ਯਮੁਨਾਨਗਰ ਵਿੱਚ ਕਰਵਾ ਚੌਥ ਉਤਸ਼ਾਹ ਨਾਲ ਮਨਾਇਆ
ਪੱਤਰ ਪ੍ਰੇਰਕ
ਯਮੁਨਾਨਗਰ, 20 ਅਕਤੂਬਰ
ਇੱਥੋਂ ਦੀ ਗਰੀਨ ਪਾਰਕ ਕਲੋਨੀ ਵਿੱਚ ਕਰਵਾ ਚੌਥ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ। ਇਸ ਦੌਰਾਨ ਔਰਤਾਂ ਨੇ ਵਰਤ ਰੱਖਿਆ ਅਤੇ ਪੂਜਾ ਕੀਤੀ। ਅੱਜ ਸਵੇਰੇ ਔਰਤਾਂ ਨੇ ਸਵੇਰੇ ਉੱਠ ਕੇ ਸਰਗੀ ਖਾਧੀ ਅਤੇ ਇਸ ਤੋਂ ਬਾਅਦ ਸਾਰਾ ਦਿਨ ਵਰਤ ਰੱਖਿਆ, ਦੁਪਹਿਰ ਬਾਅਦ ਪੂਜਾ ਕੀਤੀ ਗਈ। ਸੁਸ਼ਮਾ ਸ਼ਰਮਾ ਨੇ ਵਰਤ ਦੀ ਮਹੱਤਤਾ ਬਾਰੇ ਚਾਨਣਾ ਪਾਇਆ।
ਉਨ੍ਹਾਂ ਕਿਹਾ ਕਿ ‘ਕਰਵਾ ਚੌਥ’ ਸ਼ਬਦ ਦੋ ਸ਼ਬਦਾਂ ‘ਕਰਵਾ’ ਅਰਥਾਤ ‘ਮਿੱਟੀ ਦਾ ਘੜਾ’ ਅਤੇ ‘ਚੌਥ’ ਭਾਵ ‘ਚਤੁਰਥੀ’ ਤੋਂ ਬਣਿਆ ਹੈ। ਇਸ ਤਿਉਹਾਰ ’ਤੇ ਮਿੱਟੀ ਦੇ ਭਾਂਡਿਆਂ ਦਾ ਖਾਸ ਮਹੱਤਵ ਮੰਨਿਆ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਕਰਵਾ ਚੌਥ ਦਾ ਤਿਉਹਾਰ ਪਤੀ-ਪਤਨੀ ਦੇ ਮਜ਼ਬੂਤ ਰਿਸ਼ਤੇ, ਪਿਆਰ ਅਤੇ ਭਰੋਸੇ ਦੇ ਪ੍ਰਤੀਕ ਅਤੇ ਪਤੀ ਦੀ ਉਮਰ ਵਧਾਉਣ ਲਈ ਮਨਾਇਆ ਜਾਂਦਾ ਹੈ। ਗ੍ਰੀਨ ਪਾਰਕ ਵਾਸੀ ਅੰਜੂ ਮਹਿਤਾ, ਮਧੂ, ਅਲਕਾ ਅਤੇ ਮੀਨੂੰ ਮਹਿਤਾ ਦਾ ਕਹਿਣਾ ਹੈ ਕਿ ਮਹਿੰਦੀ ਨੂੰ ਚੰਗੀ ਕਿਸਮਤ ਦਾ ਚਿੰਨ੍ਹ ਮੰਨਿਆ ਜਾਂਦਾ ਹੈ। ਭਾਰਤ ’ਚ ਇਹ ਮਾਨਤਾ ਹੈ ਕਿ ਜਿਸ ਦੇ ਹੱਥਾਂ ’ਤੇ ਮਹਿੰਦੀ ਜ਼ਿਆਦਾ ਗੂੜ੍ਹੀ ਹੁੰਦੀ ਹੈ ਉਸ ਨੂੰ ਆਪਣੇ ਪਤੀ ਅਤੇ ਸਹੁਰੇ ਤੋਂ ਜ਼ਿਆਦਾ ਪਿਆਰ ਮਿਲਦਾ ਹੈ। ਲੋਕ ਮਾਨਤਾ ਹੈ ਕਿ ਡੂੰਘਾਈ ਨਾਲ ਖਿੱਚੀ ਗਈ ਮਹਿੰਦੀ ਪਤੀ ਦੀ ਲੰਬੀ ਉਮਰ ਅਤੇ ਚੰਗੀ ਸਿਹਤ ਨੂੰ ਦਰਸਾਉਂਦੀ ਹੈ। ਉਨ੍ਹਾਂ ਕਿਹਾ ਕਿ ਤਿਉਹਾਰਾਂ ਦੇ ਸੀਜ਼ਨ, ਖਾਸ ਕਰਕੇ ਕਰਵਾ ਚੌਥ ਦੇ ਦੌਰਾਨ ਮਹਿੰਦੀ ਦਾ ਕਾਰੋਬਾਰ ਸਭ ਤੋਂ ਜ਼ਿਆਦਾ ਵਧਦਾ ਫੁੱਲਦਾ ਹੈ।