ਕਾਸਗੰਜ ਤਿਰੰਗਾ ਯਾਤਰਾ ਕਤਲ ਕੇਸ: ਐੱਨਆਈਏ ਵੱਲੋਂ 28 ਵਿਅਕਤੀਆਂ ਨੂੰ ਉਮਰ ਕੈਦ ਦੀ ਸਜ਼ਾ
ਲਖਨਊ, 3 ਜਨਵਰੀ
ਵਿਸ਼ੇਸ਼ ਐੱਨਆਈਏ ਕੋਰਟ ਨੇ 2018 ਵਿਚ ਕਾਸਗੰਜ ’ਚ ਕੱਢੀ ਤਿਰੰਗਾ ਯਾਤਰਾ ਦੌਰਾਨ ਫਿਰਕੂ ਝੜਪ ਵਿਚ ਚੰਦਨ ਗੁਪਤਾ ਨਾਂ ਦੇ ਸ਼ਖ਼ਸ ਦੀ ਗੋਲੀ ਮਾਰ ਕੇ ਕੀਤੀ ਹੱਤਿਆ ਕੇਸ ਵਿਚ 28 ਵਿਅਕਤੀਆਂ ਨੂੰ ਦੋਸ਼ੀ ਕਰਾਰ ਦਿੱਤਾ ਹੈ। ਵਿਸ਼ੇਸ਼ ਜੱਜ ਵਿਵੇਕਾਨੰਦ ਸ਼ਰਨ ਤ੍ਰਿਪਾਠੀ ਨੇ ਮੁਲਜ਼ਮਾਂ ਨੂੰ ਉਮਰ ਕੈਦ ਦੀ ਸਜ਼ਾ ਦੇ ਨਾਲ 80-80 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਮੁਲਜ਼ਮਾਂ ਨੂੰ ਕਤਲ, ਇਰਾਦਾ ਕਤਲ, ਦੰਗੇ ਤੇ ਕੌਮੀ ਝੰਡੇ ਦਾ ਨਿਰਾਦਰ ਕਰਨ ਦੇ ਦੋਸ਼ਾਂ ਤਹਿਤ ਦੋਸ਼ੀ ਠਹਿਰਾਇਆ ਗਿਆ ਹੈ। ਚੰਦਨ ਗੁਪਤਾ ਦੀ ਮੌਤ ਮਗਰੋਂ ਕਾਸਗੰਜ ਵਿਚ ਤਿੰਨ ਦਿਨ ਤੱਕ ਦੰਗੇ ਹੁੰਦੇ ਰਹੇ ਸਨ। ਕੌਮੀ ਜਾਂਚ ਏਜੰਸੀ ਨੇ ਸਬੂਤਾਂ ਦੀ ਘਾਟ ਕਰਕੇ ਨਸੀਰੂਦੀਨ ਤੇ ਅਸੀਮ ਕੁਰੈਸ਼ੀ ਨੂੰ ਰਿਹਾਅ ਕਰ ਦਿੱਤਾ ਹੈ। ਕਾਸਗੰਜ ਸੈਸ਼ਨਜ਼ ਕੋਰਟ ਨੇ ਸਤੰਬਰ 2019 ਵਿਚ 23 ਵਿਅਕਤੀਆਂ ਖਿਲਾਫ਼ ਦੋਸ਼ ਆਇਦ ਕੀਤੇ ਸਨ, ਮਗਰੋਂ ਨਵੰਬਰ 2019 ਨੂੰ ਸੱਤ ਹੋਰਨਾਂ ਖਿਲਾਫ਼ ਵੀ ਦੋਸ਼ ਆਇਦ ਕੀਤੇ ਗਏ। ਕਾਸਗੰਜ ਵਿਚ ਕੁਝ ਦੇਰ ਮੁਕੱਦਮਾ ਚੱਲਣ ਮਗਰੋਂ ਇਸ ਨੂੰ ਲਖਨਊ ਕੋਰਟ ਵਿਚ ਤਬਦੀਲ ਕਰ ਦਿੱਤਾ ਗਿਆ ਸੀ। ਵੀਰਵਾਰ ਦੇ ਫੈਸਲੇ ਮਗਰੋਂ ਚੰਦਨ ਦੇ ਮਾਤਾ ਪਿਤਾ ਨੇ ਕਿਹਾ ਕਿ ਉਨ੍ਹਾਂ ਨੂੰ ਨਿਆਂਇਕ ਅਮਲ ਵਿਚ ਭਰੋਸਾ ਹੈ। -ਪੀਟੀਆਈ