ਕਸ਼ਮੀਰ: ਕੰਟਰੋਲ ਰੇਖਾ ’ਤੇ ਘੁਸਪੈਠ ਕਰਦੇ ਤਿੰਨ ਅਤਿਵਾਦੀ ਹਲਾਕ
ਸ੍ਰੀਨਗਰ, 16 ਸਤੰਬਰ
ਜੰਮੂ ਕਸ਼ਮੀਰ ਦੇ ਬਾਰਮੁੱਲਾ ਜ਼ਿਲ੍ਹੇ ’ਚ ਅੱਜ ਸੁਰੱਖਿਆ ਬਲਾਂ ਨੇ ਕੰਟਰੋਲ ਰੇਖਾ (ਐੱਲਓਸੀ) ’ਤੇ ਘੁਸਪੈਠ ਦੀ ਕੋਸ਼ਿਸ਼ ਕਰਦੇ ਤਿੰਨ ਅਤਿਵਾਦੀ ਮਾਰ ਮੁਕਾਏ ਹਨ। ਦੂਜੇ ਪਾਸੇ ਅਨੰਤਨਾਗ ਜ਼ਿਲ੍ਹੇ ਦੇ ਸੰਘਣੇ ਜੰਗਲੀ ਇਲਾਕੇ ’ਚ ਅਤਿਵਾਦੀਆਂ ਖ਼ਿਲਾਫ਼ ਮੁਹਿੰਮ ਅੱਜ ਚੌਥੇ ਦਿਨ ਵੀ ਜਾਰੀ ਹੈ। ਇਸੇ ਵਿਚਾਲੇ ਉੱਤਰੀ ਫੌਜ ਦੇ ਕਮਾਂਡਰ ਲੈਫਟੀਨੈਂਟ ਜਨਰਲ ਉਪੇਂਦਰ ਦਿਵੇਦੀ ਨੇ ਅੱਜ ਅਨੰਤਨਾਗ ਜ਼ਿਲ੍ਹੇ ’ਚ ਵਿੱਚ ਚੱਲ ਰਹੀ ਸੁਰੱਖਿਆ ਬਲਾਂ ਦੀ ਮੁਹਿੰਮ ਦਾ ਵੀ ਜਾਇਜ਼ਾ ਲਿਆ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਬਾਰਾਮੁੱਲਾ ਜ਼ਿਲ੍ਹੇ ਦੇ ਉੜੀ ਖੇਤਰ ਦੇ ਸਰਹੱਦੀ ਇਲਾਕੇ ਹਥਲੰਗਾ ’ਚ ਅਤਿਵਾਦੀਆਂ ਖ਼ਿਲਾਫ਼ ਮੁਹਿੰਮ ਚਲਾਈ ਗਈ। ਸੈਨਾ ਦੀ ਚਿਨਾਰ ਕੋਰ ਨੇ ‘ਐਕਸ’ ’ਤੇ ਪੋਸਟ ’ਚ ਲਿਖਿਆ, ‘ਭਾਰਤੀ ਸੈਨਾ, ਜੰਮੂ ਕਸ਼ਮੀਰ ਪੁਲੀਸ ਤੇ ਖੁਫੀਆ ਏਜੰਸੀਆਂ ਦੀ ਸਾਂਝੀ ਮੁਹਿੰਮ ’ਚ ਬਾਰਾਮੁੱਲਾ ਦੇ ਉੜੀ ਖੇਤਰ ’ਚ ਕੰਟਰੋਲ ਰੇਖਾ ਨੇੜੇ ਅੱਜ ਸਵੇਰੇ ਘੁਸਪੈਠ ਦੀ ਕੋਸ਼ਿਸ਼ ਨਾਕਾਮ ਕਰ ਦਿੱਤੀ ਗਈ।’ ਇਸ ਵਿੱਚ ਦੱਸਿਆ ਗਿਆ ਕਿ ਤਿੰਨ ਅਤਿਵਾਦੀਆਂ ਨੇ ਭਾਰਤੀ ਇਲਾਕੇ ’ਚ ਘੁਸਪੈਠ ਦੀ ਕੋਸ਼ਿਸ਼ ਕੀਤੀ ਜਿਸ ਮਗਰੋਂ ਮੁਸਤੈਦ ਸੈਨਿਕਾਂ ਨੇ ਉਨ੍ਹਾਂ ਦਾ ਮੁਕਾਬਲਾ ਕੀਤਾ। ਸੈਨਾ ਅਨੁਸਾਰ ਮੁਕਾਬਲੇ ’ਚ ਮਾਰੇ ਗਏ ਦੋ ਅਤਿਵਾਦੀਆਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ ਪਰ ਨੇੜਲੇ ਇਲਾਕੇ ’ਚ ਇੱਕ ਪਾਕਿਸਤਾਨੀ ਚੌਕੀ ਤੋਂ ਹੋ ਰਹੀ ਗੋਲੀਬਾਰੀ ਕਾਰਨ ਤੀਜੇ ਅਤਿਵਾਦੀ ਦੀ ਲਾਸ਼ ਬਰਾਮਦ ਕਰਨ ’ਚ ਮੁਸ਼ਕਲ ਹੋ ਰਹੀ ਹੈ। ਪੁਲੀਸ ਨੇ ਦੱਸਿਆ ਕਿ ਮਾਰੇ ਗਏ ਅਤਿਵਾਦੀਆਂ ਤੇ ਉਨ੍ਹਾਂ ਦੀ ਜਥੇਬੰਦੀ ਦੀ ਪਛਾਣ ਨਹੀਂ ਹੋ ਸਕੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮੌਕੇ ਤੋਂ ਇੱਕ ਏਕੇ-47 ਤੇ ਏਕੇ-74 ਰਾਈਫਲ, ਸੱਤ ਮੈਗਜ਼ੀਨ, ਪੰਜ ਕਿਲੋ ਆਈਈਡੀ, ਕੁਝ ਅਸਲਾ, ਇੱਕ ਚੀਨੀ ਪਿਸਤੌਲ, ਕੁਝ ਗਰਨੇਡ ਅਤੇ ਭਾਰਤੀ ਤੇ ਪਾਕਿਸਤਾਨੀ ਕਰੰਸੀ ਬਰਾਮਦ ਹੋਈ ਹੈ।
ਇਸੇ ਦੌਰਾਨ ਅਧਿਕਾਰੀਆਂ ਨੇ ਦੱਸਿਆ ਕਿ ਦੱਖਣੀ ਕਸ਼ਮੀਰ ਜ਼ਿਲ੍ਹੇ ਦੇ ਕੋਕਰਨਾਗ ਇਲਾਕੇ ’ਚ ਗਡੋਲੇ ਦੇ ਜੰਗਲਾਂ ’ਚ ਅਤਿਵਾਦੀਆਂ ਦੇ ਟਿਕਾਣਿਆਂ ਦਾ ਪਤਾ ਲਾਉਣ ਲਈ ਡਰੋਨ ਤੇ ਹੈਲੀਕਾਪਟਰ ਤਾਇਨਾਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਮੁਕਾਬਲੇ ਦੇ ਚੌਥੇ ਦਿਨ ਅੱਜ ਜਿਵੇਂ ਹੀ ਹਮਲਾ ਮੁੜ ਸ਼ੁਰੂ ਹੋਇਆ, ਸੁਰੱਖਿਆ ਬਲਾਂ ਨੇ ਜੰਗਲ ਵੱਲ ਕਈ ਮੋਰਟਾਰ ਦਾਗੇ। ਡਰੋਨ ਦੀ ਫੁਟੇਜ ’ਚ ਬੀਤੇ ਦਿਨ ਇੱਕ ਗੁਫਾ ’ਤੇ ਗੋਲੇ ਦਾਗੇ ਜਾਣ ਮਗਰੋਂ ਇੱਕ ਅਤਿਵਾਦੀ ਪਨਾਹ ਲਈ ਭੱਜਦਾ ਦਿਖਾਈ ਦੇ ਰਿਹਾ ਸੀ। ਏਡੀਜੀਪੀ (ਕਸ਼ਮੀਰ) ਵਿਜੈ ਕੁਮਾਰ ਨੇ ਲੰਘੀ ਦੇਰ ਰਾਤ ਦੱਸਿਆ ਕਿ ਇਹ ਮੁਹਿੰਮ ਵਿਸ਼ੇਸ਼ ਸੂਚਨਾ ਮਿਲਣ ਮਗਰੋਂ ਚਲਾਈ ਗਈ ਅਤੇ ਉਨ੍ਹਾਂ ਦਾਅਵਾ ਕੀਤਾ ਕਿ ਇੱਥੇ ਫਸੇ ਹੋਏ ਦੋ ਤੋਂ ਤਿੰਨ ਅਤਿਵਾਦੀਆਂ ਨੂੰ ਕਾਬੂ ਕਰ ਲਿਆ ਜਾਵੇਗਾ। ਇਸੇ ਵਿਚਾਲੇ ਉੱਤਰੀ ਫੌਜ ਦੇ ਕਮਾਂਡਰ ਲੈਫਟੀਨੈਂਟ ਜਨਰਲ ਉਪੇਂਦਰ ਦਿਵੇਦੀ ਨੇ ਅੱਜ ਅਨੰਤਨਾਗ ਜ਼ਿਲ੍ਹੇ ’ਚ ਵਿੱਚ ਚੱਲ ਰਹੀ ਸੁਰੱਖਿਆ ਬਲਾਂ ਦੀ ਮੁਹਿੰਮ ਦਾ ਜਾਇਜ਼ਾ ਲਿਆ। ਇਸ ਮੌਕੇ ਫੌਜ ਦੇ ਕਮਾਂਡਰ ਨੂੰ ਮੁਹਿੰਮ ਬਾਰੇ ਜਾਣਕਾਰੀ ਦਿੱਤੀ ਗਈ ਤੇ ਦੱਸਿਆ ਕਿ ਇਸ ਮੁਹਿੰਮ ਦੀ ਨਿਗਰਾਨੀ ਤੇ ਹਥਿਆਰਾਂ ਦੀ ਸਪਲਾਈ ਲਈ ਉੱਚ ਤਕਨੀਕ ਦੀ ਵਰਤੋਂ ਕੀਤੀ ਜਾ ਰਹੀ ਹੈ ਅਤੇ ਫੌਜ ਵੱਲੋਂ ਵਿਸ਼ੇਸ਼ ਹਥਿਆਰਾਂ ਦੀ ਵਰਤੋਂ ਕੀਤੀ ਜਾ ਰਹੀ ਹੈ। -ਪੀਟੀਆਈ
ਅਦਾਲਤ ਨੇ 13 ਅਤਿਵਾਦੀ ਭਗੌੜੇ ਐਲਾਨੇ
ਜੰਮੂ ਕਸ਼ਮੀਰ ਦੀ ਇੱਕ ਅਦਾਲਤ ਨੇ ਪਾਕਿਸਤਾਨ ’ਚ ਰਹਿ ਰਹੇ 13 ਅਤਿਵਾਦੀਆਂ ਨੂੰ ਭਗੌੜਾ ਐਲਾਨ ਦਿੱਤਾ ਹੈ ਜਿਸ ਨਾਲ 30 ਦਿਨਾਂ ਅੰਦਰ ਅਦਾਲਤ ’ਚ ਪੇਸ਼ ਹੋਣ ਵਿੱਚ ਨਾਕਾਮ ਰਹਿਣ ’ਤੇ ਉਨ੍ਹਾਂ ਦੀਆਂ ਜਾਇਦਾਦਾਂ ਕੁਰਕ ਕਰਨ ਦਾ ਰਾਹ ਸਾਫ ਹੋ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਸ ਸਬੰਧੀ ਨੋਟਿਸ ਅਤਿਵਾਦੀਆਂ ਦੇ ਪਰਿਵਾਰਾਂ ਨੂੰ ਦਿੱਤੇ ਗਏ ਹਨ। ਇਸੇ ਦੌਰਾਨ ਵਿਸ਼ੇਸ਼ ਜਾਂਚ ਏਜੰਸੀ (ਐਆਈਏ) ਨੇ ਜੰਮੂ ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ’ਚ ਅਤਿਵਾਦ ਨੂੰ ਸੁਰਜੀਤ ਕਰਨ ਸਬੰਧੀ ਅਤਿਵਾਦੀਆਂ ਦੀਆਂ ਕੋਸ਼ਿਸ਼ਾਂ ਦੀ ਜਾਣਕਾਰੀ ਮਿਲਣ ਮਗਰੋਂ ਜ਼ਿਲ੍ਹੇ ਦੇ ਉੱਤਰੀ ਇਲਾਕੇ ’ਚ ਛਾਪੇ ਮਾਰ ਕੇ ਕੁਝ ਇਲੈਕਟ੍ਰਾਨਿਕ ਉਪਕਰਨ ਤੇ ਕਈ ਦਸਤਾਵੇਜ਼ ਜ਼ਬਤ ਕੀਤੇ ਗਏ ਹਨ।