ਹੱਡ ਚੀਰਵੀਂ ਠੰਢ ਤੇ ਬਿਜਲੀ ਦੇ ਲੰਮੇ ਕੱਟਾਂ ਨੇ ਝੰਬੇ ਕਸ਼ਮੀਰੀ
ਸ੍ਰੀਨਗਰ, 22 ਦਸੰਬਰ
ਕਸ਼ਮੀਰ ਵਿੱਚ 40 ਦਿਨਾਂ ਦੀ ਹੱਡ-ਚੀਰਵੀਂ ਠੰਢ ਦਾ ਦੌਰ ‘ਚਿੱਲਈ ਕਲਾਂ’ ਜਾਰੀ ਹੈ। ਸੀਤ ਲਹਿਰ ਦੇ ਬਾਵਜੂਦ ਵਾਰ-ਵਾਰ ਬਿਜਲੀ ਦੇ ਅਣਐਲਾਨੇ ਕੱਟਾਂ ਕਰ ਕੇ ਠੰਢ ਤੋਂ ਬਚਾਉਣ ਵਾਲੇ ਇਲੈਕਟ੍ਰਿਕ ਉਪਕਰਨ ਬੇਕਾਰ ਹੋ ਰਹੇ ਹਨ ਜਿਸ ਕਾਰਨ ਇਸ ਹੱਡ-ਚੀਰਵੀਂ ਠੰਢ ਤੋਂ ਬਚਣ ਲਈ ਕਸ਼ਮੀਰ ਵਾਸੀ ਰਵਾਇਤੀ ਤਰੀਕਿਆਂ ‘ਕਾਂਗੜੀ’ ਤੇ ‘ਹਮਾਮ’ ਵੱਲ ਪਰਤ ਰਹੇ ਹਨ।
ਸ੍ਰੀਨਗਰ ਵਿੱਚ ਸ਼ਨਿਚਰਵਾਰ ਨੂੰ 33 ਸਾਲਾਂ ਵਿੱਚ ਸਭ ਤੋਂ ਠੰਢੀ ਰਾਤ ਰਹੀ, ਜਿੱਥੇ ਘੱਟ ਤੋਂ ਘੱਟ ਤਾਪਮਾਨ ਮਨਫੀ 8.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਵਾਦੀ ਦੀਆਂ ਹੋਰ ਥਾਵਾਂ ’ਤੇ ਵੀ ਤਾਪਮਾਨ ਸਿਫ਼ਰ ਤੋਂ ਹੇਠਾਂ ਰਿਹਾ, ਜਿਸ ਕਾਰਨ ਕਈ ਇਲਾਕਿਆਂ ਵਿੱਚ ਪਾਣੀ ਸਪਲਾਈ ਕਰਨ ਵਾਲੀਆਂ ਪਾਈਪਲਾਈਨਾਂ ਵੀ ਜੰਮ ਗਈਆਂ। ਜ਼ਿਕਰਯੋਗ ਹੈ ਕਿ ਬਿਜਲੀ ਸਪਲਾਈ ਵਿੱਚ ਸਾਲ-ਦਰ-ਸਾਲ ਹੋਏ ਸੁਧਾਰ ਕਾਰਨ ਪਿਛਲੇ ਕੁੱਝ ਦਹਾਕਿਆਂ ਦੌਰਾਨ ਕਸ਼ਮੀਰ ਦੇ ਸ਼ਹਿਰੀ ਖੇਤਰਾਂ ਦੇ ਲੋਕਾਂ ਨੇ ਠੰਢ ਤੋਂ ਬਚਣ ਲਈ ਰਵਾਇਤੀ ਤਰੀਕਿਆਂ ਲੱਕੜ ਨਾਲ ਬਣੇ ‘ਹਮਾਮ’, ‘ਬੁਖਾਰੀ’ ਅਤੇ ‘ਕਾਂਗੜੀ’ ਨੂੰ ਛੱਡ ਦਿੱਤਾ ਸੀ। ਹਾਲਾਂਕਿ, ਇਨ੍ਹਾਂ ਦਿਨਾਂ ਦੌਰਾਨ ਕਸ਼ਮੀਰ ਵਿੱਚ ਪੈ ਰਹੀ ਕੜਾਕੇ ਦੀ ਠੰਢ ਕਾਰਨ ਬਹੁਤੀਆਂ ਥਾਵਾਂ ’ਤੇ ਨਿਰਵਿਘਨ ਬਿਜਲੀ ਸਪਲਾਈ ਨਾ ਹੋਣ ਕਾਰਨ ਇਲੈਕਟ੍ਰਿਕ ਯੰਤਰ ਬੇਕਾਰ ਹੋ ਰਹੇ ਹਨ। ਸ੍ਰੀਨਗਰ ਦੇ ਗੁਲਬਹਾਰ ਕਲੋਨੀ ਵਾਸੀ ਯਾਸਿਰ ਅਹਿਮਦ ਨੇ ਕਿਹਾ, “ਪਿਛਲੇ ਕੁਝ ਸਾਲਾਂ ਦੌਰਾਨ ਅਸੀਂ ਅਤਿ ਦੀ ਠੰਢ ਤੋਂ ਬਚਣ ਲਈ ‘ਇਲੈਕਟ੍ਰਿਕ’ ਉਪਕਰਨਾਂ ਦੀ ਵਰਤੋਂ ਕਰਨ ਦੇ ਆਦੀ ਹੋ ਗਏ ਸੀ। ਹਰ ਰੋਜ਼ 12 ਘੰਟੇ ਬਿਜਲੀ ਦੇ ਕੱਟ ਲੱਗਣ ਕਾਰਨ ਅਸੀਂ ਹੁਣ ਕਾਂਗੜੀ ਦਾ ਸਹਾਰਾ ਲੈ ਰਹੇ ਹਾਂ।’’
ਕਸ਼ਮੀਰ ਬਿਜਲੀ ਵਿਕਾਸ ਨਿਗਮ (ਕੇਪੀਡੀਸੀਐੱਲ) ਦੇ ਇੱਕ ਅਧਿਕਾਰੀ ਨੇ ਕਿਹਾ ਕਿ ਸਰਦੀਆਂ ਦੌਰਾਨ ਮੰਗ ਤੇਜ਼ੀ ਨਾਲ ਵਧਣ ਕਾਰਨ ਲੋਡ ਵਧ ਰਿਹਾ ਹੈ ਪਰ 16 ਘੰਟਿਆਂ ਦੇ ਕੱਟਾਂ ਦਾ ਦਾਅਵਾ ਗ਼ਲਤ ਹੈ।
ਮੌਸਮ ਵਿਭਾਗ ਨੇ ਕਿਹਾ ਕਿ ਕਸ਼ਮੀਰ ਵਿੱਚ ਸੀਤ ਲਹਿਰ ਤੋਂ ਕੁੱਝ ਰਾਹਤ ਮਿਲੀ ਹੈ, ਜਦਕਿ ਵਾਦੀ ਵਿੱਚ ਅੱਜ ਕਈ ਥਾਵਾਂ ’ਤੇ ਤਾਪਮਾਨ ਸਿਫ਼ਰ ਤੋਂ ਹੇਠਾਂ ਰਿਹਾ। ਉਨ੍ਹਾਂ ਕਿਹਾ ਕਿ ਬਹੁਤ ਜ਼ਿਆਦਾ ਠੰਢ ਕਾਰਨ ਪਾਣੀ ਦੇ ਸੋਮਿਆਂ ’ਤੇ ਬਰਫ਼ ਦੀ ਪਰਤ ਜੰਮ ਗਈ ਹੈ। ਦੱਖਣੀ ਕਸ਼ਮੀਰ ਦੇ ਪਹਿਲਗਾਮ ਵਿੱਚ ਘੱਟੋ-ਘੱਟ ਤਾਪਮਾਨ ਮਨਫ਼ੀ 4.9 ਡਿਗਰੀ, ਗੁਲਮਰਗ ’ਚ ਮਨਫੀ 4.6 ਡਿਗਰੀ, ਕਾਜ਼ੀਕੁੰਡ ’ਚ ਮਨਫ਼ੀ 5.2, ਪੰਪੋਰ ਇਲਾਕੇ ਦੇ ਕੋਨੀਬਾਲ ’ਚ ਮਨਫੀ 6.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। -ਪੀਟੀਆਈ
ਉਮਰ ਅਬਦੁੱਲਾ ਵੱਲੋਂ ਠੰਢ ਕਾਰਨ ਪ੍ਰੋਗਰਾਮ ਰੱਦ
ਸ੍ਰੀਨਗਰ: ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਅੱਜ ਜੰਮੂ ਵਿੱਚ ਆਪਣੇ ਸਾਰੇ ਪ੍ਰੋਗਰਾਮ ਰੱਦ ਕਰ ਦਿੱਤੇ ਅਤੇ ਕੜਾਕੇ ਦੀ ਠੰਢ ਦੇ ਮੱਦੇਨਜ਼ਰ ਬਿਜਲੀ ਵਿਭਾਗ ਤੇ ਹੋਰ ਜ਼ਰੂਰੀ ਸੇਵਾਵਾਂ ਦੇ ਕੰਮਕਾਜ ’ਤੇ ਨਜ਼ਰ ਰੱਖਣ ਲਈ ਸ੍ਰੀਨਗਰ ਵਿੱਚ ਰਹਿਣ ਦਾ ਫੈਸਲਾ ਕੀਤਾ। ਮੁੱਖ ਮੰਤਰੀ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਕਿਹਾ, ‘‘ਕਸ਼ਮੀਰ ਵਾਦੀ ਵਿੱਚ ਕੜਾਕੇ ਦੀ ਠੰਢ ਕਾਰਨ ਬਿਜਲੀ ਤੇ ਪਾਣੀ ਦੀ ਸਪਲਾਈ ’ਚ ਮੁਸ਼ਕਲਾਂ ਦੇ ਮੱਦੇਨਜ਼ਰ ਮੈਂ ਜੰਮੂ ਵਿੱਚ ਆਪਣੇ ਅਗਲੇ ਪ੍ਰੋਗਰਾਮ ਰੱਦ ਕਰਨ ਅਤੇ ਅਗਲੇ ਹਫਤੇ ਸ੍ਰੀਨਗਰ ਵਿੱਚ ਰਹਿਣ ਦਾ ਫ਼ੈਸਲਾ ਕੀਤਾ ਹੈ।’’ -ਪੀਟੀਆਈ
ਰਾਜਸਥਾਨ ਦਾ ਕਰੌਲੀ ਰਿਹਾ ਸਭ ਤੋਂ ਠੰਢਾ
ਜੈਪੁਰ: ਰਾਜਸਥਾਨ ਵਿੱਚ ਸੀਤ ਲਹਿਰ ਦਾ ਜ਼ੋਰ ਜਾਰੀ ਹੈ। ਸੂਬੇ ਦਾ ਕਰੌਲੀ ਸਭ ਤੋਂ ਠੰਢਾ ਰਿਹਾ, ਜਿੱਥੇ ਘੱਟੋ-ਘੱਟ ਤਾਪਮਾਨ 4.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਨੇ ਕਿਹਾ ਕਿ ਸੂਬੇ ਵਿੱਚ ਮੌਸਮ ਖੁਸ਼ਕ ਰਿਹਾ ਅਤੇ ਕੁੱਝ ਥਾਵਾਂ ’ਤੇ ਧੁੰਦ ਛਾਈ ਰਹੀ। ਸੰਗਰੀਆ ਵਿੱਚ ਘੱਟੋ ਘੱਟ ਤਾਪਮਾਨ 5.3 ਡਿਗਰੀ, ਫਤਹਿਪੁਰ ’ਚ 5.4 ਡਿਗਰੀ, ਚੁਰੂ ਤੇ ਅਲਵਰ ’ਚ 6.6 ਡਿਗਰੀ, ਸ੍ਰੀਗੰਗਾਨਗਰ ’ਚ 7 ਡਿਗਰੀ ਅਤੇ ਧੌਲਪੁਰ ’ਚ 7.5 ਡਿਗਰੀ ਦਰਜ ਕੀਤਾ ਗਿਆ। -ਪੀਟੀਆਈ