ਕਰਵਾ ਚੌਥ: ਸੰਗਰੂਰ ਜੇਲ੍ਹ ’ਚ 21 ਔਰਤਾਂ ਨੇ ਰੱਖਿਆ ਵਰਤ
ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 1 ਨਵੰਬਰ
ਔਰਤਾਂ ਵੱਲੋਂ ਕਰਵਾ ਚੌਥ ਦਾ ਤਿਉਹਾਰ ਖੁਸ਼ੀਆਂ ਨਾਲ ਮਨਾਇਆ ਗਿਆ। ਸੁਹਾਗਣਾਂ ਨੇ ਕਰਵਾ ਚੌਥ ਦਾ ਵਰਤ ਰੱਖਿਆ ਤੇ ਆਪਣੇ ਪਤੀਆਂ ਦੀ ਲੰਮੀ ਉਮਰ ਦੀ ਕਾਮਨਾ ਕੀਤੀ। ਸਥਾਨਕ ਜ਼ਿਲ੍ਹਾ ਜੇਲ੍ਹ ਵਿੱਚ ਵੀ ਕਰਵਾ ਚੌਥ ਨੂੰ ਮੁੱਖ ਰੱਖਦਿਆਂ ਔਰਤਾਂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ। ਸਰਕਾਰ ਦੇ ਆਦੇਸ਼ ’ਤੇ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਅੱਜ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਮੁਲਾਕਾਤ ਦਾ ਸਮਾਂ ਤੈਅ ਕੀਤਾ ਗਿਆ ਸੀ। ਜ਼ਿਲ੍ਹਾ ਜੇਲ੍ਹ ’ਚ ਬੰਦ ਔਰਤਾਂ ਵਲੋਂ ਆਪਣੇ ਪਤੀਆਂ ਦੀ ਲੰਮੀ ਉਮਰ ਲਈ ਵਰਤ ਰੱਖਿਆ ਗਿਆ ਉਥੇ ਪਤੀਆਂ ਨੇ ਵੀ ਜੇਲ੍ਹ ਪੁੱਜ ਕੇ ਆਪਣੀਆਂ ਪਤਨੀਆਂ ਨਾਲ ਮੁਲਾਕਾਤ ਕੀਤੀ ਗਈ। ਜ਼ਿਲ੍ਹਾ ਜੇਲ੍ਹ ਵਿਚ ਬੰਦ ਆਪਣੇ ਪਤੀਆਂ ਦੀ ਲੰਮੀ ਉਮਰ ਲਈ ਔਰਤਾਂ ਨੇ ਕਰਵਾ ਚੌਥ ਦਾ ਵਰਤ ਰੱਖਣ ਮਗਰੋਂ ਜੇਲ੍ਹ ਪੁੱਜ ਕੇ ਪਤੀਆਂ ਨਾਲ ਮੁਲਾਕਾਤ ਕੀਤੀ।
ਜੇਲ੍ਹ ਦੇ ਡਿਪਟੀ ਸੁਪਰਡੈਂਟ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਕਰਵਾ ਚੌਥ ਮੌਕੇ ਮੁਲਾਕਾਤਾਂ ਲਈ ਤੈਅ ਸਮੇਂ ਦੌਰਾਨ ਅੱਜ 102 ਮੁਲਾਕਾਤਾਂ ਹੋਈਆਂ ਹਨ। ਅੱਜ 26 ਔਰਤਾਂ ਨੇ ਜ਼ਿਲ੍ਹਾ ਜੇਲ੍ਹ ਵਿਚ ਬੰਦ ਆਪਣੇ ਪਤੀਆਂ ਨਾਲ ਮੁਲਾਕਾਤ ਕੀਤੀ ਗਈ। ਜੇਲ੍ਹ ਵਿਚ ਬੰਦ 21 ਔਰਤਾਂ ਨੇ ਅੱਜ ਕਰਵਾ ਚੌਥ ਦਾ ਵਰਤ ਰੱਖਿਆ ਸੀ ਜਿਨ੍ਹਾਂ ਨੂੰ ਰੀਤੀ ਰਿਵਾਜ਼ ਅਨੁਸਾਰ ਲੋੜੀਂਦੀ ਸਹੂਲਤ ਪ੍ਰਦਾਨ ਕੀਤੀ ਗਈ। ਇਨ੍ਹਾਂ 21 ਔਰਤਾਂ ਵਿਚੋਂ 16 ਔਰਤਾਂ ਦੇ ਪਤੀ ਮੁਲਾਕਾਤ ਲਈ ਜੇਲ੍ਹ ਪੁੱਜੇ ਸਨ।
ਸੁਨਾਮ ਊਧਮ ਸਿੰਘ ਵਾਲਾ (ਪੱਤਰ ਪ੍ਰੇਰਕ): ਸਥਾਨਕ ਸੁਭਾਸ਼ ਨਗਰ ਵਿੱਚ ਔਰਤਾਂ ਵੱਲੋਂ ਕਰਵਾ ਚੌਥ ਦਾ ਤਿਉਹਾਰ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਉਨ੍ਹਾਂ ਵੱਲੋਂ ਵੱਖ-ਵੱਖ ਮੁਕਾਬਲੇ ਕਰਵਾਏ ਗਏ ਅਤੇ ਮਹਿੰਦੀ ਦਾ ਪ੍ਰੋਗਰਾਮ ਕਰਵਾਇਆ ਗਿਆ।
ਕਰਵਾ ਚੌਥ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ
ਭਵਾਨੀਗੜ੍ਹ (ਪੱਤਰ ਪ੍ਰੇਰਕ): ਇੱਥੇ ਸ਼ਹਿਰ ਵਿੱਚ ਕਰਵਾਚੌਥ ਦੇ ਤਿਉਹਾਰ ਮਹਿਲਾਵਾਂ ਵੱਲੋਂ ਉਤਸ਼ਾਹ ਨਾਲ ਮਨਾਇਆ ਗਿਆ। ਸ਼ਹਿਰ ਦੀ ਜੈਨ ਕਲੋਨੀ ਅਤੇ ਕਾਕੜਾ ਰੋਡ ਦੀਆਂ ਸੁਹਾਗਣਾਂ ਨੇ ਮੁਹੱਲੇ ਦੇ ਇੱਕ ਘਰ ਵਿੱਚ ਇਕੱਠੇ ਹੋ ਕੇ ਬੋਲੀਆਂ ਪਾਈਆਂ ਅਤੇ ਨੱਚ ਟੱਪ ਕੇ ਆਪਣੀ ਖੁਸ਼ੀ ਸਾਂਝੀ ਕੀਤੀ। ਇਸ ਤੋਂ ਇਲਾਵਾ ਤੰਬੋਲਾ, ਕੁਰਸੀ ਤੇ ਬੈਠਣਾ ਸਮੇਤ ਹੋਰ ਗੇਮਾਂ ਖੇਡ ਕੇ ਕਰਵਾਚੌਥ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ। ਉਨ੍ਹਾਂ ਆਪਣੇ ਪਤੀਆਂ ਦੀ ਲੰਬੀ ਉਮਰ ਦੀ ਕਾਮਨਾ ਕੀਤੀ।