ਾ ਤਸਕਰਾਂ ਦੇ ਇਲਾਕਿਆਂ ਅਤੇ ਬੱਸ ਸਟੈਂਡ ਦੀ ਤਲਾਸ਼ੀ ਲਈ। ਏਡੀਜੀਪੀ ਸ਼ਿਵ ਕੁਮਾਰ ਨੇ ਦੱਸਿਆ ਕਿ ਪੁਲੀਸ ਨੇ ਕਰੀਬ 10 ਵਿਸ਼ੇਸ਼ ਨਾਕੇ ਵੀ ਲਗਾਏ ਸਨ ਜਿੱਥੇ ਹਰ ਆਉਣ ਜਾਣ ਵਾਲੇ ਵਾਹਨ ਅਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕੀਤੀ ਗਈ।
ਬਟਾਲਾ (ਹਰਜੀਤ ਸਿੰਘ ਪਰਮਾਰ): ਅੱਜ ਡੀਆਈਜੀ ਐਸਟੀਐਫ ਐੱਸਕੇ ਰਾਮਪਾਲ ਦੀ ਅਗਵਾਈ ਵਿੱਚ ਪੁਲੀਸ ਜ਼ਿਲ੍ਹਾ ਬਟਾਲਾ ਦੀਆਂ ਵੱਖ-ਵੱਖ ਸਬ-ਡਵੀਜਨਾਂ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹਾ ਪੁਲੀਸ ਮੁਖੀ ਸੁਹੇਲ ਕਾਸਿਮ ਮੀਰ ਵੀ ਮੌਜੂਦ ਸਨ। ਐੱਸਐੱਸਪੀ ਬਟਾਲਾ ਸੁਹੇਲ ਕਾਸਿਮ ਮੀਰ ਨੇ ਦੱਸਿਆ ਕਿ ਅੱਜ ਬਟਾਲਾ ਦੇ ਗਾਂਧੀ ਕੈਂਪ ਤੋਂ ਇਲਾਵਾ ਫਤਿਹਗੜ੍ਹ ਚੂੜੀਆਂ ਦੇ ਪਿੰਡ ਸ਼ਾਮਪੁਰ, ਡੇਰਾ ਬਾਬਾ ਨਾਨਕ ਦੇ ਪਿੰਡ ਹਰੂਵਾਲ ਅਤੇ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਪਿੰਡ ਭੋਮਾ-ਬੋਹਜਾ ਵਿਖੇ ਵੀ ਤਲਾਸ਼ੀ ਮੁਹਿੰਮ ਚਲਾਈ ਗਈ ਹੈ।

Advertisement

ਚਿੰਨੀ ਗੈਂਗ ਦੇ ਛੇ ਮੈਂਬਰ ਹਥਿਆਰਾਂ ਸਣੇ ਗ੍ਰਿਫ਼ਤਾਰ

ਅੰਮ੍ਰਿਤਸਰ (ਟ੍ਰਿਬਿਉੂਨ ਨਿਉੂਜ਼ ਸਰਵਿਸ): ਪੁਲੀਸ ਨੇ ਚਿੰਨੀ ਗੈਂਗ ਦੇ ਛੇ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਤਿੰਨ ਪਿਸਤੌਲ, ਇੱਕ ਡਬਲ ਬੈਰਲ ਗੰਨ ਅਤੇ 15 ਕਾਰਤੂਸ ਬਰਾਮਦ ਕੀਤੇ ਹਨ। ਮੁਲਜ਼ਮਾਂ ਦੀ ਪਛਾਣ ਗੁਰਜਸ਼ਨ ਸਿੰਘ ਉਰਫ ਚੰਨੀ ਵਾਸੀ ਪਿੰਡ ਕੋਟਲੀ ਸਿੱਕਾ, ਪਾਰਸ ਸਿੰਘ ਉਰਫ ਰਾਜਾ ਵਾਸੀ ਨਰਾਇਣਗੜ੍ਹ, ਆਕਾਸ਼ ਬੀਰ ਸਿੰਘ ਉਰਫ ਯਾਦੀ ਤੇ ਮਨਪ੍ਰੀਤ ਸਿੰਘ ਉਰਫ ਮੰਨੂ ਦੋਵੇਂ ਵਾਸੀ ਪਿੰਡ ਸੁਲਤਾਨਵਿੰਡ, ਆਕਾਸ਼ਦੀਪ ਸਿੰਘ ਵਾਸੀ ਪਿੰਡ ਸੁਧਾਰ ਰਾਜਪੂਤਾਂ ਅਤੇ ਸੁਖਵਿੰਦਰ ਸਿੰਘ ਸੁੱਖਾ ਉਰਫ ਵਾਸੀ ਪਿੰਡ ਗੰਡੀਵਿੰਡ ਧੱਤਲ, ਤਰਨ ਤਾਰਨ ਵਜੋਂ ਹੋਈ ਹੈ। ਪੁਲੀਸ ਨੇ ਮੁਲਜ਼ਮਾਂ ਕੋਲੋਂ ਤਿੰਨ ਪਿਸਤੌਲ ਪੁਆਇੰਟ 32 ਬੋਰ ਦੇ, 12 ਬੋਰ ਦੀ ਇੱਕ ਡਬਲ ਬੈਰਲ ਗੰਨ ਅਤੇ 15 ਕਾਰਤੂਸ ਬਰਾਮਦ ਕੀਤੇ ਹਨ। ਇਸ ਸਬੰਧੀ ਥਾਣਾ ਛੇਹਰਾਟਾ ਵਿਖੇ ਅਸਲਾ ਐਕਟ ਹੇਠ ਕੇਸ ਦਰਜ ਕੀਤਾ ਗਿਆ। ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਇਸ ਬਾਰੇ ਖੁਲਾਸਾ ਕਰਦਿਆਂ ਦੱਸਿਆ ਕਿ ਇਹ ਮੁਲਜ਼ਮ ਸਾਰੇ ਚਿੰਨੀ ਗਰੁੱਪ ਦੇ ਮੈਂਬਰ ਹਨ, ਜੋ ਕਿ ਵੱਖ-ਵੱਖ ਤਰ੍ਹਾਂ ਦੇ ਅਪਰਾਧ ਕਤਲ, ਨਸ਼ਾ ਤਸਕਰੀ, ਲੁੱਟਾਂ-ਖੋਹਾਂ ਅਤੇ ਹਥਿਆਰਾਂ ਦੀ ਤਸਕਰੀ ਵਿੱਚ ਸ਼ਾਮਲ ਹਨ।

ਚੂਰਾ ਪੋਸਤ ਸਣੇ ਕਾਬੂ

ਫਗਵਾੜਾ: ਰਾਵਲਪਿੰਡੀ ਪੁਲੀਸ ਨੇ ਇੱਕ ਵਿਅਕਤੀ ਨੂੰ ਕਾਬੂ ਕਰਕੇ ਉਸ ਪਾਸੋਂ ਡੋਡੇ ਚੂੁਰਾ ਪੋਸਤ ਬਰਾਮਦ ਕਰਕੇ ਐੱਨਡੀਪੀਐੱਸ ਐਕਟ ਤਹਿਤ ਕੇਸ ਦਰਜ ਕੀਤਾ ਹੈ। ਐੱਸਪੀ ਰੁਪਿੰਦਰ ਕੌਰ ਭੱਟੀ ਨੇ ਦੱਸਿਆ ਕਿ ਰਾਵਲਪਿੰਡੀ ਐੱਸਐੱਚਓ ਬਲਵਿੰਦਰ ਸਿੰਘ ਭੁੱਲਰ ਦੀ ਅਗਵਾਈ ’ਚ ਪੁਲੀਸ ਨੇ ਕਾਸੋ ਆਪਰੇਸ਼ਨ ਚਲਾਇਆ ਸੀ ਜਿਸ ਦੌਰਾਨ ਕੁਲਦੀਪ ਸਿੰਘ ਪੁੱਤਰ ਰਾਮ ਸਿੰਘ ਵਾਸੀ ਜਗਜੀਤਪੁਰ ਨੂੰ ਕਾਬੂ ਕਰਕੇ ਉਸ ਪਾਸੋਂ ਤਿੰਨ ਕਿਲੋ ਡੋਡੇ ਚੂਰਾ ਪੋਸਤ ਬਰਾਮਦ ਕੀਤੇ ਹਨ। -ਪੱਤਰ ਪ੍ਰੇਰਕ

Advertisement
Author Image

Advertisement