ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਸ਼ਮੀਰ: ਧਰਤੀ ਦੀ ਜੰਨਤ

11:34 AM Dec 10, 2023 IST

ਅਵਨੀਸ਼ ਲੌਂਗੋਵਾਲ

Advertisement

ਸੈਰ ਸਫ਼ਰ

ਕਸ਼ਮੀਰ ਦੀ ਧਰਤੀ ਕਿਸੇ ਜੰਨਤ ਤੋਂ ਘੱਟ ਨਹੀਂ ਮੰਨੀ ਜਾਂਦੀ। ਕਸ਼ਮੀਰ ਬਾਰੇ ਅਕਸਰ ਅਜਿਹਾ ਸੁਣਨ ਨੂੰ ਮਿਲਦਾ ਸੀ। ਪੜ੍ਹਾਈ ਅਤੇ ਜਵਾਹਰ ਨਵੋਦਿਆ ਵਿਦਿਆਲਾ, ਊਧਮਪੁਰ ਨੌਕਰੀ ਦੌਰਾਨ ਕਦੇ ਵੀ ਅੱਗੇ ਕੁਦਰਤੀ ਨਜ਼ਾਰੇ ਵੇਖਣ ਲਈ ਸਮਾਂ ਨਹੀਂ ਲੱਗਿਆ। ਕਸ਼ਮੀਰ ਦੇ ਵਿਦਿਆਰਥੀਆਂ ਨੇ ਕਈ ਵਾਰ ਨਾਲ ਜਾਣ ਲਈ ਕਿਹਾ, ਪਰ ਕੋਈ ਸਬੱਬ ਨਹੀਂ ਬਣ ਸਕਿਆ। ਇਸ ਵਾਰ ਗਰਮੀ ਦੀਆਂ ਛੁੱਟੀਆਂ ਦੌਰਾਨ ਪਰਿਵਾਰ ਅਤੇ ਸਾਥੀਆਂ ਨਾਲ ਕਸ਼ਮੀਰ ਜਾਣ ਦਾ ਮੌਕਾ ਮਿਲਿਆ ਤਾਂ ਨਿੱਜੀ ਗੱਡੀਆਂ ਰਾਹੀਂ ਰਾਤ ਨੂੰ ਚੱਲ ਪਏ। ਸਵੇਰੇ ਜੰਮੂ ਪਹੁੰਚ ਗਏ। ਇਸ ਤੋਂ ਬਾਅਦ ਅਗਲੇ ਸਫ਼ਰ ਦੀ ਸ਼ੁਰੂਆਤ ਹੋਈ।

ਨਜ਼ਾਰਿਆਂ ਨਾਲ ਭਰਪੂਰ
ਸਫ਼ਰ ਦੌਰਾਨ ਬਹੁਤ ਸਾਰੇ ਨਵੇਂ ਅਨੁਭਵ ਹੋਏ ਜਿਵੇਂ ਮੋਬਾਈਲ ਸਿਮ ਖਰੀਦਣਾ, ਕਿਸੇ ਢਾਬੇ ਉੱਤੇ ਖਾਣ ਸਮੇਂ ਪੈਸੇ ਦੀ ਅਦਾਇਗੀ, ਕਮਰਾ ਲੈਣ ਸਬੰਧੀ, ਸਥਾਨਕ ਪੱਧਰ ’ਤੇ ਜਾਣਕਾਰੀ ਪ੍ਰਾਪਤ ਕਰਨੀ ਆਦਿ। ਸਭ ਤੋਂ ਪਹਿਲਾਂ ਜ਼ਿਲ੍ਹਾ ਰਾਮਬਨ ਪਹੁੰਚ ਕੇ ਸੰਪਰਕ ਕਰਨ ਲਈ ਸਿਮ ਦੀ ਖਰੀਦ ਕੀਤੀ ਅਤੇ ਬਾਕੀ ਸਾਥੀਆਂ ਨਾਲ ਸੰਪਰਕ ਕੀਤਾ। ਤਕਰੀਬਨ 10 ਮਿੰਟ ਵਿੱਚ ਹੀ ਫੋਨ ਚੱਲ ਪਿਆ। ਇਸ ਤੋਂ ਬਾਅਦ ਅਸੀਂ ਅੱਗੇ ਵਧੇ। ਇੱਕ ਅਜੀਬ ਜਿਹੀ ਗੱਲ ਬਹੁਤ ਜਗ੍ਹਾ ਹੋਈ। ਅਕਸਰ, ਅਸੀਂ ਢਾਬੇ ਜਾਂ ਹੋਟਲ ’ਤੇ ਖਾਣਾ ਖਾਂਦੇ ਤਾਂ ਬਿਲ ਦੀ ਅਦਾਇਗੀ ਕਰਦੇ। ਇੱਕ ਸਾਥੀ ਦੀ ਆਦਤ ਸੀ ਕਿ ਉਹ ਰੇਟ ਅਤੇ ਪੂਰੇ ਬਿੱਲ ਦਾ ਹਿਸਾਬ ਵੇਖਦਾ। ਫਿਰ ਕਾਫ਼ੀ ਫ਼ਰਕ ਨਿਕਲਦਾ ਸੀ। ਇਹ ਗੱਲ ਕਸ਼ਮੀਰ ਸਫ਼ਰ ਦੌਰਾਨ ਕਾਫ਼ੀ ਵਾਰ ਹੋਈ। ਇਸ ਲਈ ਬਾਹਰ ਜਾਣ ਸਮੇਂ ਅਦਾਇਗੀ ਸਮੇਂ ਲਿਸਟ ਅਤੇ ਜੋੜ ਜ਼ਰੂਰ ਚੈੱਕ ਕਰੋ। ਇਸ ਤੋਂ ਬਾਅਦ ਕਮਰੇ ਲੈਣ ਸਮੇਂ ਥੋੜ੍ਹੀ ਜਿਹੀ ਪੜਤਾਲ ਕਰੋ। ਕਦੇ ਵੀ ਦਲਾਲ ਨਾਲ ਗੱਲ ਨਾ ਕਰੋ। ਹੋਟਲ ਵਿੱਚ ਸਿੱਧਾ ਪਹੁੰਚ ਕੇ ਘੱਟ ਕੀਮਤ ਵਿੱਚ ਕਮਰਾ ਪ੍ਰਾਪਤ ਹੋ ਜਾਂਦਾ ਹੈ। ਕਸ਼ਮੀਰ ਵਿੱਚ ਵੱਖ ਵੱਖ ਜਗ੍ਹਾ ਜਾਣ ਦੀ ਜਾਣਕਾਰੀ ਲੈਣਾ ਬਹੁਤ ਔਖਾ ਹੈ। ਇਸ ਸਬੰਧੀ ਸਲਾਹ ਜਾਣਕਾਰੀ ਸੈਲਾਨੀ ਦੇ ਲਾਭ ਵਾਲੀ ਹੁੰਦੀ ਹੈ। ਬਾਕੀ ਆਮ ਲੋਕ ਵਧੀਆ ਗੱਲਬਾਤ ਕਰਦੇ ਹਨ। ਨਾਲ ਹੀ ਸਬੰਧਿਤ ਜਗ੍ਹਾ ਬਾਰੇ ਇਤਿਹਾਸਕ ਜਾਣਕਾਰੀ ਪ੍ਰਦਾਨ ਕਰਦੇ ਹਨ। ਆਮ ਲੋਕ ਸ਼ਾਂਤੀ, ਖੁਸ਼ਹਾਲੀ ਅਤੇ ਤਰੱਕੀ ਚਾਹੁੰਦੇ ਹਨ ਜੋ ਰਾਜਨੀਤਿਕ ਤੰਤਰ ਦੀ ਚੰਗੀ ਸਮਝ ਰੱਖਦੇ ਹਨ। ਆਉ ਕੁਝ ਮਹੱਤਵ ਸਥਾਨਾਂ ਦੀ ਗੱਲ ਕਰੀਏ ਜੋ ਕੁਦਰਤ ਦਾ ਅਨੋਖਾ ਅਜੂਬਾ ਹਨ।

Advertisement

ਊਧਮਪੁਰ ਦਾ ਇਤਿਹਾਸ
ਕਰਿਮਚੀ ਮੰਦਿਰ ਕਰਿਮਚੀ ਪਿੰਡ ਵਿੱਚ 8ਵੀਂ-9ਵੀਂ ਸਦੀ ਵਿੱਚ ਬਣਿਆ ਜੋ ਮਹਾਂਭਾਰਤ ਦੇ ਪਾਂਡਵਾਂ ਨੇ ਬਣਾਇਆ ਸੀ। ਇਸ ਤੋਂ ਇਲਾਵਾ ਪਟਨੀਟਾਪ ਹਿੱਲ ਸਟੇਸ਼ਨ ਊਧਮਪੁਰ ਦੀ ਸ਼ਾਨ ਹੈ। ਬਰਫ਼ਬਾਰੀ ਸਮੇਂ ਕਾਫ਼ੀ ਬਰਫ ਪੈਂਦੀ ਹੈ। ਕੁਦਰਤੀ ਦ੍ਰਿਸ਼ਾਂ ਨਾਲ ਭਰਪੂਰ ਇਹ ਸਥਾਨ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਹੈ। ਪਟਨੀਟਾਪ ਵਿਖੇ ਸਥਿਤ ਪ੍ਰਾਚੀਨ ਸ਼ਿਵ ਮੰਦਿਰ ਭਾਰਤੀ ਸੰਸਕ੍ਰਿਤੀ ਦੀ ਧਰੋਹਰ ਹੈ।

ਅਨੰਤਨਾਗ (ਅਵੰਤੀਪੁਰਾ)
ਇਸ ਤੋਂ ਬਾਅਦ ਸਾਡੇ ਸਾਥੀ ਨੇ ਗੱਡੀ ਅੱਗੇ ਵਧਾਈ ਅਤੇ ਅਸੀਂ ਅਨੰਤਨਾਗ ਪਹੁੰਚ ਗਏ। ਖ਼ੂਬਸੂਰਤ ਵਾਦੀਆਂ ਅਤੇ ਮੈਦਾਨਾਂ ਨਾਲ ਭਰਪੂਰ ਅਨੰਤਨਾਗ ਮਨਮੋਹਕ ਦ੍ਰਿਸ਼ ਪੇਸ਼ ਕਰ ਰਿਹਾ ਸੀ। ਜੂਨ ਦੇ ਮਹੀਨੇ ਵਿੱਚ ਬਰਫ਼ ਵਰਗੀਆਂ ਠੰਢੀਆਂ ਹਵਾਵਾਂ ਸ਼ਾਂਤੀ ਪ੍ਰਦਾਨ ਕਰਦੀਆਂ ਸਨ। ਪੁਰਾਣੇ ਸਮੇਂ ਵਿੱਚ ਉੜੀਸਾ ਤੋਂ ਆਏ ਰਾਜਾ ਅਵਨਤੀਵਰਮਨ ਦੇ ਨਾਮ ’ਤੇ ਇਸ ਦਾ ਨਾਂ ਅਵੰਤੀਪੁਰਾ ਪਿਆ ਸੀ। ਕੌਮੀ ਸ਼ਾਹਰਾਹ ਤੋਂ ਥੋੜ੍ਹਾ ਹਟ ਕੇ ਨੌਵੀਂ ਸਦੀ ਦੀ ਧਰੋਹਰ ਪ੍ਰਾਚੀਨ ਵਿਸ਼ਨੂੰ ਮੰਦਿਰ ਅਤੇ ਸ਼ਿਵ ਮੰਦਿਰ ਨੌਵੀਂ ਦੇਸ਼ ਦੀ ਕਲਾ ਸੰਸਕ੍ਰਿਤੀ ਨੂੰ ਪੇਸ਼ ਕਰਦੇ ਹਨ। ਜਦੋਂ ਕਿਸੇ ਰਸਾਇਣ ਜਾਂ ਚੂਨੇ ਸੀਮਿੰਟ ਤੋਂ ਬਿਨਾਂ ਪੱਥਰ ਜੋੜ ਕੇ ਮੰਦਿਰਾਂ ਦਾ ਨਿਰਮਾਣ ਕੀਤਾ ਜਾਂਦਾ ਸੀ। ਪੁਰਾਤਵ ਵਿਭਾਗ ਨੇ ਇਹਦੀ ਪਛਾਣ 1861 ਵਿੱਚ ਕੀਤੀ। ਥੰਮ, ਦੁਆਰ, ਮੂਰਤੀਆਂ ਦੇ ਅਵਸ਼ੇਸ਼ ਵੇਖੇ ਜਾ ਸਕਦੇ ਹਨ।

ਕਸ਼ਮੀਰ ਦੀ ਸੁੰਦਰਤਾ
ਇਸ ਸਥਾਨ ਦੀ ਅਦਭੁੱਤ ਕਲਾ ਦੇਖਣ ਤੋਂ ਬਾਅਦ ਸੁਹਾਵਣੇ ਸਫ਼ਰ ਲਈ ਚਾਲੇ ਪਾ ਦਿੱਤੇ। ਜਿਉਂ ਜਿਉਂ ਅੱਗੇ ਜਾ ਰਹੇ ਸੀ ਤਾਂ ਜਿਹਲਮ ਦਰਿਆ ਦੀ ਸੁੰਦਰਤਾ, ਵਾਦੀਆਂ ਦੀ ਹਰਿਆਲੀ, ਬਰਫ਼ ਨਾਲ ਲੱਦੇ ਠੰਢੇ ਪਹਾੜ, ਮਿੱਠੀ ਅਤੇ ਕੋਸੀ ਜਿਹੀ ਧੁੱਪ ਕਿਸੇ ਹੋਰ ਦੁਨੀਆਂ ਦਾ ਅਨੁਭਵ ਕਰਾ ਰਹੀ ਸੀ। ਸ੍ਰੀਨਗਰ ਪਹੁੰਚ ਕੇ ਸੰਘਰਸ਼ ਦੀ ਦਾਸਤਾਨ ਅਤੇ ਕਸ਼ਮੀਰ ਦੀਆਂ ਸਰਗਰਮੀਆਂ ਦਾ ਕੇਂਦਰ ਲਾਲ ਚੌਕ ਵੇਖਿਆ ਜਿੱਥੇ ਪ੍ਰਾਚੀਨ ਗਦਾਧਰ ਮੰਦਿਰ ਵੀ ਸਥਿਤ ਹੈ।

ਲਾਲ ਚੌਕ ਅਤੇ ਗੁਫਾਰ ਮਾਰਕੀਟ
ਲਾਲ ਚੌਕ ਦੀ ਮਾਰਕੀਟ ਸ੍ਰੀਨਗਰ ਦਾ ਦਿਲ ਹੈ ਜਿੱਥੇ ਹਰ ਕੰਪਨੀ ਦੇ ਸ਼ੋਅਰੂਮ ਅਤੇ ਕਸ਼ਮੀਰ ਦੀ ਕਲਾ ਨਾਲ ਸਬੰਧਿਤ ਕੱਪੜਾ, ਲੱਕੜ ਦਾ ਸਮਾਨ ਆਦਿ ਮਿਲਦਾ ਹੈ। ਗੁਫਾਰ ਮਾਰਕੀਟ ਹੌਜ਼ਰੀ ਦਾ ਧੁਰਾ ਹੈ। ਦੇਸ਼ ਭਰ ਵਿੱਚ ਲੱਗਣ ਵਾਲੇ ਵਿਰਾਸਤੀ ਮੇਲਿਆਂ ਲਈ ਕੱਪੜੇ, ਸ਼ਾਲ, ਕੰਬਲ, ਕਸ਼ਮੀਰੀ ਕਢਾਈ ਵਾਲੇ ਸੂਟ ਆਦਿ ਸਾਮਾਨ ਵਪਾਰੀ ਵੱਡੇ ਪੱਧਰ ’ਤੇ ਖਰੀਦਦੇ ਹਨ। ਇੱਥੇ ਸਾਮਾਨ ਦੀਆਂ ਕੀਮਤਾਂ ਬਹੁਤ ਹੀ ਵਾਜਬ ਹਨ। ਇਹ ਡੱਲ ਝੀਲ ਤੋਂ 8 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੈ।

ਮੁਗ਼ਲ ਗਾਰਡਨ ਅਤੇ ਬੋਟੈਨੀਕਲ ਪਾਰਕ
ਸ੍ਰੀਨਗਰ ਦਾ ਮੁਗ਼ਲ ਗਾਰਡਨ ਅਤੇ ਬੋਟੈਨੀਕਲ ਪਾਰਕ ਕੁਦਰਤੀ ਸੁੰਦਰਤਾ ਦਾ ਨਮੂਨਾ ਹਨ। ਚਿਨਾਰ ਦੇ ਦਰਖਤ ਅਤੇ ਮੌਸਮੀ ਫੁੱਲਾਂ ਦੀਆਂ ਅਨੇਕਾਂ ਕਿਸਮਾਂ ਖਿੱਚ ਦਾ ਕੇਂਦਰ ਹਨ। ਸਥਾਨਕ ਲੋਕ ਛੁੱਟੀ ਅਤੇ ਖਾਲੀ ਸਮਾਂ ਇੱਥੇ ਹੀ ਬਤੀਤ ਕਰਦੇ ਹਨ। ਮੁਗ਼ਲ ਗਾਰਡਨ ਦਾ ਨਿਰਮਾਣ ਮੁਗ਼ਲ ਬਾਦਸ਼ਾਹ ਜਹਾਂਗੀਰ ਦੇ ਸਾਲੇ ਮਿਰਜ਼ਾ ਗੁਲਾਮ ਦੀ ਦੇਖ-ਰੇਖ ਹੇਠ 1619 ਵਿੱਚ ਹੋਇਆ। ਉਸ ਸਮੇਂ ਇਹ ਸ਼ਾਹੀ ਬਾਗ਼ ਸੀ। ਬੋਟੈਨੀਕਲ ਪਾਰਕ ਜਾਂ ਚਸ਼ਮੇ ਸ਼ਾਹੀ 1987 ਵਿੱਚ ਤਿਆਰ ਕੀਤਾ ਗਿਆ। ਆਪਣੀ ਖ਼ੂੁਬਸੂਰਤੀ ਅਤੇ ਵੱਖ ਵੱਖ ਫੁੱਲਾਂ ਨਾਲ ਭਰਿਆ ਹੋਣ ਕਰਕੇ ਇਹ ਕੁਦਰਤੀ ਸੁੰਦਰਤਾ ਦਾ ਵੱਖਰਾ ਨਮੂਨਾ ਹੈ। ਇਸ ਦੇ ਸਾਹਮਣੇ ਡੱਲ ਝੀਲ ਦਾ ਦ੍ਰਿਸ਼ ਹੋਰ ਵੀ ਆਕਰਸ਼ਤ ਕਰਦਾ ਹੈ।

ਡੱਲ ਝੀਲ
ਡੱਲ ਝੀਲ ਕਸ਼ਮੀਰ ਦੀ ਸੁੰਦਰਤਾ ਦਾ ਕੇਂਦਰ ਹੈ। ਸ਼ਿਕਾਰੇ ਰਾਹੀਂ ਪੂਰੀ ਝੀਲ ਨੂੰ ਵੇਖਿਆ ਜਾ ਸਕਦਾ ਹੈ। ਇਸ ਦੇ ਅੰਦਰ ਹੀ ਕੱਪੜੇ ਅਤੇ ਅਖਰੋਟ ਦੀ ਲੱਕੜ ਤੋਂ ਇਲਾਵਾ ਕਸ਼ਮੀਰੀ ਕਰਾਫਟ ਦਾ ਬਾਜ਼ਾਰ ਹੈ। ਇਸ ਝੀਲ ਦੇ ਅੰਦਰ ਕਈ ਜਗ੍ਹਾ ਤੈਰਦਾ ਪਾਰਕ ਹੈ ਜਿਸ ਵਿੱਚ ਸਬਜ਼ੀਆਂ ਪੈਦਾ ਕੀਤੀਆਂ ਜਾਂਦੀਆਂ ਹਨ। ਰਾਤ ਸਮੇਂ ਰਹਿਣ ਲਈ ਵਿਸ਼ੇਸ਼ ਬੋਟਹਾਊਸ ਵੀ ਸੁੰਦਰਤਾ ਦਾ ਨਮੂਨਾ ਹਨ। ਇਸ ਦੇ ਪਿਛਲੇ ਪਾਸੇ ਕੰਢੇ ’ਤੇ ਪਿੰਡ ਹਨ। ਇੱਥੇ ਕਈ ਫਿਲਮਾਂ ਦੀ ਸ਼ੂਟਿੰਗ ਵੀ ਹੁੰਦੀ ਰਹੀ ਹੈ। ਸਾਰੀ ਜਾਣਕਾਰੀ ਲਈ ਕਸ਼ਮੀਰੀ ਬੜੀ ਹੀ ਸਤਿਕਾਰ ਨਾਲ ਇਤਿਹਾਸ ’ਤੇ ਚਾਨਣ ਪਾਉਂਦੇ ਹਨ। ਭਗਵਾਨ ਸ਼ਿਵ ਤੇ ਸ਼ੰਕਰਾਚਾਰੀਆ ਮੰਦਰ, ਇੰਦਰਾ ਗਾਂਧੀ ਟਿਊਲਿਪ ਗਾਰਡਨ ਵੀ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਹਨ। ਜ਼ਿਕਰਯੋਗ ਹੈ ਕਿ 53 ਸਾਲ ਬਾਅਦ ਡੱਲ ਝੀਲ ’ਤੇ ਈ-ਬੋਟਸ ਸ਼ੁਰੂ ਹੋਣ ਜਾ ਰਿਹਾ ਹੈ।

ਗੁਲਮਰਗ ਅਤੇ ਸੋਨਮਰਗ
ਕਸ਼ਮੀਰ ਦੇ ਸਫ਼ਰ ਦੌਰਾਨ ਅਸੀਂ ਗੁਲਮਰਗ ਪਹੁੰਚੇ ਜੋ ਸ੍ਰੀਨਗਰ ਤੋਂ ਤਕਰੀਬਨ 50 ਕਿਲੋਮੀਟਰ ਦੂਰ ਹੈ। ਗੁਲਮਰਗ ਸ੍ਰੀਨਗਰ ਦੇ ਮੁਕਾਬਲੇ ਠੰਢਾ ਹੈ, ਪਰ ਗੁਲਮਰਗ ਦੀ ਸੈਰ ਤਾਂ ਹੀ ਹੋ ਸਕਦੀ ਹੈ ਜੇਕਰ ਪਹਿਲਾਂ ਤੋਂ ਆਨਲਾਈਨ ਬੁਕਿੰਗ ਹੋਈ ਹੋਵੇ। ਗੁਲਮਰਗ ਟੈਕਸੀ ਸਟੈਂਡ ਸਾਹਮਣੇ ਘਾਹ ਦੇ ਮੈਦਾਨ ਅਤੇ ਉਚਾਈ ’ਤੇ ਸਥਿਤ ਪ੍ਰਾਚੀਨ ਮੰਦਿਰ ਖਿੱਚ ਦਾ ਕੇਂਦਰ ਹੈ। ਗੁਲਮਰਗ ਵਿਖੇ ਗੰਢੋਲਾ ਕੇਬਲ ਕਾਰ ਲਈ ਆਨਲਾਈਨ ਬੁਕਿੰਗ ਪਹਿਲਾਂ ਹੀ ਹੁੰਦੀ ਹੈ। ਬੁਕਿੰਗ ਤੋਂ ਬਿਨਾਂ ਤੁਸੀਂ ਅੱਗੇ ਨਹੀਂ ਜਾ ਸਕਦੇ। ਗੰਢੋਲਾ ਲਗਭਗ 3979 ਫੁੱਟ ਉਚਾਈ ’ਤੇ ਸਥਿਤ ਹੈ ਜੋ ਡਾਗੂ ਗਲੇਸ਼ੀਅਰ ਤੱਕ ਜਾਂਦੀ ਹੈ। ਬਰਫ਼ ਦੀ ਚਿੱਟੀ ਚਾਦਰ ਜੂਨ ਵਿੱਚ ਵੀ ਨੇੜੇ ਤੋਂ ਨਜ਼ਰ ਆਉਂਦੀ ਹੈ। ਬਿਨਾਂ ਬੁਕਿੰਗ ਤੋਂ ਘੋੜਿਆਂ ਰਾਹੀਂ ਮਹਾਰਾਜਾ ਪੈਲੇਸ, ਪ੍ਰਾਚੀਨ ਚਰਚ ਅਤੇ ਬਾਗ਼ ਹੀ ਦੇਖੇ ਜਾ ਸਕਦੇ ਹਨ।

ਸੋਨਮਰਗ
ਗੁਲਮਰਗ ਦੀ ਪਹਾੜੀ ਯਾਤਰਾ ਤੋਂ ਬਾਅਦ ਸਾਡਾ ਕਾਫ਼ਲਾ ਸੋਨਮਰਗ ਵੱਲ ਵਧ ਗਿਆ। ਸੋਨਮਰਗ ਦੀ ਖ਼ੂਬਸੂਰਤੀ ਹੋਰ ਵੀ ਆਕਰਸ਼ਿਤ ਕਰਦੀ ਸੀ। ਜਿਹਲਮ ਦੇ ਨਾਲ ਨਾਲ ਸੜਕ ਰਾਹੀਂ ਸੋਨਮਰਗ ਦੇ ਮੈਦਾਨ ਤੱਕ 82 ਕਿਲੋਮੀਟਰ ਦੂਰ ਪਹੁੰਚੇ। ਉੱਥੇ ਚਨਾਰ ਦੇ ਵੱਡੇ ਵੱਡੇ ਰੁੱਖ ਦਿਖਾਈ ਦੇ ਰਹੇ ਸਨ ਅਤੇ ਭਾਰਤੀ ਫ਼ੌਜ ਦੁਆਰਾ ਲਹਿਰਾਇਆ ਦੇਸ਼ ਦੀ ਸ਼ਾਨ ਤਿਰੰਗਾ ਉਚਾਈ ਤੋਂ ਲਹਿਰਾ ਕੇ ਭਾਰਤੀ ਖੁਸ਼ਹਾਲੀ, ਤਰੱਕੀ, ਸ਼ਾਂਤੀ ਦਾ ਸੰਦੇਸ਼ ਦੇ ਰਿਹਾ ਸੀ। ਇਸ ਨੂੰ ਬੀ.ਐੱਸ.ਐਫ. ਨੇ ਸੈਲਫੀ ਬਿੰਦੂ ਦੇ ਤੌਰ ’ਤੇ ਵਿਕਸਤ ਕੀਤਾ ਹੈ। ਇੱਥੋਂ ਸਾਰਾ ਸੋਨਮਰਗ ਨਜ਼ਰ ਆਉਂਦਾ ਹੈ। ਇਸ ਤੋਂ ਇਲਾਵਾ ਸੋਨਮਰਗ ਦੇ ਜ਼ੀਰੋ ਪੁਆਇੰਟ ਤੋਂ ਬਰਫ਼ ਦਾ ਗਲੇਸ਼ੀਅਰ ਸ਼ੁਰੂ ਹੁੰਦਾ ਹੈ। ਇੱਥੋਂ ਕਾਰਗਿਲ ਬਾਰਡਰ ਨਜ਼ਰ ਆਉਂਦਾ ਹੈ।

ਕੇਸਰ ਅਤੇ ਸੁੰਦਰਤਾ ਵਾਲਾ ਪਹਿਲਗਾਮ
ਪਹਿਲਗਾਮ ਦਾ ਮੌਸਮ ਜੰਨਤ ਤੋਂ ਘੱਟ ਨਹੀਂ। ਸ੍ਰੀਨਗਰ ਤੋਂ ਤਕਰੀਬਨ 90 ਕਿਲੋਮੀਟਰ, ਪਠਾਨਕੋਟ ਵੱਲ ਆਉਂਦੇ ਸਮੇਂ ਪਿੰਡਾਂ ਰਾਹੀਂ ਅਸੀਂ ਰਾਤ ਨੂੰ ਪਹਿਲਗਾਮ ਪਹੁੰਚੇ। ਜਿਹਲਮ ਦੇ ਨਾਲ ਨਾਲ ਚਲਦੇ ਤਕਰੀਬਨ 20 ਕਿਲੋਮੀਟਰ ਉਚਾਈ ਰਾਹੀਂ ਪਹਿਲਗਾਮ ਦੀ ਯਾਤਰਾ ਸ਼ੁਰੂ ਹੋਈ। ਪਹਿਲਗਾਮ ਅਪਣੀ ਵੱਖਰੀ ਸੁੰਦਰਤਾ ਅਤੇ ਕੇਸਰ ਦੀ ਫ਼ਸਲ ਕਾਰਨ ਵਿਲੱਖਣ ਹੈ। ਪਹਿਲਗਾਮ ਵਿੱਚ ਹਰ ਜਗ੍ਹਾ ਕੇਸਰ, ਸੁੱਕੇ ਮੇਵੇ, ਕਸ਼ਮੀਰੀ ਲੱਕੜ ਦਾ ਸਾਮਾਨ, ਕਸ਼ਮੀਰੀ ਕਰਾਫਟ, ਕੱਪੜੇ ਆਦਿ ਦੀਆਂ ਦੁਕਾਨਾਂ ਮੌਜੂਦ ਹਨ।

ਆਰੂ ਵੈਲੀ, ਬੇਤਾਬ ਵੈਲੀ, ਵਾਈਸਰਨ ਵੈਲੀ ਅਤੇ ਚੰਦਨਬਾੜੀ
ਪਹਿਲਗਾਮ ਤੋਂ ਹੀ ਬੌਲੀਵੁੱਡ ਦੀ ਦੁਨੀਆ ਵਿੱਚ ਮਸ਼ਹੂਰ ਵੈਲੀਆਂ ਦਾ ਸਫ਼ਰ ਸ਼ੁਰੂ ਹੁੰਦਾ ਹੈ। ਆਰੂ ਵੈਲੀ ਦੇ ਨਾਲ ਹੀ ਦਰਿਆ ਚਲਦਾ ਹੈ ਜਿੱਥੇ ਚਾਰੇ ਪਾਸੇ ਬਹੁਤ ਵੱਡਾ ਪਹਾੜੀ ਮੈਦਾਨ ਹੈ। ਸਫੈਦ ਪਹਾੜਾਂ ਵਿਚਕਾਰ ਇਹ ਵਾਦੀ ਸਥਿਤ ਹੈ ਜੋ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਹੈ। ਬੇਤਾਬ ਵੈਲੀ ਇਸ ਤੋਂ ਬਾਅਦ ਦੂਸਰਾ ਪੜਾਅ ਹੈ। ਇੱਥੇ ਹਿੰਦੀ ਫਿਲਮ ਬੇਤਾਬ ਦੀ ਸ਼ੂਟਿੰਗ ਹੋਈ ਸੀ, ਉਸ ਦੀਆਂ ਕੁਝ ਨਿਸ਼ਾਨੀਆਂ ਉਸੇ ਤਰ੍ਹਾਂ ਰੱਖੀਆਂ ਹੋਈਆਂ ਹਨ। ਬੇਤਾਬ ਵੈਲੀ ਦਾ ਮੈਦਾਨ ਕਾਫ਼ੀ ਵਿਸ਼ਾਲ ਹੈ। ਬਾਈਸਰਨ ਵੈਲੀ ਲਈ ਸਿਰਫ਼ ਪਹਾੜਾਂ ਵਿਚਦੀ ਘੋੜੇ ਰਾਹੀਂ ਯਾਤਰਾ ਹੋ ਸਕਦੀ ਹੈ। ਤਕਰੀਬਨ ਸੱਤ ਕਿਲੋਮੀਟਰ ਤੋਂ ਬਾਅਦ ਵੈਲੀ ਦੀ ਸੁੰਦਰਤਾ ਦੇ ਦਰਸ਼ਨ ਹੁੰਦੇ ਹਨ। ਸਾਡੇ ਸਫ਼ਰ ਦਾ ਆਖ਼ਰੀ ਪੜਾਅ ਚੰਦਨਵਾੜੀ ਸੀ ਜਿੱਥੇ ਪਹਾੜਾਂ ’ਤੇ ਬਰਫ ਤੱਕ ਜਾਇਆ ਜਾ ਸਕਦਾ ਹੈ। ਚੰਦਨਵਾੜੀ ਦੀਆਂ ਪੌੜੀਆਂ ਤੋਂ ਸ੍ਰੀ ਅਮਰਨਾਥ ਤਕਰੀਬਨ 28 ਕਿਲੋਮੀਟਰ ਹੈ। ਚੰਦਨਵਾੜੀ ਅਮਰਨਾਥ ਯਾਤਰਾ ਦਾ ਜ਼ੀਰੋ ਪੁਆਇੰਟ ਹੈ।
ਚੰਦਨਬਾੜੀ ਦਰਿਆ ਅਤੇ ਬਰਫ਼ ਲੱਦੇ ਪਹਾੜਾਂ ਵਾਲਾ ਸਥਾਨ ਹੈ। ਸੁੱਕੇ ਮੇਵੇ ਅਤੇ ਲਕੜੀ ਦੇ ਬੈਟ ਵੀ ਇੱਥੋਂ ਖਰੀਦੇ ਜਾ ਸਕਦੇ ਹਨ।
ਇਸ ਤਰ੍ਹਾਂ ਕਸ਼ਮੀਰ ਦੇ ਸਫ਼ਰ ਦੌਰਾਨ ਪਤਾ ਲੱਗਿਆ ਕਿ ਇਹ ਧਰਤੀ ਹਰ ਪੱਖੋਂ ਕੁਦਰਤੀ ਸਾਧਨਾਂ ਨਾਲ ਭਰਪੂਰ ਹੈ। ਸੈਲਾਨੀਆਂ ਦੀ ਸੁਰੱਖਿਆ ਲਈ ਭਾਰਤੀ ਫ਼ੌਜ ਅਤੇ ਸਥਾਨਕ ਲੋਕ ਬਹੁਤ ਖ਼ਿਆਲ ਰੱਖਦੇ ਹਨ। ਅੰਤ ਅਸੀਂ ਵਾਪਸ ਆ ਗਏ ਅਤੇ ਇਸ ਸਫ਼ਰ ਦੌਰਾਨ ਮਾਣਿਆ ਆਨੰਦ ਹੁਣ ਸਦਾ ਚੇਤਿਆਂ ’ਚ ਵਸਿਆ ਰਹੇਗਾ।
ਸੰਪਰਕ: 78883-46465

Advertisement