ਕਸ਼ਮੀਰ ਸਿੰਘ ਤੇ ਮਲਕੀਤ ਸਿੰਘ ਨੂੰ ਸਹੁੰ ਚੁਕਾਈ
ਪੱਤਰ ਪ੍ਰੇਰਕ
ਨਵੀਂ ਦਿੱਲੀ, 5 ਜੂਨ
ਦਿੱਲੀ ਦੀ ਸਿੱਖ ਸਿਆਸਤ ਵਿਚ ਪਰਮਜੀਤ ਸਿੰਘ ਸਰਨਾ ਤੇ ਮਨਜੀਤ ਸਿੰਘ ਜੀਕੇ ਨੂੰ ਉਸ ਵੇਲੇ ਝਟਕਾ ਲੱਗਿਆ ਜਦੋਂ ਲੰਬੀ ਕਾਨੂੰਨੀ ਲੜਾਈ ਤੋਂ ਬਾਅਦ ਗੁਰਦੁਆਰਾ ਚੋਣ ਕਮਿਸ਼ਨ ਨੇ ਸਿੰਘ ਸਭਾਵਾਂ ਦੇ ਮੈਂਬਰਾਂ ਦੀ ਲਾਟਰੀ ਨਾਲ ਚੋਣ ਦੇ ਮਾਮਲੇ ਵਿੱਚ ਕਸ਼ਮੀਰ ਸਿੰਘ ਤੇ ਮਲਕੀਤ ਸਿੰਘ ਨੂੰ ਮੈਂਬਰਾਂ ਵਜੋਂ ਮਾਨਤਾ ਦੇ ਕੇ ਅੱਜ ਸਹੁੰ ਚੁਕਾ ਦਿੱਤੀ।
ਇਸ ਬਾਰੇ ਜਾਣਕਾਰੀ ਦਿੰਦਿਆਂ ਕਮੇਟੀ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਜਦੋਂ 2021 ਵਿਚ ਗੁਰਦੁਆਰਾ ਚੋਣਾਂ ਹੋਈਆਂ ਸਨ ਤਾਂ ਸਿੰਘ ਸਭਾਵਾਂ ਦੇ ਮੈਂਬਰਾਂ ਵਿੱਚੋਂ ਲਾਟਰੀ ਸਿਸਟਮ ਨਾਲ ਨਿਕਲਦੇ ਡਰਾਅ ਵਿਚ ਪਹਿਲੇ ਨੰਬਰ ’ਤੇ ਕਸ਼ਮੀਰ ਸਿੰਘ ਤੇ ਦੂਜੇ ’ਤੇ ਮਲਕੀਤ ਸਿੰਘ ਦੇ ਨਾਂ ਦੀ ਪਰਚੀ ਨਿਕਲੀ ਸੀ ਪਰ ਉਸ ਵੇਲੇ ਦੀ ‘ਆਪ’ ਸਰਕਾਰ ਦੇ ਰਾਜ ਵਿੱਚ ਪਰਮਜੀਤ ਸਿੰਘ ਸਰਨਾ ਤੇ ਮਨਜੀਤ ਸਿੰਘ ਜੀਕੇ ਨੇ ਚਲਾਕੀ ਖੇਡੀ ਅਤੇ ਸਰਕਾਰ ਦੇ ਹੁਕਮਾਂ ’ਤੇ ਧੱਕੇਸ਼ਾਹੀ ਕੀਤੀ ਗਈ ਅਤੇ ਚੌਥੇ ਨੰਬਰ ’ਤੇ ਮਹਿੰਦਰ ਸਿੰਘ ਤੇ ਪੰਜਵੇਂ ਨੰਬਰ ’ਤੇ ਦਾਰਾ ਸਿੰਘ ਦੀ ਪਰਚੀ ਕਢਵਾ ਦਿੱਤੀ ਗਈ ਤੇ ਇਨ੍ਹਾਂ ਨੂੰ ਮੈਂਬਰਾਂ ਵਜੋਂ ਮਾਨਤਾ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਦਿੱਲੀ ਗੁਰਦੁਆਰਾ ਕਮੇਟੀ ਚੋਣਾਂ ਦੇ ਇਤਿਹਾਸ ਵਿੱਚ ਅਜਿਹਾ ਕਾਰਨਾਮਾ ਪਹਿਲੀ ਵਾਰ ਵੇਖਣ ਨੂੰ ਮਿਲਿਆ ਸੀ। ਉਨ੍ਹਾਂ ਦੱਸਿਆ ਕਿ ਪਹਿਲੀਆਂ ਦੋ ਪਰਚੀਆਂ ਵਾਲਿਆਂ ਕਸ਼ਮੀਰ ਸਿੰਘ ਤੇ ਮਲਕੀਤ ਸਿੰਘ ਨੇ ਸਰਕਾਰ ਦੀ ਧੱਕੇਸ਼ਾਹੀ ਖ਼ਿਲਾਫ਼ ਅਦਾਲਤ ਵਿੱਚ ਕੇਸ ਕਰ ਦਿੱਤਾ। ਤਿੰਨ ਸਾਲ ਤੋਂ ਅਦਾਲਤ ਵਿੱਚ ਇਹ ਸੁਣਵਾਈ ਚਲ ਰਹੀ ਸੀ ਤੇ ਹੁਣ ਗੁਰਦੁਆਰਾ ਚੋਣ ਕਮਿਸ਼ਨ ਨੇ ਅਦਾਲਤ ਵਿੱਚ ਹਲਫੀਆ ਬਿਆਨ ਦਿੱਤਾ ਹੈ ਕਿ ਜਿਹੜਾ ਉਸ ਵੇਲੇ ਨੋਟੀਫਿਕੇਸ਼ਨ ਹੋਇਆ ਸੀ, ਉਹ ਗਲਤ ਹੋਇਆ ਸੀ। ਇਸ ਤੋਂ ਬਾਅਦ ਇਨ੍ਹਾਂ ਦੋਵੇਂ ਮੈਂਬਰਾਂ ਨੇ ਕੇਸ ਵਾਪਸ ਲੈ ਲਏ। ਉਨ੍ਹਾਂ ਦੱਸਿਆ ਕਿ ਅੱਜ ਇਹ ਦੋਵੇਂ ਮੈਂਬਰ ਕਸ਼ਮੀਰ ਸਿੰਘ ਤੇ ਮਲਕੀਤ ਸਿੰਘ ਗੁਰਦੁਆਰਾ ਰਕਾਬਗੰਜ ਸਾਹਿਬ ਵਿੱਚ ਨਤਮਸਤਕ ਹੋਏ ਤੇ ਇਥੇ ਗੁਰਦੁਆਰਾ ਚੋਣ ਕਮਿਸ਼ਨ ਦੀ ਟੀਮ ਨੇ ਆ ਕੇ ਪੂਰਨ ਮਰਿਆਦਾ ਅਤੇ ਚੋਣ ਪ੍ਰਕਿਰਿਆ ਅਨੁਸਾਰ ਦੋਵਾਂ ਨੂੰ ਮੈਂਬਰ ਨਾਮਜ਼ਦ ਕੀਤਾ ਅਤੇ ਇਨ੍ਹਾਂ ਨੂੰ ਮੈਂਬਰਾਂ ਵਜੋਂ ਸਹੁੰ ਚੁਕਾਈ ਗਈ। ਇਸ ਤਰੀਕੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਦੇ ਮੈਂਬਰਾਂ ਦੀ ਗਿਣਤੀ ਵਿਚ ਦੋ ਮੈਂਬਰਾਂ ਦਾ ਹੋਰ ਵਾਧਾ ਹੋ ਗਿਆ ਹੈ ਜੋ ਕਿ ਵਿਰੋਧੀ ਧਿਰ ਲਈ ਵੱਡਾ ਝਟਕਾ ਹੈ।